prof-kirpal-singh-badungar-ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸਿੱਖ ਧਰਮ ਦੀ ਨੀਂਹ ਕੁਰਬਾਨੀ ਦੇ ਉੱਪਰ ਰੱੱਖੀ ਗਈ ਹੈ। ਜਿਸ ਵਿਚ ਦੋ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਸ਼ਾਮਿਲ ਹਨ। ਸ਼ਹੀਦੀ ਪਰੰਪਰਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ ਹੈ, ਕਿਉਂਕਿ ਦੁਨੀਆਂ ਦੇ ਇਤਿਹਾਸ ਵਿਚ ਕਿਧਰੇ ਵੀ ਵੇਖਣ ਵਿਚ ਨਹੀਂ ਆਇਆ ਕਿ ਕਿਸੇ ਸ਼ਖਸੀਅਤ ਨੇ ਦੂਸਰੇ ਧਰਮ ਦੀ ਰਾਖੀ ਲਈ ਜ਼ੁਲਮ ਵਿਰੁਧ ਟੱਕਰ ਲਈ ਹੋਵੇ। ਸਿੱਖ ਧਰਮ ਅਜਿਹਾ ਧਰਮ ਹੈ ਜਿਸ ਵਿਚ ਦੂਸਰਿਆਂ ਦੇ ਦੁੱਖਾਂ ਦੀ ਨਵਿਰਤੀ ਹਿੱਤ ਗੁਰੂ ਸਾਹਿਬਾਨ ਤੇ ਗੁਰੂ ਦੇ ਸਿੱਖਾਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ। ਦੂਸਰੇ ਦੇ ਧਰਮ ਦੀ ਰਾਖੀ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇ ਕੇ ਤਾਂ ਸਿਖਰ ਹੀ ਤੋੜ ਦਿੱਤਾ। ਗੁਰੂ ਤੇਗ ਬਹਾਦਰ ਜੀ ਦਾ ਜਨਮ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਘਰ ੧੬੨੧ ਈ. ਨੂੰ ਅੰਮ੍ਰਿਤਸਰ ਵਿਚ ਹੋਇਆ। ਆਪ ਜੀ ਨੂੰ ਲਗਭਗ ੪੩ ਕੁ ਸਾਲ ਬਾਅਦ ਗੁਰੂ ਹਰਿਕ੍ਰਿਸ਼ਨ ਜੀ ਪਾਸੋਂ ਗੁਰਗੱਦੀ ਦੀ ਬਖਸਿਸ਼ ਹੋਈ। ਗੁਰੂ ਤੇਗ ਬਹਾਦਰ ਜੀ ਨੇ ਧਰਮ-ਆਦਰਸ਼ ਦੀ ਸੁਰੱੱਖਿਆ ਤੇ ਸਥਾਪਤੀ ਦੇ ਜਜ਼ਬੇ ਨੂੰ ਮੂਰਤੀਮਾਨ ਕਰਨ ਦਾ ਸੰਦੇਸ਼ ਦਿੱੱਤਾ। ਆਪਣਾ ਸਾਰਾ ਜੀਵਨ ਸਬਰ ਤੇ ਸਿਦਕ, ਨਿਰਭਉ ਤੇ ਨਿਰਵੈਰ, ਸੱਚ ਤੇ ਸਹਿਜ ਦੀ ਪ੍ਰਕ੍ਰਿਆ ਵਿਚ ਜੀਵਿਆ। ਗੁਰੂ ਸਾਹਿਬ ਦਾ ਪਰਿਵਾਰ ਸ੍ਰੀ ਅਨੰਦਪੁਰ ਸਾਹਿਬ ਵਿਚ ਬੜੀਆਂ ਖੁਸ਼ੀਆਂ ਨਾਲ ਰਹਿ ਰਿਹਾ ਸੀ। ਇਸ ਨੂੰ ਅਨੰਦਾਂ ਦੀ ਪੁਰੀ ਕਿਹਾ ਜਾਂਦਾ ਸੀ। ਉਸ ਸਮੇਂ ਔਰੰਗਜ਼ੇਬ ਨੇ ਦਿੱਲੀ ਵਿਚ ਧਰਮ ਪਰੀਵਰਤਨ ਦੀ ਅਤਿ ਮਚਾਈ ਹੋਈ ਸੀ। ਉਹ ਅਜਿਹਾ ਬਾਦਸ਼ਾਹ ਸੀ, ਜਿਸ ਨੇ ਰਾਜ-ਗੱਦੀ ਪ੍ਰਾਪਤ ਕਰਨ ਲਈ ਆਪਣੇ ਪਿਤਾ ਤੇ ਭਰਾਵਾਂ ਨੂੰ ਵੀ ਨਹੀਂ ਬਖਸ਼ਿਆ। ਔਰੰਗਜ਼ੇਬ ਨੇ ਸਮੁੱਚੇ ਗੈਰ-ਇਸਲਾਮੀ ਲੋਕਾਂ ਨੂੰ ਮੁਸਲਮਾਨ ਬਣਾਉਣ ਦੀ ਠਾਣ ਰੱੱਖੀ ਸੀ। ਇਸ ਖਾਤਰ ਉਹ ਕੁਝ ਵੀ ਕਰਨ ਲਈ ਤਿਆਰ ਸੀ। ਉਸ ਨੇ ਕਸ਼ਮੀਰ ਦੇ ਵਿਦਵਾਨ ਬ੍ਰਾਹਮਣਾਂ ਨੂੰ ਮੁਸਲਮਾਨ ਬਣਾਉਣ ਦਾ ਫਤਵਾ ਦਿੱਤਾ। ਕਸ਼ਮੀਰੀ ਬ੍ਰਾਹਮਣ ਔਖੀ ਸਥਿਤੀ ਵਿਚ ਫਸ ਗਏ ਸਨ, ਉਨ੍ਹਾਂ ਨੇ ਆਪਣੇ ਆਪ ਨੂੰ ਬਚਾਉਣ ਦਾ ਰਾਹ ਲੱੱਭਿਆ। ਦੁਖੀ ਪੰਡਿਤਾਂ ਵਿਚ ਪੰਡਿਤ ਕਿਰਪਾ ਰਾਮ ਗੁਰੂ ਦਰਬਾਰ ਦੀ ਸੁਹਿਰਦਤਾ ਤੇ ਲੋਕ-ਹਿਤਕਾਰੀ ਭਾਵਨਾਂ ਤੋਂ ਜਾਣੂ ਸੀ। ਇਸ ਲਈ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਪਾਸ ਆਉਣਾ ਚੰਗਾ ਸਮਝਿਆ। ਸ਼ਹੀਦ ਬਿਲਾਸ ਭਾਈ ਮਨੀ ਸਿੰਘ ਵਿਚ ਜ਼ਿਕਰ ਮਿਲਦਾ ਹੈ-
ਹਾਥ ਜੋ ਕਹਿਯੋ ਕਿਰਪਾ ਰਾਮ ਦੱਤ ਬਰਾਹਮਣ ਮਟਨ ਗ੍ਰਾਮ॥
ਹਮਰੋ ਬਲ ਅਬ ਰਹਯੋ ਨਹਿ ਕਾਈ ਹੈ ਗੁਰੁ ਤੇਗ ਬਹਾਦਰ ਰਾਈ॥
ਸੇਵਾ ਹਰੀ ਇਮ ਅਰਜ ਗੁਜਾਰੀ ਤੁਮ ਕਲਜੁਗ ਕੇ ਕਿਸਨ ਮੁਰਾਰੀ॥
ਦਰਬਾਰ ਵਿਚ ਆਪਣੀ ਫ਼ਰਿਆਦ ਲੈ ਕੇ ਹਾਜ਼ਰ ਹੋਏ ਕਸ਼ਮੀਰੀ ਪੰਡਿਤਾਂ ਦੇ ਦੁੱਖਾਂ ਨੂੰ ਗੁਰੂ ਜੀ ਨੇ ਬੜੀ ਹਮਦਰਦੀ ਨਾਲ ਸੁਣਿਆ ਤੇ ਉਪਦੇਸ਼ ਦਿੱਤਾ ਕਿ ਉਹ ਆਪਣੇ ਸਾਹਸ ਨੂੰ ਕਾਇਮ ਰੱਖਣ ਤੇ ਜਾ ਕੇ ਬਾਦਸ਼ਾਹ ਨੂੰ ਕਹਿਣ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜਾਣਗੇ, ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਉਧਰ ਔਰੰਗਜ਼ੇਬ ਕੱਟੜ ਧਾਰਮਿਕ ਨੀਤੀ ਦਾ ਅਨੁਯਾਈ ਸੀ। ਉਸ ਨੇ ਇਸ ਗੱਲ ਨੂੰ ਚੰਗਾ ਸਮਝਿਆ ਕਿ ਜੇਕਰ ਇਕ ਵਿਅਕਤੀ ਦੇ ਮੁਸਲਮਾਨ ਬਣਨ ਨਾਲ ਸਾਰੇ ਹਿੰਦੂ ਮੁਸਲਮਾਨ ਬਣਦੇ ਹਨ, ਤਾਂ ਇਸ ਤੋਂ ਵਧੀਆ ਹੋਰ ਕਿਹੜੀ ਗੱੱਲ ਹੈ। ਪਰ ਉਸ (ਔਰੰਗਜ਼ੇਬ) ਨੂੰ ਗੁਰੂ ਪਾਤਸ਼ਾਹ ਦੇ ਕਿਸੇ ਤੋਂ ਡਰਨ ਤੇ ਨਾ ਕਿਸੇ ਨੂੰ ਡਰਾਉਣ ਦੇ ਕ੍ਰਾਂਤੀਕਾਰੀ ਸੰਦੇਸ਼ ਦਾ ਪਤਾ ਨਹੀਂ ਸੀ-
 ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
(ਪੰਨਾ ੧੪੨੭)
ਔਰੰਗਜ਼ੇਬ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਦਿੱਤੇ। ਗੁਰੂ ਜੀ ਆਪ ਚਲ ਕੇ ਦਿੱਲੀ ਗਏ। ਉੱਥੇ ਆਪ ਜੀ ਨੂੰ ਕਾਲ ਕੋਠੜੀ ਵਿਚ ਕੈਦ ਕਰ ਕੇ ਰੱਖਿਆ ਗਿਆ, ਕੁਝ ਸਿੱਖ ਵੀ ਆਪ ਦੇ ਨਾਲ ਕੈਦ ਕੀਤੇ ਗਏ। ਗੁਰੂ ਜੀ ਨੂੰ ਡਰਾਉਣ ਹਿੱਤ ਪਹਿਲਾਂ ਕੈਦ ਕੀਤੇ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਫਿਰ ਆਪ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ। ਪਹਿਲੀ, ਕੋਈ ਕਰਾਮਾਤ ਦਿਖਾਓ; ਦੂਜੀ, ਇਸਲਾਮ ਧਰਮ ਕਬੂਲ ਕਰੋ; ਤੀਜੀ, ਦੋਵਾਂ ਵਿਚੋਂ ਇਕ ਵੀ ਨਾ ਮੰਨਣ ਕਰਕੇ ਮੌਤ ਲਈ ਤਿਆਰ ਹੋ ਜਾਓ। ਉਨ੍ਹਾਂ (ਜ਼ਾਲਮਾਂ) ਨੂੰ ਕੀ ਪਤਾ ਕਿ ਅਨਿਆਂ ਤੇ ਅਤਿਆਚਾਰਾਂ ਨਾਲ ਲਤਾੜੀ ਹੋਈ ਜਨਤਾ ਨੂੰ ਜ਼ਾਲਮਾਂ ਅਤੇ ਜ਼ਾਬਰਾਂ ਦੇ ਮੁਕਾਬਲੇ ਲਈ ਤਿਆਰ ਕਰਨ ਵਾਸਤੇ ਕਰਾਮਤਾਂ ਸਹਾਈ ਨਹੀਂ ਹੋ ਸਕਦੀਆਂ ਸਨ। ਗੁਰੂ ਜੀ ਨੇ ਪਹਿਲੀਆਂ ਦੋਵੇਂ ਸ਼ਰਤਾਂ ਨੂੰ ਨਕਾਰਦਿਆਂ ਮੌਤ ਨੂੰ ਕਬੂਲ ਕਰਕੇ ਅਜਿਹੀ ਕਰਾਮਾਤ ਦਿਖਾਈ ਜੋ ਅਜੇ ਤੱਕ ਕਿਸੇ ਵੀ ਧਰਮ ਦੇ ਪੈਗ਼ੰਬਰ ਨੇ ਦੁਨੀਆਂ ਦੇ ਇਤਿਹਾਸ ਵਿਚ ਨਹੀਂ ਦਿਖਾਈ ਸੀ। ਗੁਰੂ ਤੇਗ ਬਹਾਦਰ ਸਾਹਿਬ ਨੂੰ ਜਲਾਦ ਦੀ ਤਲਵਾਰ ਵੀ ਅਸਾਧਾਰਨ ਕਰਾਮਾਤ ਵਿਖਾਉਣ ਲਈ ਮਜ਼ਬੂਰ ਨਾ ਕਰ ਸਕੀ। ਕਿਉਂਕਿ ਗੁਰੂ ਸਾਹਿਬ ਤਾਂ ਮਿਧੇ ਹੋਏ ਮਨੁੱਖਾਂ ਦੇ ਦਿਲਾਂ ਵਿਚ ਨਿੱਜ ਭਾਵੀ ਦੀ ਉਸਾਰੀ ਲਈ ਸਵੈਮਾਨ ਦਾ ਜਜ਼ਬਾ ਪੈਦਾ ਕਰਨਾ ਚਾਹੁੰਦੇ ਸਨ। ਇਸ ਇਨਕਲਾਬੀ ਪ੍ਰੀਵਰਤਨ ਲਈ ਗੁਰੂ ਸਾਹਿਬ ਨੇ ਅਨੋਖਾ ਬਚਿਤ੍ਰ ਢੰਗ ਅਪਣਾਇਆ ਅਤੇ ਆਪਣੇ ਮਹਾਨ ਮਨੋਰਥ ਨੂੰ ਸਫਲਤਾ ਦੀਆਂ ਸਿਖਰਾਂ ‘ਤੇ ਪਹੁੰਚਾਉਣ ਹਿੱੱਤ ਬੇਮਿਸਾਲ ਕੁਰਬਾਨੀ ਦਿੱਤੀ। ਗੁਰੂ ਪਾਤਸ਼ਾਹ ਨੂੰ ਗਿਆਰਾਂ ਨਵੰਬਰ ੧੬੭੫ ਨੂੰ ਦਿੱੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਦੀ ਸ਼ਹਾਦਤ ਨਾਲ ਦੁਨੀਆਂ ਵਿਚ ਤਰਾਹ-ਤਰਾਹ ਹੋਣ ਲਗ ਪਈ। ਗੁਰੂ ਦਸ਼ਮੇਸ਼ ਜੀ ਬਚਿਤ੍ਰ ਨਾਟਕ ਵਿਚ ਲਿਖਦੇ ਹਨ-
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥
ਇਸ ਕੁਰਬਾਨੀ ਨਾਲ ਸਮਾਜ ਨੂੰ ਨਵਾਂ ਦਿਸ਼ਾ-ਨਿਰਦੇਸ਼ ਮਿਲਿਆ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਲੋਕਾਂ ਵਿਚ ਜ਼ਾਬਰ-ਜ਼ੁਲਮ ਨਾਲ ਟੱੱਕਰ ਲੈ ਦਾ ਸਾਹਸ ਪੈਦਾ ਹੋਇਆ।
ਗੁਰੂ ਤੇਗ ਬਹਾਦਰ ਜੀ ਦੀ ਸਿਖਿਆ ਦਾ ਬੁਨਿਆਦੀ ਉਦੇਸ਼ ਸੀ, ਮਨੁੱਖ ਦੀ ਪ੍ਰਤਿਭਾ ਨੂੰ ਮਹਾਨ ਬਣਾਉਣਾ। ਉਸ ਦੇ ਹਿਰਦੇ ਤੇ ਸੁਭਾ, ਵਿਹਾਰ ਤੇ ਕਰਤੱਵ ਨੂੰ ਅਜਿਹੇ ਦਿੱੱਬ ਗਿਆਨ ਨਾਲ ਘੜ੍ਹਨਾ, ਕਿ ਉਹ ਹਰਿ ਕੀ ਗਤਿ ਨੂੰ ਜਾਣ ਕੇ ਬ੍ਰਹਮ ਗਿਆਨੀ ਦੀ ਆਤਮ–ਸੱਤਾ ਦਾ ਰੰਗ-ਰਸ ਮਾਣ ਸਕੇ। ਹਰ ਮਨੁੱਖ ਜੀਵਨ ਦੇ ਸਾਰੇ ਖੇਤਰਾਂ ਵਿਚ ਨਿਡਰ ਤੇ ਨਿਰਭੈ ਹੋ ਕੇ ਜੀਵੇ ਤੇ ਦੂਜਿਆਂ ਨੂੰ ਵੀ ਜ਼ੁਲਮ ਤੇ ਸਿਤਮ ਦੇ ਡਰ ਤੋਂ ਮੁਕਤ ਹੋ ਕੇ ਜੀਵਨ ਜੀਉਣ ਦਾ ਅਧਿਕਾਰ ਦੇਵੇ।
ਇਸ ਸਥਿਤੀ ਵਿਚ ਪਰਉਪਕਾਰੀ ਤੇ ਕਲਿਆਣਕਾਰੀ ਸ਼ਹਾਦਤ ਕਰਕੇ ਨੋਵੇਂ ਪਾਤਸ਼ਾਹ ਜੀ ਦੇ ਸਮਕਾਲੀਆਂ ਤੇ ਇਤਿਹਾਸਕਾਰਾਂ ਨੇ ਉਨ੍ਹਾਂ ਦੀ ਸ਼ਖਸੀਅਤ ਤੇ ਅਦੁੱਤੀ ਦੇਣ ਬਾਰੇ ਬੜੇ ਮਾਣ ਤੇ ਸਤਿਕਾਰ ਨਾਲ ‘ਹਿੰਦ ਦੀ ਚਾਦਰ’, ‘ਧਰਮ ਦੀ ਚਾਦਰ’ ਤੇ ‘ਸ੍ਰਿਸ਼ਟੀ ਦੀ ਚਾਦਰ’ ਆਦਿ ਬੜੇ ਮਹੱਤਵਪੂਰਨ ਵਿਸ਼ੇਸ਼ਣਾਂ ਨਾਲ ਚਿਤਰਿਆ ਹੈ। ਗੁਰੂ ਤੇਗ ਬਹਾਦਰ ਜੀ ਨੇ ਆਦਰਸ਼ ਮਾਨਵ-ਧਰਮ ਦੀ ਸੁਰੱਖਿਆ ਲਈ, ਸਮੂਹ ਮਨੁੱਖ ਜਾਤੀ ਦੇ ਵਿਚਾਰ-ਵਿਸ਼ਵਾਸ਼ ਦੀ ਸੁਤੰਤਰਤਾ ਤੇ ਉਸ ਦੀ ਜ਼ਮੀਰ ਦੀ ਅਜ਼ਾਦੀ ਵਾਲੇ ਬੁਨਿਆਦੀ ਹੱਕਾਂ ਤੇ ਅਧਿਕਾਰਾਂ ਲਈ ਸ਼ਹਾਦਤ ਦਿੱਤੀ। ਗੁਰੂ ਜੀ ਨੇ ਸਾਰੀ ਸ੍ਰਿਸ਼ਟੀ ‘ਤੇ ਚਾਦਰ ਦਾ ਕੰਮ ਕੀਤਾ। ਕਵੀ ਸੈਨਾਪਤਿ ਸ੍ਰੀ ਗੁਰੁ ਸੋਭਾ ਵਿਚ ਲਿਖਦੇ ਹਨ-
ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟਿ ਪੈ ਢਾਪੀ ਚਾਦਰ॥
ਧਰਮ ਕਰਮ ਕੀ ਜਿਨਿ ਪਤਿ ਰਾਖੀ ਅਟੱਲ ਕਰੀ ਕਲਜੁਗ ਮੇਂ ਰਾਖੀ॥
ਦੁਨੀਆਂ ਦੇ ਇਤਿਹਾਸ ਵਿਚ ਗੁਰੂ ਜੀ ਦੀ ਸ਼ਹਾਦਤ ਬਹੁਤ ਵੱਡਾ ਸਾਕਾ ਹੋ ਨਿਬੜੀ। ਇਸ ਘਟਨਾ ਨੇ ਜਗਤ ਵਿਚ ਹੋਰ ਨਵੀਂਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ। ਧਰਮ ਦੀ ਰਾਖੀ ਕਰਨ ਬਦਲੇ ਗੁਰੂ ਤੇਗ ਬਹਾਦਰ ਜੀ ਪ੍ਰਥਾਏ ਸ੍ਰੀ ਗੁਰੁ ਪੰਥ ਪ੍ਰਕਾਸ਼ ਵਿਚ ਜ਼ਿਕਰ ਮਿਲਦਾ ਹੈ ਕਿ-
 ਤੇਗ ਬਹਾਦਰ ਫਿਰ ਗੁਰ ਭਯੋ ਪਰਸਵਾਰਥ ਹਿਤਿ ਜਿਨਿ ਸਿਰ ਦਯੋ॥
 ਕਲਯੁਗ ਮੈ ਬਡ ਸਾਕਾ ਕੀਯਾ ਧਰਮ ਕਰਮ ਰਖ ਹਿੰਦੂ ਲੀਯਾ॥
ਗੁਰੂ ਗੋਬਿੰਦ ਸਿੰਘ ਜੀ ਨੇ ਬਚਿਤ੍ਰ ਨਾਟਕ ਵਿਚ ਵਰਣਨ ਕੀਤਾ ਹੈ, ਕਿ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਸ਼ਹਿਨਸ਼ਾਹ ਔਰੰਗਜ਼ੇਬ ਦੇ ਸਿਰ ਉੱਤੇ ਆਪਣੇ ਸਰੀਰ ਦਾ ਠੀਕਰਾ ਭੰਨ ਕੇ ਉਸ ਦੀਆਂ ਸਭ ਉਮੀਦਾਂ ਤੇ ਸਕੀਮਾਂ ਉੱਤੇ ਪਾਣੀ ਫੇਰ ਦਿੱਤਾ-
 ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥
 ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨਿ॥
ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਿਮਾਣੀ ਤੇ ਨਿਤਾਣੀ ਭਾਰਤੀ ਆਤਮਾ ਨੂੰ ਹਲੂਣਦਿਆਂ ਉਸ ਦੇ ਹੱਕ ਤੇ ਫ਼ਰਜ ਚੇਤੇ ਕਰਾਏ। ਗੁਰੂ ਜੀ ਦੀ ਸ਼ਹਾਦਤ ਕੇਵਲ ਭਾਰਤ ਲਈ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਲਈ ਹੀ ਚਾਨਣ ਮੁਨਾਰਾ ਹੈ। ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਗੁਰੂ ਜੀ ਸ਼ਹਾਦਤ ਦੇ ਸੰਦੇਸ਼ ਨੂੰ ਸਮਝਦਿਆਂ ਧਰਮ ਦੀ ਰੋਸ਼ਨੀ ਵਿਚ ਹੱਕ-ਸੱਚ ‘ਤੇ ਪਹਿਰਾ ਦਿੱਤਾ ਜਾਵੇ ਤਾਂ ਜੋ ਅਧਰਮ ਅਤੇ ਅਨਿਆਂ ਦਾ ਖਾਤਮਾ ਹੋ ਸਕੇ। ਇਹ ਵੀ ਸੱਚ ਹੈ ਕਿ ਅੱਜ ਅੰਤਰਰਾਸ਼ਟਰੀ ਪੱਧਰ ‘ਤੇ ਧਰਮਾਂ ਦੀ ਆਪਸੀ ਖਿਚੋਤਾਣ, ਵੈਰ ਵਿਰੋਧ, ਮਨੁੱਖਤਾ ਨੂੰ ਮਲੀਆਮੇਟ ਕਰਨ ਦਾ ਵਾਤਾਵਰਣ ਬਣਿਆ ਹੋਇਆ ਹੈ, ਅਜਿਹੇ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੰਦੇਸ਼ ਸੰਸਾਰ ਤੇ ਸ਼ਾਂਤੀ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਸੋ ਆਓ, ਪਾਤਸ਼ਾਹ ਜੀ ਦੀ ਯਾਦ ਵਿਚ ਜੁੜ ਕੇ ਆਪਾ ਪੜਚੋਲ ਕਰਦਿਆਂ ਗੁਰੂ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਅਹਿਦ ਕਰੀਏ।