ਅੰਮ੍ਰਿਤਸਰ, 21 ਮਈ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਸਥਾਨਕ ਘਿਓ ਮੰਡੀ ਵਿਖੇ ਚੱਲ ਰਹੇ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ’ਚ ਦੋ ਰੋਜ਼ਾ ‘ਆਰਟ ਆਫ਼ ਲਰਨਿੰਗ ਇੰਗਲਿਸ਼ ਵਰਕਸ਼ਾਪ’ ਲਗਾਈ ਗਈ, ਜਿਸ ਵਿਚ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਵਿਦਿਅਕ ਅਦਾਰਿਆਂ ਦੇ ਅੰਗਰੇਜ਼ੀ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੈਬਰਿਜ਼ ਯੂਨੀਵਰਸਿਟੀ ਪ੍ਰੈੱਸ ਦੇ ਸਹਿਯੋਗ ਨਾਲ ਲਗਾਈ ਗਈ ਇਸ ਵਰਕਸ਼ਾਪ ਦੌਰਾਨ ਸ੍ਰੀ ਗੁਰੂ ਨਾਨਕ ਗਰਲਜ਼ ਸਕੂਲ ਦੀ ਪਿ੍ਰੰਸੀਪਲ ਮਨਿੰਦਰਪਾਲ ਕੌਰ ਨੇ ਪ੍ਰਮੁੱਸ਼ ਸ਼ਖ਼ਸੀਅਤਾਂ ਅਤੇ ਹਾਜ਼ਰ ਅਧਿਆਪਕਾਂ ਨੂੰ ਜੀ-ਆਇਆਂ ਆਖਿਆ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਸਹਾਇਕ ਡਾਇਰੈਕਟਰ ਵਿੱਦਿਆ ਪ੍ਰਿੰਸੀਪਲ ਸਤਵੰਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ’ਚ ਅਜਿਹੀਆਂ ਗੋਸ਼ਟੀਆਂ ਸਮੇਂ ਦੀ ਲੋੜ ਹਨ ਕਿਉਂਕਿ ਇਨ੍ਹਾਂ ਨਾਲ ਅਧਿਆਪਕਾਂ ਨੂੰ ਵਰਤਮਾਨ ਸਮੇਂ ਦੇ ਹਾਣੀ ਬਣਨ ਵਿਚ ਵੱਡੀ ਸਹਾਇਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦਾ ਮੰਤਵ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਬਹੁਪੱਖੀ ਬਣਾਉਣਾ ਹੈ ਅਤੇ ਇਸ ਦੇ ਮੱਦੇਨਜ਼ਰ ਹੀ ਅਜਿਹੀਆਂ ਵਰਕਸ਼ਾਪਾਂ ਸਮੇਂ ਸਮੇਂ ਲਗਾਈਆਂ ਜਾਂਦੀਆਂ ਹਨ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਅੰਗਰੇਜ਼ੀ ਅਧਿਆਪਕਾਂ ਤੋਂ ਇਲਾਵਾ ਪ੍ਰਿੰਸੀਪਲ ਅਨਮੋਲਦੀਪ ਕੌਰ, ਪ੍ਰਿੰਸੀਪਲ ਚਰਨਜੀਤ ਕੌਰ ਅਤੇ ਪ੍ਰਿੰਸੀਪਲ ਅਮਰਜੀਤ ਕੌਰ ਵੀ ਮੌਜੂਦ ਸਨ।