ਅੰਮ੍ਰਿਤਸਰ ੨੭ ਜੁਲਾਈ (      ) ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਨਵੰਬਰ ੨੦੧੬ ਨੂੰ ਮਨਾਉਣ ਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਥੇ ‘ਚ ਜਾਣ ਦੇ ਚਾਹਵਾਨ ਸ਼ਰਧਾਲੂ ਹੁਣ ਆਪਣੇ ਪਾਸਪੋਰਟ ੫ ਅਗਸਤ ੨੦੧੬ ਤੀਕ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾ ਸਕਦੇ ਹਨ।  
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਜਿਹੜੇ ਯਾਤਰੂ ਮਹੀਨਾ ਨਵੰਬਰ ੨੦੧੬ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣਾ ਚਾਹੁੰਦੇ ਹਨ ਤੇ ਜਿਨ੍ਹਾਂ ਨੇ ਆਪਣੇ ਪਾਸਪੋਰਟ ਅਜੇ ਤੱਕ ਜਮ੍ਹਾਂ ਨਹੀਂ ਕਰਵਾਏ ਉਹ ਆਪਣੇ ਹਲਕਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਸਿਫਾਰਸ਼ ਸਹਿਤ ਆਪਣੇ-ਆਪਣੇ ਪਾਸਪੋਰਟ, ਸ਼ਨਾਖ਼ਤ ਲਈ ਵੋਟਰ ਕਾਰਡ/ਰਾਸ਼ਨ ਕਾਰਡ ਜਾਂ ਅਧਾਰ ਕਾਰਡ ਸਮੇਤ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਤਰਾ ਵਿਭਾਗ ਵਿਖੇ ੫ ਅਗਸਤ ੨੦੧੬ ਤੀਕ ਜਮ੍ਹਾਂ ਕਰਵਾਉਣ ਤਾਂ ਜੋ ਵੀਜ਼ਾ ਲੱਗਣ ਲਈ ਉਨ੍ਹਾਂ ਦੇ ਪਾਸਪੋਰਟ ਸੂਚੀ ‘ਚ ਸ਼ਾਮਲ ਕਰਕੇ ਅਗਲੇਰੀ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਭੇਜੇ ਜਾ ਸਕਣ।
ਸ. ਬੇਦੀ ਨੇ ਕਿਹਾ ਕਿ ਸ਼ਰਧਾਲੂ ਹੋਰ ਕਿਸੇ ਵੀ ਕਿਸਮ ਦੀ ਜਾਣਕਾਰੀ ਹਾਸਲ ਕਰਨ ਲਈ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਟੈਲੀਫੋਨ ਨੰ: ੦੧੮੩-੨੫੫੩੯੫੭,੫੮, ੫੯ ਤੇ ਐਕਸਟੈਂਸ਼ਨ ੨੪੯ ‘ਤੇ ਸੰਪਰਕ ਕਰ ਸਕਦੇ ਹਨ।