ਅੰਮ੍ਰਿਤਸਰ, ੧੮ ਨਵੰਬਰ- ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ੨੧ ਨਵੰਬਰ ਨੂੰ ਭੇਜਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇ ਨਾਲ ਜਾਣ ਵਾਲੇ ੧੬੯੪ ਸ਼ਰਧਾਲੂਆਂ ਨੇ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਪਾਸ ਜਮ੍ਹਾਂ ਕਰਵਾਏ ਸਨ, ਜਿਨ੍ਹਾਂ ਵਿਚੋਂ ੧੬੩੦ ਸ਼ਰਧਾਲੂਆਂ ਦੇ ਪਾਸਪੋਰਟ ਵੀਜੇ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਫਤਰ ਤੋ ਸ਼ਰਧਾਲੂਆਂ ਦਾ ਇਹ ਜਥਾ ੨੧ ਨਵੰਬਰ ਨੂੰ ਰਵਾਨਾ ਕੀਤਾ ਜਾਵੇਗਾ ਜੋ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣ ਅਤੇ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਕਰਨ ਮਗਰੋਂ ੩੦ ਨਵੰਬਰ ਨੂੰ ਦੇਸ਼ ਵਾਪਸ ਪਰਤ ਆਵੇਗਾ। ਉਨ੍ਹਾਂ ਜਥੇ ਦੇ ਪ੍ਰੋਗਰਾਮ ਬਾਰੇ ਦੱਸਿਆ ਕਿ ੨੧ ਨਵੰਬਰ ਨੂੰ ਜਥਾ ਸ੍ਰੀ ਨਨਕਾਣਾ ਸਾਹਿਬ ਵਿਖੇ ਪੁੱਜੇਗਾ ਜਿਥੋਂ ੨੨ ਨਵੰਬਰ ਨੂੰ ਗੁਰਦੁਆਰਾ ਸੱਚਾ ਸੌਦਾ ਸਾਹਿਬ ਮੰਡੀ ਚੂਹੜਕਾਣਾ ਦੇ ਦਰਸ਼ਨ ਕਰਨ ਉਪਰੰਤ ਸ਼ਾਮ ਨੂੰ ਮੁੜ ਸ੍ਰੀ ਨਨਕਾਣਾ ਸਾਹਿਬ ਵਿਖੇ ਪਰਤ ਆਵੇਗਾ। ੨੩ ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ ਜਦਕਿ ੨੪ ਨਵੰਬਰ ਨੂੰ ਸ਼ਰਧਾਲੂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਜਾਣਗੇ। ਇਸੇ ਤਰ੍ਹਾਂ ਸ਼ਰਧਾਲੂ ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵੀ ਦਰਸ਼ਨ ਕਰਨਗੇ। ਸ. ਬੇਦੀ ਅਨੁਸਾਰ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਸ. ਅਮਰਜੀਤ ਸਿੰਘ ਭਲਾਈਪੁਰ ਤੇ ਬੀਬੀ ਸਵਰਨ ਕੌਰ ਕਰ ਰਹੇ ਹਨ ਅਤੇ ਜਨਰਲ ਪ੍ਰਬੰਧਕ ਵਜੋਂ ਇੰਚਾਰਜ ਸ. ਕਰਨਜੀਤ ਸਿੰਘ ਜਥੇ ਨਾਲ ਜਾਣਗੇ।