ਪਹਿਲੇ ਪਾਤਸ਼ਾਹ ਜੀ ਦੀ ਸਰਬਕਾਲੀ ਵਿਚਾਰਧਾਰਾ ਨੇ ਦੁਨੀਆਂ ਦੇ ਧਾਰਮਿਕ ਇਤਿਹਾਸ ਨੂੰ ਦਿੱਤਾ ਨਵਾਂ ਮੋੜ – ਭਾਈ ਲੌਂਗੋਵਾਲ

ਸੈਮੀਨਾਰ ਦੌਰਾਨ ਬਾਬਾ ਸੇਵਾ ਸਿੰਘ, ਡਾ. ਜਸਪਾਲ ਸਿੰਘ, ਡਾ. ਰੂਪ ਸਿੰਘ, ਡਾ. ਬਲਕਾਰ ਸਮੇਤ ਹੋਰਾਂ ਨੇ ਕੀਤੇ ਵਿਚਾਰ ਪ੍ਰਗਟ

ਬਹਾਦਰਗੜ੍ਹ/ਪਟਿਆਲਾ, 22 ਸਤੰਬਰ-
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਉਹ ਕ੍ਰਾਂਤੀਕਾਰੀ ਤੇ ਦਾਰਸ਼ਨਿਕ ਰਹਿਬਰ ਸਨ, ਜਿਨ੍ਹਾਂ ਨੇ ਸਮਾਜ ਨੂੰ ਉੱਚਾ ਚੁੱੱਕਣ ਲਈ ਸਰਬਕਾਲੀ ਵਿਚਾਰਧਾਰਾ ਦੇ ਕੇ ਦੁਨੀਆਂ ਦੇ ਧਾਰਮਿਕ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਵਿਖੇ ‘ਗੁਰੂ ਨਾਨਕ ਮਿਸ਼ਨ ਅਤੇ ਮਨੁੱਖੀ ਜੀਵਨ ਦੇ ਵਰਤਮਾਨ ਸਰੋਕਾਰ’ ਵਿਸ਼ੇ ’ਤੇ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਮੌਕੇ ਪ੍ਰਧਾਨਗੀ ਭਾਸ਼ਣ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪਹਿਲੇ ਪਾਤਸ਼ਾਹ ਜੀ ਦਾ 550ਵਾਂ ਪ੍ਰਕਾਸ਼ ਪੁਰਬ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਤੇ ਉਪਦੇਸ਼ਾਂ ਨੂੰ ਸਮਝਣ ਤੇ ਖੋਜਣ ਲਈ ਇਕ ਸੁਨਹਿਰੀ ਮੌਕਾ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਅਜਿਹੇ ਵਿਸ਼ੇਸ਼ ਸੈਮੀਨਾਰ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਦਿਹਾੜੇ ਨੂੰ ਮਨਾਉਣ ਲਈ ਸਮੁੱਚੀਆਂ ਸਿੱਖ ਜਥੇਬੰਦੀਆਂ ਦਾ ਸਹਿਯੋਗ ਲਿਆ ਜਾਵੇਗਾ ਅਤੇ ਇਸ ਸਬੰਧੀ ਸੰਤ-ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਗੁਰਮਤਿ ਟਕਸਾਲਾਂ ਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਵਿਖੇ 12 ਅਕਤੂਬਰ ਨੂੰ ਇਕੱਤਰਤਾ ਕੀਤੀ ਜਾਵੇਗੀ। ਉਨ੍ਹਾਂ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਵੀ ਗੁਰੂ ਸਾਹਿਬ ਦੇ ਉਪਦੇਸ਼ਾਂ ਸਬੰਧੀ ਖੋਜ ਕਾਰਜ ਕਰ ਕੇ ਸੰਗਤ ਅਰਪਣ ਕਰਨ ਦੀ ਅਪੀਲ ਕੀਤੀ।
ਸੈਮੀਨਾਰ ਦੀ ਆਰੰਭਤਾ ਸਮੇਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਕਿਹਾ ਕਿ ਮਨੁੱਖੀ ਜੀਵਨ ਅਤੇ ਸਮਾਜ ਦੇ ਸਰੋਕਾਰਾਂ ਨੂੰ ਸਮਝਣ ਲਈ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਡਮੁੱਲੀ ਹੈ। ਉਨ੍ਹਾਂ ਮਨੁੱਖੀ ਜੀਵਨ ਦੀਆਂ ਉਲਝਣਾ ’ਚੋਂ ਨਿਕਲਣ ਅਤੇ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਪ੍ਰੇਰਣਾ ਸਰੋਤ ਦੱਸਦਿਆਂ ਕਿਹਾ ਕਿ ਜੇਕਰ ਅਸੀਂ ਸੁਖੀ ਜੀਵਨ ਦੀ ਕਾਮਨਾ ਕਰਦੇ ਹਾਂ ਤਾਂ ਸਾਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣਾ ਪਵੇਗਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਸੱਚ ਦੀ ਗੱਲ ਕਹਿਣ ਲਈ ਸੰਵਾਦ ਵਿਧੀ ਨੂੰ ਅਪਨਾਇਆ ਅਤੇ ਅੱਜ ਵੀ ਇਸ ਗੱਲ ਦੀ ਵੱਡੀ ਲੋੜ ਹੈ ਕਿ ਸਿੱਖ ਕੌਮ ਸੰਵਾਦ ਦੇ ਰਾਹ ‘’ਤੇ ਚੱਲਦਿਆਂ ਕੌਮ ਨਾਲੋਂ ਟੁੱਟ ਚੁੱਕੀਆਂ ਸ਼ਘਾਵਾਂ ਨੂੰ ਨਾਲ ਜੋੜਨ ਦਾ ਉਪਰਾਲਾ ਕਰੇ। ਵਾਤਾਵਰਣ ਪ੍ਰੇਮੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਸਮਾਜ ਵਿਚ ਹਰਿਆਵਲ ਲਹਿਰ ਸਿਰਜਣ ਦਾ ਸੱਦਾ ਦਿੱਤਾ ਅਤੇ ਸ਼ਤਾਬਦੀ ਸਮੇਂ ਹੋਣ ਵਾਲੇ ਸਮਾਗਮਾਂ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਵੀ ਗੱਲ ਆਖੀ। 
ਸੈਮੀਨਾਰ ਦੌਰਾਨ ਡਾ. ਸਰਬਜੀਤ ਸਿੰਘ ਰੇਣੁਕਾ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਬ੍ਰਿਜਪਾਲ ਸਿੰਘ, ਡਾ. ਹਰਸ਼ਿੰਦਰ ਕੌਰ ਤੇ ਡਾ. ਸੁਖਦੇਵ ਸਿੰਘ ਲਾਜ ਨੇ ਆਪਣੇ ਪਰਚਿਆਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਦੀ ਵੱਖ-ਵੱਖ ਪਹਿਲੂਆਂ ਤੋਂ ਵਿਆਖਿਆ ਕੀਤੀ। ਬੁਲਾਰਿਆਂ ਵੱਲੋਂ ਪੜ੍ਹੇ ਗਏ ਪਰਚਿਆਂ ਦਾ ਤੱਤਸਾਰ ਇਹ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿਚ ਸਮੁੱਚੇ ਬ੍ਰਹਿਮੰਡ ਦੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ ਅਤੇ ਜੇਕਰ ਅਸੀਂ ਸਾਵੇਂ ਪੱਧਰੇ ਜੀਵਨ ਦੀ ਕਾਮਨਾ ਕਰਦੇ ਹਾਂ ਤਾਂ ਸਾਨੂੰ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ। ਸੈਮੀਨਾਰ ਦੇ ਅਖੀਰ ਵਿਚ ਤੱਤਸਾਰ ਭਾਸ਼ਣ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਸਾਰੇ ਬੁਲਾਰਿਆਂ ਦੇ ਵਿਚਾਰਾਂ ਦੇ ਨਿਚੋੜ ਰੂਪ ਵਿਚ ਕਿਹਾ ਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਦੇਸ਼ ਦੁਨੀਆਂ ਦੀਆਂ ਹੱਦਾਂ ਸਰਹੱਦਾਂ ਤੋਂ ਪਾਰ ਹੈ ਜਿਸ ਨੂੰ ਸਮਝਣ ਲਈ ਅਜਿਹੇ ਸੈਮੀਨਾਰ ਵਧੀਆ ਜ਼ਰੀਆ ਹਨ। ਸਟੇਜ਼ ਦੇ ਫ਼ਰਜ਼ ਡਾ. ਚਮਕੌਰ ਸਿੰਘ ਡਾਇਰੈਕਟਰ ਟੌਹੜਾ ਇੰਸਟੀਚਿਊਟ ਨੇ ਨਿਭਾਏ। ਇਸ ਮੌਕੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪਰਚੇ ਪੜ੍ਹਨ ਵਾਲੇ ਵਿਦਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। 
ਸੈਮੀਨਾਰ ਦੌਰਾਨ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਹਰਪਾਲ ਸਿੰਘ ਜੱਲਾ, ਅੰਤ੍ਰਿੰਗ ਮੈਂਬਰ ਸ. ਗੁਰਤੇਜ ਸਿੰਘ ਢੱਡੇ, ਸ. ਸਵਿੰਦਰ ਸਿੰਘ ਸਭਰਵਾਲ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਬਲਕਾਰ ਸਿੰਘ, ਜਥੇਦਾਰ ਉਦੈ ਸਿੰਘ ਲੌਂਗੋਵਾਲ, ਗਿਆਨੀ ਹਰਪਾਲ ਸਿੰਘ, ਡਾ. ਜਤਿੰਦਰ ਸਿੰਘ ਸਿੱਧੂ ਡਾਇਰੈਕਟਰ ਐਜੂਕੇਸ਼ਨ, ਡਾ. ਚਮਕੌਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਸਰਬਜੀਤ ਸਿੰਘ ਸ਼ਿਮਲਾ, ਸ. ਸਿਮਰਜੀਤ ਸਿੰਘ ਕੰਗ, ਡਾ. ਹਰਜਿੰਦਰ ਸਿੰਘ ਵਾਲੀਆ, ਡਾ. ਰਤਨ ਸਿੰਘ ਜੱਗੀ, ਸ. ਸੁਖਮਿੰਦਰ ਸਿੰਘ ਗੱਜਣਵਾਲਾ, ਸ. ਨਰਪਾਲ ਸਿੰਘ ਸ਼ੇਰਗਿੱਲ, ਸ. ਸੁਖਦੇਵ ਸਿੰਘ ਰਈਆ, ਡਾ. ਗੁਰਸ਼ਰਨ ਕੌਰ ਜੱਗੀ, ਡਾ. ਗੁਰਮੀਤ ਸਿੰਘ ਸਿੱਧੂ, ਡਾ. ਹਰਦੇਵ ਸਿੰਘ, ਡਾ. ਪਰਮਵੀਰ ਸਿੰਘ, ਡਾ. ਗੁਰਨਾਮ ਸਿੰਘ, ਡਾ. ਬਿਕਰਮਬੀਰ ਸਿੰਘ, ਸ. ਰਵਿੰਦਰਪਾਲ ਸਿੰਘ ਕਪੂਰ, ਸ. ਅਮਰਪ੍ਰੀਤ ਸਿੰਘ ਖ਼ਾਲਸਾ ਏਡ ਵਾਲੇ, ਸ. ਗੁਰਦੇਵ ਸਿੰਘ ਸਿੱਧੂ ਮੋਹਾਲੀ, ਸ. ਦਰਸ਼ਨ ਸਿੰਘ ਲੌਂਗੋਵਾਲ, ਸ. ਕਰਨੈਲ ਸਿੰਘ ਨਾਭਾ ਤੇ ਸ. ਜੋਗਾ ਸਿੰਘ ਮੈਨੇਜਰ, ਸ. ਰਾਜਿੰਦਰਪਾਲ ਸਿੰਘ ਕਪੂਰ ਸਮੇਤ ਵੱਡੀ ਗਿਣਤੀ ਵਿਚ ਸਰੋਤੇ ਹਾਜ਼ਰ ਸਨ।