ਅੰਮ੍ਰਿਤਸਰ, 27 ਮਈ – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੀਤੇ ਕੱਲ੍ਹ ਅਕਾਲੀ ਕਲੋਨੀ ਸੁਲਤਾਨਵਿੰਡ ਰੋਡ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਜੀਤ ਸਿੰਘ ਤੇ ਭਾਈ ਕੁਲਦੀਪ ਸਿੰਘ ਦੇ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਤੇ ਕਥਾਵਾਚਕ ਭਾਈ ਸੁਖਰਾਜ ਸਿੰਘ ਨੇ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੇ ਉਪਦੇਸ਼ਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਮਨੁੱਖ ਦੇ ਜੀਵਨ ਨੂੰ ਸਵਾਰਨ ਵਾਲੀ ਹੈ ਅਤੇ ਸਾਡਾ ਫਰਜ ਹੈ ਕਿ ਅਸੀਂ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰੀਏ। ਇਸ ਮੌਕੇ ਮੁਹੱਲਾ ਨਿਵਾਸੀਆਂ ਵੱਲੋਂ ਗੁਰੂ ਕਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ, ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਗੁਰਮੀਤ ਸਿੰਘ ਮੁਕਤਸਰੀ, ਸ/ਸੁਪਰਵਾਈਜ਼ਰ ਅਮਲਾ ਸ. ਜਸਵੀਰ ਸਿੰਘ ਤੇ ਸ. ਕੁਲਦੀਪ ਸਿੰਘ, ਗੁਰਦੁਆਰਾ ਇੰਸਪੈਕਟਰ ਸਤਨਾਮ ਸਿੰਘ, ਸ. ਕਰਮਜੀਤ ਸਿੰਘ ਨਾਭਾ ਤੇ ਸ. ਸੁਖਜੀਤ ਸਿੰਘ ਧੂਰੀ, ਸ. ਤੇਜਿੰਦਰ ਸਿੰਘ ਗੋਲਡੀ, ਸ. ਬਲਜਿੰਦਰ ਸਿੰਘ ਏ.ਸੀ., ਅਤੇ ਮੈਂਬਰ ਫਲਾਇੰਗ ਸ. ਹਰਪਾਲ ਸਿੰਘ ਸੰਗਤ ਹਾਜ਼ਰ ਸੀ।