ਅੰਮ੍ਰਿਤਸਰ, 18 ਜੂਨ-
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜੇ.ਆਈ.ਐਸ. ਯੂਨੀਵਰਸਿਟੀ ਕਲਕੱਤਾ ਵੱਲੋਂ ਕਲਕੱਤਾ ਦੀ ਨੈਸ਼ਨਲ ਲਾਇਬ੍ਰੇਰੀ ਵਿਖੇ ਸਾਂਝੇ ਤੌਰ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਵਿਸ਼ੇਸ਼ ਬੁਲਾਰਿਆਂ ਵਜੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵੀ.ਸੀ. ਡਾ. ਜਸਪਾਲ ਸਿੰਘ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਡਾ. ਰੂਪ ਸਿੰਘ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਰਬਸਾਂਝੀ ਵਿਚਾਰਧਾਰਾ ਮਨੁੱਖੀ ਜੀਵਨ ਦੇ ਵਿਕਾਸ ਲਈ ਬੇਹਤਰ ਅਗਵਾਈ ਕਰਦੀ ਹੈ, ਕਿਉਂਕਿ ਮਨੁੱਖ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਗੁਰੂ ਸਾਹਿਬ ਨੇ ਆਪਣੀ ਬਾਣੀ ਅੰਦਰ ਦਰਸਾਇਆ ਹੈ।
ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਦਾ ਫ਼ਰਜ਼ ਹੈ ਕਿ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਪ੍ਰਚਾਰਨ ਲਈ ਆਪਣਾ ਯੋਗਦਾਨ ਪਾਉਣ। ਇਸ ਦੌਰਾਨ ਉਨ੍ਹਾਂ ਨੈਸ਼ਨਲ ਲਾਇਬ੍ਰੇਰੀ ਕਲਕੱਤਾ ਦੇ ਪੰਜਾਬੀ ਵਿਭਾਗ ਵਿਖੇ ਲਾਇਬ੍ਰੇਰੀਅਨ ਨਾ ਹੋਣ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਤੇ ਵੈਸਟ ਬੰਗਾਲ ਦੀ ਸਰਕਾਰ ਪਾਸੋਂ ਇਸ ਦਾ ਤੁਰੰਤ ਪ੍ਰਬੰਧ ਕਰਨ ਦੀ ਮੰਗ ਕੀਤੀ। ਸੈਮੀਨਾਰ ਦੌਰਾਨ ਡਾ. ਜਸਪਾਲ ਸਿੰਘ ਅਤੇ ਸ. ਤਰਲੋਚਨ ਸਿੰਘ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਅਤੇ ਉਪਦੇਸ਼ਾਂ ਨੂੰ ਮਾਨਵ ਹਿਤੈਸ਼ੀ ਦੱਸਿਆ। ਇਸ ਮੌਕੇ ਜੇ.ਆਈ.ਐਸ. ਯੂਨੀਵਰਸਿਟੀ ਦੇ ਚਾਂਸਲਰ ਸ. ਤਰਨਜੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਪ੍ਰੋ. ਬਿਮਲ ਚੰਦਰਾ ਮੱਲ ਵੀ.ਸੀ., ਡਾ. ਹਿਮਾਦਰੀ ਬੇਨਰਜੀ, ਪ੍ਰੋ. ਛਿੰਦਾ ਚੈਟਰਜੀ, ਡਾ. ਆਸ਼ਾ ਮੁਖਰਜੀ, ਸ. ਜਗਮੋਹਨ ਸਿੰਘ ਗਿੱਲ, ਪ੍ਰੋ. ਅੰਜਲੀ ਗੇਰਾ ਰਾਏ, ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰਿੰਸਪਲ ਡਾ. ਧਰਮਿੰਦਰ ਸਿੰਘ ਓਭਾ ਤੇ ਪ੍ਰੋ. ਤਪਨ ਕੇ.ਆਰ. ਚੈਟਰਜੀ ਨੇ ਵੀ ਸੰਬੋਧਨ ਕੀਤਾ।