-ਰਵਾਇਤ ਅਨੁਸਾਰ ਫੁੱਲਾਂ ਦੀ ਵਰਖਾ ਬਣੀ ਖਿੱਚ ਦਾ ਕੇਂਦਰ

-ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਕੀਤੀ ਪ੍ਰੇਰਣਾ

ਸੁਲਤਾਨਪੁਰ ਲੋਧੀ, 1 ਦਸੰਬਰ- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਬੀਤੀ ਰਾਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਸਮਾਗਮਾਂ ਦੀ ਸਮਾਪਤੀ ਹੋਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਰਵਾਇਤ ਅਨੁਸਾਰ ਰਾਤ ਦੇ 2.00 ਵਜੇ ਦੇ ਕਰੀਬ ਪਾਏ ਗਏ। ਇਸ ਮੌਕੇ ਗੁਰਬਾਣੀ ਕੀਰਤਨ ਮਗਰੋਂ ਸਮੁੱਚੀ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ `ਤੇ ਫੁੱਲਾਂ ਦੀ ਵਰਖਾ ਕਰਕੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸ ਮੌਕੇ ਬਾਬਾ ਜਗਜੀਤ ਸਿੰਘ ਹਰਖੋਵਾਲ ਨੇ ਸੰਗਤ ਨੂੰ ਕਥਾ ਵਿਚਾਰਾਂ ਸਰਵਣ ਕਰਵਾਈਆਂ। ਇਸ ਮੌਕੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਗੁਰਦੇਵ ਸਿੰਘ ਆਦਿ ਮੌਜੂਦ ਸਨ।
ਇਸ ਤੋਂ ਪਹਿਲਾਂ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਦੇਰ ਰਾਤ ਤੱਕ ਕੀਰਤਨ ਦਰਬਾਰ ਹੋਇਆ, ਜਿਸ ਵਿਚ ਭਾਈ ਰਣਧੀਰ ਸਿੰਘ, ਭਾਈ ਜਬਰਤੋੜ ਸਿੰਘ, ਭਾਈ ਸੁਖਜਿੰਦਰ ਸਿੰਘ ਤੇ ਭਾਈ ਕੰਵਲਜੀਤ ਸਿੰਘ ਦੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਚਿਵਾਰ ਸਾਂਝੇ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਦੀ ਰੌਸ਼ਨੀ ਵਿਚ ਨੌਜਵਾਨੀ ਨੂੰ ਸਿੱਖੀ ਸਰੂਪ ਵਿਚ ਪ੍ਰਪੱਕ ਰਹਿਣ ਦੀ ਪ੍ਰੇਰਨਾ ਕੀਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ  ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਦੇ ਸ਼ਬਦ ਸਾਂਝੇ ਕੀਤੇ। ਸਟੇਜ ਸੰਚਾਲਨ ਪ੍ਰਸਿੱਧ ਵਾਰਤਾਕਾਰ ਤੇ ਦੂਰਦਰਸ਼ਨ ਦੇ ਸਾਬਕਾ ਨਿਊਜ ਰੀਡਰ ਸ. ਤੀਰਥ ਸਿੰਘ ਢਿੱਲੋਂ ਨੇ ਕੀਤਾ। ਇਸ ਮੌਕੇ ਆਈਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਸ. ਸਰਵਣ ਸਿੰਘ ਕੁਲਾਰ, ਸ. ਜਰਨੈਲ ਸਿੰਘ ਡੋਗਰਾਂਵਾਲਾ, ਬੀਬੀ ਗੁਰਪ੍ਰੀਤ ਕੌਰ ਰੂਹੀ, ਹਲਕਾ ਸਨੌਰ ਦੇ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਮੈਨੇਜਰ ਸ. ਜਰਨੈਲ ਸਿੰਘ, ਪ੍ਰਚਾਰਕ ਭਾਈ ਹਰਜੀਤ ਸਿੰਘ ਆਦਿ ਹਾਜ਼ਰ ਸਨ।