ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉਪਰ ਚੱਲ ਕੇ ਜੀਵਨ ਸਫਲਾ ਕਰਨ ਦੀ ਕੀਤੀ ਪ੍ਰੇਰਨਾ

ਸੁਲਤਾਨਪੁਰ ਲੋਧੀ, 04 ਨਵੰਬਰ (             )-ਵਿਲੱਖਣ, ਨਿਰਾਲੇ ਤੇ ਨਿਰਮਲ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਲੋਕਾਂ ਦੀ ਗ਼ੁਲਾਮ ਹੋਈ ਮਾਨਸਿਕਤਾ ਨੂੰ ਸਮਾਜਕ ਤੇ ਅਧਿਆਤਮਕ ਆਜ਼ਾਦੀ ਦੇ ਰਾਹ ਤੋਰਿਆ। ਪਹਿਲੇ ਪਾਤਸ਼ਾਹ ਸਮੁੱਚੇ ਵਿਸ਼ਵ ਦੇ ਉੱਚਤਮ ਕ੍ਰਾਂਤੀਕਾਰੀ ਦਾਰਸ਼ਨਿਕ ਰਹਿਬਰ ਸਨ, ਜਿਨ੍ਹਾਂ ਨੇ ਸਮਾਜ ਦੀ ਉੱਨਤੀ ਲਈ ਆਪਣੀ ਵਿਚਾਰਧਾਰਾ ਨਾਲ ਮੁਕੰਮਲ ਤਬਦੀਲੀ ਲਿਆਂਦੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਪ੍ਰਸਿੱਧ ਸਿੱਖ ਵਿਦਵਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗੁਰੂ ਨਾਨਕ ਸਾਹਿਬ ਦੀ ਕਰਮ ਭੂਮੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਗੁਰੂ ਸਾਹਿਬ ਦੇ ੫੪੮ਵੇਂ ਆਗਮਨ ਪੁਰਬ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਕੀਤਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸੀਮ ਗੁਣਾਂ ਨੂੰ ਸ਼ਬਦਾਂ ਵਿਚ ਦੱਸ ਪਾਉਣਾ ਅਤਿ ਕਠਨ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਉਸ ਸਮੇਂ ਇਸ ਧਰਤ ਉਪਰ ਪ੍ਰਗਟ ਹੋਏ ਜਦੋਂ ਭਾਰਤ ਦੇਸ਼ ਇਸਲਾਮੀ ਰਾਜ ਦੇ ਅਧੀਨ ਗ਼ੁਲਾਮੀ ਦੀਆਂ ਜ਼ੰਜ਼ੀਰਾਂ ਵਿਚ ਜਕੜਿਆ ਹੋਇਆ ਸੀ ਅਤੇ ਹਰ ਪਾਸੇ ਹਨ੍ਹੇਰ ਛਾਇਆ ਹੋਇਆ ਸੀ। ਉਸ ਸਮੇਂ ਜਗਤ-ਗੁਰੂ ਜੀ ਨੇ ਜ਼ਾਲਮ ਹਾਕਮਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਜ਼ੁਲਮ ਸਹਿਣ ਨੂੰ ਮਾਨਸਿਕ ਕਮਜ਼ੋਰੀ ਤੇ ਅਣਖ-ਗ਼ੈਰਤ ਦੇ ਉਲਟ ਦੱਸਦਿਆਂ ਗ਼ੁਲਾਮੀ ਕਬੂਲ ਕਰ ਚੁੱਕੀ ਭਾਰਤ ਦੇਸ਼ ਦੀ ਮਾਨਸਿਕਤਾ ਨੂੰ ਆਜ਼ਾਦ ਹੋਣ ਲਈ ਪ੍ਰੇਰਿਆ। ਉਨ੍ਹਾਂ ਸਮਾਜਕ ਇਨਕਲਾਬ ਲਿਆ ਕੇ ਸਮਾਜ ਦੀ ਏਕਤਾ ਕਾਇਮ ਕੀਤੀ। ਪ੍ਰੋ: ਬਡੂੰਗਰ ਨੇ ਕਿਹਾ ਕਿ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਧਾਂਤਕ ਤੌਰ ‘ਤੇ ‘ਖ਼ਾਲਸਾ ਪੰਥ’ ਦੀ ਨੀਂਹ ਰੱਖ ਦਿੱਤੀ ਸੀ, ਜਿਸਨੂੰ ਦਸਮ ਪਾਤਸ਼ਾਹ ਨੇ ੧੬੯੯ ਈ: ‘ਚ ਪ੍ਰਤੱਖ ਰੂਪ ਵਿਚ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪਹਿਲੇ ਪਾਤਸ਼ਾਹ ਨੇ ਸਦੀਆਂ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਦਿੱਤੀ, ਇਸਤਰੀ ਜਾਤੀ ਨੂੰ ਆਪਣੀ ਪਾਵਨ ਬਾਣੀ ਵਿਚ ਸਮਾਨਤਾ ਤੇ ਸਤਿਕਾਰ ਦਿੱਤਾ ਅਤੇ ਕਰਮ-ਕਾਂਡਾਂ, ਜਾਤਾਂ-ਪਾਤਾਂ ਦੇ ਬੰਧਨ ਤੇ ਵਹਿਮਾਂ-ਭਰਮਾ ਨੂੰ ਤੋੜ ਕੇ ਇੱਕ ਪਰਮਾਤਮਾ ਦੀ ਹੋਂਦ-ਹਸਤੀ ਦੇ ਉਪਾਸ਼ਕ ਬਣਨ ਦਾ ਉਪਦੇਸ਼ ਦਿੱਤਾ, ਜਿਸਦੀ ਮਿਸਾਲ ਕਿਸੇ ਹੋਰ ਧਰਮ ਵਿਚ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖਸ਼ੇ ਸੰਗਤ, ਪੰਗਤ, ਨਾਮ ਸਿਮਰਨ ਦੇ ਸਿਧਾਂਤ ਸਿੱਖ ਧਰਮ ਦੀ ਵਿਲੱਖਣਤਾ ਦੇ ਥੰਮ੍ਹ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਜੋ ਬ੍ਰਹਿਮੰਡ ਦੇ ਗੁੱਝੇ ਭੇਦ ਆਪਣੀ ਬਾਣੀ ਰਾਹੀਂ ਦੱਸੇ, ਉਨ੍ਹਾਂ ਬਾਰੇ ਸਾਇੰਸਦਾਨ ਅੱਜ ਜਾਣ ਰਹੇ ਹਨ। ਪ੍ਰੋ: ਬਡੂੰਗਰ ਨੇ ਸੰਗਤਾਂ ਨੂੰ ਪ੍ਰੇਰਨਾ ਕਰਦਿਆਂ ਕਿਹਾ ਕਿ ‘ਜਪੁ ਜੀ ਸਾਹਿਬ’ ਦੀ ਬਾਣੀ ਦੇ ਉਪਦੇਸ਼ਾਂ ਨੂੰ ਮੰਨਦਿਆਂ ਪ੍ਰਦੂਸ਼ਿਤ ਹੋ ਰਹੇ ਪਾਣੀ, ਹਵਾ ਤੇ ਧਰਤੀ ਦੀ ਸ਼ੁੱਧਤਾ ਲਈ ਯਤਨ ਕਰਨਾ ਗੁਰੂ ਸਾਹਿਬ ਪ੍ਰਤੀ ਸੱਚੀ ਸ਼ਰਧਾ ਹੈ। ਉਨ੍ਹਾਂ ਕਿਹਾ ਕਿ ਦਸਮ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਦੇਹਧਾਰੀ ਗੁਰੂ-ਪ੍ਰਥਾ ਨੂੰ ਖਤਮ ਕਰਦਿਆਂ ਸਾਨੂੰ ਸ਼ਬਦ-ਗੁਰੂ ਦੇ ਲੜ ਲੱਗਣ ਦਾ ਹੁਕਮ ਦਿੱਤਾ। ਉਨ੍ਹਾਂ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉਪਰ ਚੱਲ ਕੇ ਜੀਵਨ ਸਫਲਾ ਕਰਨ ਦੀ ਪ੍ਰੇਰਨਾ ਕੀਤੀ। ਇਸ ਸਮੇਂ ਸ. ਸੁਖਦੇਵ ਸਿੰਘ ਭੂਰਾ ਕੋਹਨਾ ਵਧੀਕ ਸਕੱਤਰ ਨੇ ਮੰਚ ਦੀ ਸੇਵਾ ਨਿਭਾਉਂਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਭਾਈ ਗੁਰਦੇਵ ਸਿੰਘ ਕੋਹਾੜਕਾ ਤੇ ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਦੇ ਜੱਥਿਆਂ ਅਤੇ ਪ੍ਰਸਿੱਧ ਕਥਾਵਾਚਕ ਭਾਈ ਰਣਜੀਤ ਸਿੰਘ ਗੌਹਰ ਨੇ ਸੰਗਤਾਂ ਨੂੰ ਪਾਵਨ ਗੁਰਬਾਣੀ ਤੇ ਇਤਿਹਾਸ ਨਾਲ ਜੋੜਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਸ. ਕੁਲਵੰਤ ਸਿੰਘ ਮੰਨਣ, ਮੈਂਬਰ ਸ. ਜਰਨੈਲ ਸਿੰਘ ਡੋਗਰਾਂਵਾਲਾ, ਬੀਬੀ ਗੁਰਪ੍ਰੀਤ ਕੌਰ, ਸ. ਬਲਦੇਵ ਸਿੰਘ ਕਲਿਆਣ ਤੇ ਸ. ਪਰਮਜੀਤ ਸਿੰਘ ਰਾਏਪੁਰ, ਸ. ਸਰਵਣ ਸਿੰਘ ਕੁਲਾਰ, ਸ. ਰਣਜੀਤ ਸਿੰਘ ਕਾਹਲੋਂ, ਬੀਬੀ ਭਜਨ ਕੌਰ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਚਾਨਣ ਸਿੰਘ, ਸ. ਭਗਵੰਤ ਸਿੰਘ ਧੰਗੇੜਾ, ਸ. ਗੁਰਪ੍ਰੀਤ ਸਿੰਘ ਰੋਡੇ ਮੈਨੇਜਰ, ਬੁੱਢਾ ਦਲ ਵੱਲੋਂ ਬਾਬਾ ਜੱਸਾ ਸਿੰਘ, ਬਾਬਾ ਗੁਰਰਾਜਪਾਲ ਸਿੰਘ ਛਾਉਣੀ ਨਿਹੰਗ ਸਿੰਘਾ ਅਤੇ ਲੱਖਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ।