ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਹਵਾਈ ਅੱਡੇ ਵਿਖੇ ਸੁਸ਼ੋਭਿਤ


ਅੰਮ੍ਰਿਤਸਰ, ੧੯ ਅਪ੍ਰੈਲ–  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਏਅਰਪੋਰਟ ਅਥਾਰਟੀ ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਇਕ ਗੈਲਰੀ ਸਥਾਪਿਤ ਕੀਤੀ ਜਾਵੇਗੀ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਨਾਲ ਸਬੰਧਤ ਇਤਿਹਾਸ ਨੂੰ ਰੂਪਮਾਨ ਕੀਤਾ ਜਾਵੇਗਾ। ਇਹ ਪ੍ਰਗਟਾਵਾ ਉਨ੍ਹਾਂ ਏਅਰਪੋਰਟ ਵਿਖੇ ਸੁਸ਼ੋਭਿਤ ਕੀਤੀ ਗਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵੱਡ-ਅਕਾਰੀ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਅਪੀਲ ਵੀ ਕੀਤੀ ਕਿ ਸ੍ਰੀ ਗੁਰੂ ਰਾਮਦਾਸ ਦੇ ਮੁਬਾਰਕ ਨਾਂਅ ‘ਤੇ ਗੁਰੂ ਨਗਰੀ ‘ਚ ਸਥਿਤ ਇਸ ਹਵਾਈ ਅੱਡੇ ਵਿਖੇ ਤੰਬਾਕੂ ਅਤੇ ਸਮੋਕਿੰਗ ਜੋਨ ਬਣਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਗਾਉਣ ਲਈ ਜਗ੍ਹਾ ਦੇਣ ਤੇ ਏਅਰਪੋਰਟ ਅਥਾਰਟੀ ਅਤੇ ਤਸਵੀਰ ਦੀ ਸੇਵਾ ਕਰਾਉਣ ਵਾਲੇ ਸ. ਸਵਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਇਥੇ ਪੁੱਜਦੀਆਂ ਸੰਗਤਾਂ ਅਧਿਆਤਮਕ ਕੇਂਦਰ ਦੀ ਆਭਾ ਨੂੰ ਆਪਣੇ ਹਿਰਦੇ ਵਿਚ ਵਸਾ ਸਕਣਗੀਆਂ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਸੁਲਤਾਨ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਸਮੇਂ  ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਅਤੇ ਤਸਵੀਰ ਦੀ ਸੇਵਾ ਕਰਨ ਵਾਲੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ।

 ਦੱਸਣਾ ਬਣਦਾ ਹੈ ਕਿ ਸੱਚਖੰਡ ਸ੍ਰੀ ਹਰਿੰਮਦਰ ਸਾਹਿਬ ਦੀ ਇਸ ਤਸਵੀਰ ਦੀ ਸੇਵਾ ਗੁਰੂ-ਘਰ ਦੇ ਅਨਿਨ ਸ਼ਰਧਾਲੂ ਅਤੇ ਰੀਅਲ ਅਸਟੇਟ ਦੇ ਕਾਰੋਬਾਰੀ ਸ. ਪ੍ਰਭਜੋਤ ਸਿੰਘ ਅਤੇ ਉਨ੍ਹਾਂ ਦੇ ਸਪੁੱਤਰਾਂ ਸ. ਸਵਿੰਦਰਪਾਲ ਸਿੰਘ ਅਤੇ ਸ. ਇੰਦਰਪਾਲ ਸਿੰਘ ਵੱਲੋਂ ਕਰਵਾਈ ਗਈ ਹੈ। ਇਹ ਤਸਵੀਰ ਇਮੀਗ੍ਰੇਸ਼ਨ ਕਾਊਂਟਰ ਦੇ ਬਿਲਕੁਲ ਸਾਹਮਣੇ ਦੀ ਕੰਧ ਉਪਰ ਸੁਸ਼ੋਭਿਤ ਕੀਤੀ ਗਈ ਹੈ। ਤਸਵੀਰ ਦੇ ਦੋਵੇਂ ਪਾਸੇ ਸੁਨਹਿਰੀ ਖੰਡੇ ਵੀ ਲਗਾਏ ਗਏ ਹਨ। ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਵਾਈ ਅੱਡੇ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁੰਦਰ ਮਾਡਲ ਵੀ ਸੁਸ਼ੋਭਿਤ ਕੀਤਾ ਹੋਇਆ ਹੈ।
 ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ ਤੇ ਸ. ਸੁਰਜੀਤ ਸਿੰਘ ਭਿੱਟੇਵਡ, ਮੈਂਬਰ ਬੀਬੀ ਕਿਰਨਜੋਤ ਕੌਰ, ਸ. ਹਰਜਾਪ ਸਿੰਘ ਸੁਲਤਾਨਵਿੰਡ, ਮੁੱਖ ਸਕੱਤਰ ਸ. ਹਰਚਰਨ ਸਿੰਘ, ਐਡੀ: ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ, ਏਅਰਪੋਰਟ ਦੇ ਡਾਇਰੈਕਟਰ ਸ੍ਰੀ ਵੀ.ਵੀ. ਰਾਓ, ਕਮਰਸ਼ੀਅਲ ਇੰਚਾਰਜ ਸ੍ਰੀ ਨਵੀਨ ਕੁਮਾਰ ਸਾਗਰ, ਚੀਫ ਸਕਿਉਰਟੀ ਅਫਸਰ ਸ੍ਰੀ ਕੇ.ਕੇ. ਸ਼ਕੁਨ, ਕਮਾਂਡੈਂਟ ਸੀ.ਆਈ.ਐਫ. ਸ੍ਰੀ ਵਿਸ਼ਾਲ ਦੂਬੇ, ਕੈਪਟਨ ਆਸ਼ੂਤੋਸ਼, ਇਮੀਗ੍ਰੇਸ਼ਨ ਅਫਸਰ ਸ. ਐਚ.ਐਸ. ਰਾਨਾ, ਸ. ਟੀ.ਪੀ. ਸਿੰਘ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਪੀ.ਆਰ.ਓ. ਏਅਰਪੋਰਟ ਸ. ਜਤਿੰਦਰ ਸਿੰਘ ਤੇ ਹੋਰ ਹਾਜ਼ਰ ਸਨ।