ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦਿੱਲੀ ਵਿਖੇ ਅਫਗਾਨੀ ਸਿੱਖਾਂ ਨਾਲ ਕੀਤੀ ਮੀਟਿੰਗ
ਕਾਬਲੀ ਸਿੱਖ ਰਵਾਇਤੀ ਪਹਿਰਾਵੇ ਵਿਚ ਨਗਰ ਕੀਰਤਨ ਤੇ ਰਾਗ ਦਰਬਾਰ ‘ਚ ਭਰਨਗੇ ਹਾਜ਼ਰੀ –ਡਾ. ਰੂਪ ਸਿੰਘ

ਅੰਮ੍ਰਿਤਸਰ, ੧੯ ਸਤੰਬਰ- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਇਸ ਵਾਰ ਕਾਬਲੀ ਤੇ ਖੋਸਤੀ ਸੰਗਤ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗੀ। ਇਸ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਦੇਸ਼-ਵਿਦੇਸ਼ ਦੀ ਸੰਗਤ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਅਤੇ ਇਸੇ ਤਹਿਤ ਹੀ ਉਹ ਬੀਤੇ ਕੱਲ੍ਹ ਦਿੱਲੀ ਵਿਖੇ ਅਫਗਾਨੀ ਸਿੱਖਾਂ ਨਾਲ ਮੀਟੰਗ ਕਰ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਅਫਗਾਨੀ ਸਿੱਖਾਂ ਵੱਲੋਂ ੨੦੦ ਦਾ ਜੱਥਾ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅੰਮ੍ਰਿਤਸਰ ਪਹੁੰਚੇਗਾ, ਜਿਨ੍ਹਾਂ ਵਿੱਚੋਂ ਕਾਬਲੀ ਸਿੱਖ ਆਪਣੇ ਰਵਾਇਤੀ ਪਹਿਰਾਵੇ ਸਲਵਾਰ ਕਮੀਜ਼ ਤੇ ਇੱਕੋ ਰੰਗ ਦੀਆਂ ਦਸਤਾਰਾਂ ਵਿਚ ਹੋਣਗੇ। ਇਹ ਸੰਗਤ ੨੪ ਅਕਤੂਬਰ ਰਾਤ ਨੂੰ ਪਹਿਲੀ ਵਾਰ ਹੋ ਰਹੇ ਪੜਤਾਲ ਗਾਇਨ ਕੀਰਤਨ ਸਮਾਗਮ, ੨੫ ਅਕਤੂਬਰ ਨੂੰ ਨਗਰ ਕੀਰਤਨ ਤੇ ਰਾਗ ਦਰਬਾਰ ਦਾ ਹਿੱਸਾ ਬਣੇਗੀ ਅਤੇ ਇਸੇ ਤਰ੍ਹਾਂ ੨੬ ਅਕਤੁਬਰ ਗੁਰਪੁਰਬ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੂਹਾਨੀ ਅਨੰਦ ਮਾਣੇਗੀ। ਡਾ. ਰੂਪ ਸਿੰਘ ਨੇ ਦੱਸਿਆ ਕਿ ਅਫਗਾਨੀ ਸਿੱਖਾਂ ਨੇ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਦਿੱਤੇ ਸੱਦੇ ‘ਤੇ ਬੇਹੱਦ ਖੁਸ਼ੀ ਦਾ ਪ੍ਰਗਟਵਾ ਕਰਦਿਆਂ ਕਿਹਾ ਕਿ ਇਹ ਮੌਕਾ ਉਨ੍ਹਾਂ ਲਈ ਬੇਹੱਦ ਖਾਸ ਹੈ ਅਤੇ ਉਹ ਇਸ ਮੌਕੇ ਉਤਸ਼ਾਹ ਨਾਲ ਹਾਜ਼ਰੀ ਭਰਨਗੇ। ਡਾ. ਰੂਪ ਸਿੰਘ ਅਨੁਸਾਰ ਦਿੱਲੀ ਵਿਖੇ ਅਫਗਾਨੀ ਸਿੱਖਾਂ ਨਾਲ ਹੋਈ ਮੀਟਿੰਗ ਵਿਚ ਸ. ਮਨੋਹਰ ਸਿੰਘ ਚੇਅਰਮੈਨ ਖਾਲਸਾ ਦੀਵਾਨ ਸੁਸਾਇਟੀ, ਸ. ਹੀਰਾ ਸਿੰਘ ਜਨਰਲ ਸਕੱਤਰ, ਗਿਆਨੀ ਬਲਵੰਤ ਸਿੰਘ, ਸ. ਜਸਪਾਲ ਸਿੰਘ, ਸ. ਰਵਿੰਦਰ ਸਿੰਘ, ਭਾਈ ਇਕਬਾਲ ਸਿੰਘ, ਜਥੇਦਾਰ ਬਲਦੇਵ ਸਿੰਘ, ਮਨਸਾ ਰਾਮ ਖੋਸਤੀ, ਸ. ਸੰਤੋਖ ਸਿੰਘ, ਸ. ਹੰਸਰਾਜ ਸਿੰਘ, ਸ. ਭਗਵਾਨ ਸਿੰਘ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਪਿੰਕੀ, ਸ. ਸਤਨਾਮ ਸਿੰਘ ਸਲੂਜਾ, ਰਮਨਦੀਪ ਕੌਰ ਆਦਿ ਮੌਜੂਦ ਸਨ।

ਦਿੱਲੀ ਵਿਖੇ ਹਨ ੩੫ ਹਜ਼ਾਰ ਅਫਗਾਨੀ ਸਿੱਖ –ਡਾ. ਰੂਪ ਸਿੰਘ

ਡਾ. ਰੂਪ ਸਿੰਘ ਨੇ ਦੱਸਿਆ ਕਿ ਦਿੱਲੀ ਵਿਚ ਇਸ ਸਮੇਂ ਅਫਗਾਨੀ ਸਿੱਖਾਂ ਦੀ ੩੫ ਹਜ਼ਾਰ ਦੇ ਕਰੀਬ ਆਬਾਦੀ ਹੈ, ਜਿਨ੍ਹਾਂ ਵਿਚ ਕਾਬਲੀ ਤੇ ਖੋਸਤੀ ਦੋਵੇਂ ਤਰ੍ਹਾਂ ਦੇ ਸਿੱਖ ਹਨ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਸਿੱਖ ਗੁਰੂ ਘਰ ਦੇ ਪੱਕੇ ਸ਼ਰਧਾਲੂ ਹਨ। ਉਨ੍ਹਾਂ ਅੰਦਰ ਸਿੱਖੀ ਪਿਆਰ ਦਾ ਪ੍ਰਗਟਾ ਇਸ ਗੱਲ ਤੋਂ ਵੀ ਹੁੰਦਾ ਹੈ ਕਿ ਸਾਰੇ ਹੀ ਕਾਬਲੀ ਸਿੱਖ ਸਾਬਤ ਸੂਰਤ ਅੰਮ੍ਰਿਤਧਾਰੀ ਹਨ। ਖੋਸਤੀ ਸਿੱਖਾਂ ਬਾਰੇ ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਸਾਬਤ ਸੂਰਤ ਸਰੂਪ ਵਿਚ ਨਹੀਂ ਹਨ ਪਰ ਗੁਰੂ ਘਰ ਦੇ ਸ਼ਰਧਾਲੂ ਹੁੰਦਿਆਂ ਰਸਮੋ ਰੀਵਾਜ਼ ਸਿੱਖ ਧਰਮ ਅਨੁਸਾਰ ਕਰਦੇ ਹਨ ਅਤੇ ਗੁਰਬਾਣੀ ਦੇ ਉਪਦੇਸ਼ਾਂ ਨੂੰ ਕਮਾਉਣ ਵਾਲੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਫਗਾਨਿਸਤਾਨ ‘ਚ ਅਕਾਲੀ ਕੌਰ ਸਿੰਘ ਵੱਲੋਂ ੧੯੨੨ ਵਿਚ ਖਾਲਸਾ ਦੀਵਾਨ ਵੈਲਫੇਅਰ ਸੁਸਾਇਟੀ ਬਣਾਈ ਗਈ ਸੀ ਜਿਸ ਦਾ ਦਫਤਰ ੧੯੯੨ ਵਿਚ ਹਾਲਾਤ ਵਿਗੜਨ ਕਾਰਨ ਦਿੱਲੀ ਵਿਖੇ ਤਬਦੀਲ ਹੋ ਗਿਆ ਸੀ। ਇਸ ਸੁਸਾਇਟੀ ਵੱਲੋਂ ਦਿੱਲੀ ਵਿਖੇ ਇਸ ਸਮੇਂ ੬੩੦ ਬੱਚੇ ਪੜਾਏ ਜਾ ਰਹੇ ਹਨ, ਜਦਕਿ ਹੁਣ ਤੱਕ ਕੁਲ ੧੮੫੦੦ ਬੱਚੇ ਪੜਾਏ ਜਾ ਚੁੱਕੇ ਹਨ। ਸੁਸਾਇਟੀ ਵੱਲੋਂ ੨੮ ਸਕੂਲਾਂ ਨਾਲ ਸਮਝੌਤਾ ਕੀਤਾ ਹੋਇਆ ਹੈ ਜੋ ਘੱਟ ਫੀਸਾਂ ਵਸੂਲਦੇ ਹਨ। ਇਸ ਤੋਂ ਇਲਾਵਾ ਸੁਸਾਇਟੀ ਬੱਚੀਆਂ ਨੂੰ ਸਿਲਾਈ ਕਢਾਈ ਦਾ ਕੋਰਸ ਕਰਵਾਉਣ ਦਾ ਉੱਦਮ ਵੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ੧੯੯੨ ਵਿਚ ਜਦੋਂ ਬਾਬਰੀ ਮਸਜਿਦ ਢੱਠੀ ਸੀ ਤਾਂ ਅਫਨਗਾਨਿਸਤਾਨ ਵਿਚ ਸਿੱਖਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਸ ਸਮੇਂ ਅਫਗਾਨਿਸਤਾਨ ਅੰਦਰ ੭੫ ਗੁਰਦੁਆਰੇ ਸਨ ਜੋ ਅੱਜ ਕੇਵਲ ੫ ਦੇ ਕਰੀਬ ਹੀ ਰਹਿ ਗਏ ਹਨ।