ਅੰਮ੍ਰਿਤਸਰ, ੨੪ ਸਤੰਬਰ – ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨਾਲ ਇਕੱਤਰਤਾ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਦਾ ਘੇਰਾ ਪਹਿਲਾਂ ਤੋਂ ਵਧਾਇਆ ਗਿਆ ਹੈ, ਜਿਸ ਅਨੁਸਾਰ ਇਸ ਵਾਰ ਨਗਰ ਕੀਰਤਨ ਅੰਮ੍ਰਿਤਸਰ ਸ਼ਹਿਰ ਦੀ ਪੁਰਾਣੀ ਚਾਰ ਦੀਵਾਰੀ ‘ਤੇ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਇਤਿਹਾਸਕ ਦਿਹਾੜੇ ਮੌਕੇ ਸ਼ਹਿਰ ਨੂੰ ਸੁੰਦਰ ਦੀਪਮਾਲਾ ਨਾਲ ਵੀ ਸਜਾਇਆ ਜਾਵੇਗਾ। ਨਗਰ ਕੀਰਤਨ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਤੋਂ ਆਰੰਭ ਹੋ ਕੇ ਨਗਰ ਕੀਰਤਨ ਘਿਓ ਮੰਡੀ, ਸ਼ੇਰਾਂ ਵਾਲਾ ਗੇਟ, ਮਹਾਂ ਸਿੰਘ ਗੇਟ, ਰਾਮ ਬਾਗ ਗੇਟ, ਹਾਲ ਗੇਟ, ਹਾਥੀ ਗੇਟ, ਲੋਹਗੜ੍ਹ ਗੇਟ, ਲਾਹੌਰੀ ਗੇਟ, ਖ਼ਜ਼ਾਨਾ ਗੇਟ, ਹਕੀਮਾਂ ਗੇਟ, ਭਗਤਾਂ ਵਾਲਾ ਗੇਟ, ਗਿਲਵਾਲੀ ਗੇਟ, ਚਾਟੀਵਿੰਡ ਗੇਟ ਤੇ ਸੁਲਤਾਨਵਿੰਡ ਗੇਟ ਰਾਹੀਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੰਨ ਹੋਵੇਗਾ। ਡਾ. ਰੂਪ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਵੱਲੋਂ ਵਸਾਏ ਗਏ ੫੨ ਕਿੱਤਿਆਂ ਦੇ ਲੋਕ ਨਗਰ ਕੀਰਤਨ ਵਿਚ ਸ਼ਾਮਲ ਹੋਣਗੇ ਅਤੇ ਇਸ ਤੋਂ ਇਲਾਵਾ ਅਫਗਾਨੀ ਸਿੱਖ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਮੀਰੀ ਪੀਰੀ ਅਕੈਡਮੀ ਅਮਰੀਕਾ ਦੇ ਸਿੰਘ, ਸਕੂਲਾਂ ਕਾਲਜਾਂ ਦੇ ਵਿਦਿਆਰਥੀ, ਬੀਬੀਆਂ ਦੇ ਜਥੇ, ਗਤਕਾ ਪਾਰਟੀਆਂ, ਸ਼ਬਦੀ ਜਥੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਨਗਰ ਕੀਰਤਨ ਵਿਚ ਕੇਸਰੀ ਦਸਤਾਰਾਂ ਸਜਾ ਕੇ ਸ਼ਾਮਲ ਹੋਣਗੇ ਅਤੇ ਉਹ ਦਸਤਾਰਾਂ ਉਪਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਲਿਖੀਆਂ ਪੱਟੀਆਂ ਵੀ ਸਜਾਉਣਗੇ। ਮੁੱਖ ਸਕੱਤਰ ਅਨੁਸਾਰ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਨੂੰ ਸੁੰਦਰ ਦੀਪਮਾਲਾ ਨਾਲ ਸਜਾਇਆ ਜਾਵੇਗਾ। ਇਸ ਤਹਿਤ ਨਗਰ ਕੀਰਤਨ ਦੇ ਸਮੁੱਚੇ ਰੂਟ ਸਮੇਤ ਬੱਸ ਅੱਡਾ, ਰੇਲਵੇ ਸਟੇਸ਼ਨ, ਏਅਰਪੋਰਟ, ਜੀ.ਟੀ. ਰੋਡ ‘ਤੇ ਵਿਸ਼ੇਸ਼ ਤੌਰ ‘ਤੇ ਦੀਪਮਾਲਾ ਕੀਤੀ ਜਾਵੇਗੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਘਰਾਂ ‘ਤੇ ਦੀਪਮਾਲਾ ਕਰਨ ਤਾਂ ਜੋ ਉਸ ਦਿਨ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲੇ। ਡਾ. ਰੂਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੇ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਜੋ ਸ਼ਹਿਰ ਅੰਦਰ ਵੱਖ-ਵੱਖ ਵਿਦਿਅਕ ਸੰਸਥਾਵਾਂ ਅਤੇ ਸਭਾ-ਸੁਸਾਇਟੀਆਂ ਨਾਲ ਸੰਪਰਕ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ ਸੰਸਥਾਵਾਂ, ਸਭਾ-ਸੁਸਾਇਟੀਆਂ ਅਤੇ ਸੰਗਤਾਂ ਲਈ ਵਿਸ਼ੇਸ਼ ਤੌਰ ‘ਤੇ ਸੱਦਾ ਪੱਤਰ ਅਤੇ ਲੱਡੂਆਂ ਦਾ ਪ੍ਰਸ਼ਾਦ ਤਿਆਰ ਕੀਤਾ ਜਾ ਰਿਹਾ ਹੈ। ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਅੱਜ ਹੋਈ ਇਕੱਤਰਤਾ ਵਿਚ ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਨਿੱਜੀ ਸਕੱਤਰ ਸ. ਜਗਜੀਤ ਸਿੰਘ ਜੱਗੀ, ਵਧੀਕ ਸਕੱਤਰ ਸ. ਬਿਜੈ ਸਿੰਘ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਕੱਤਰ ਸਿੰਘ, ਸ. ਸੁਲੱਖਣ ਸਿੰਘ ਭੰਗਾਲੀ, ਸ. ਹਰਜਿੰਦਰ ਸਿੰਘ ਕੈਰੋਂਵਾਲ, ਸ. ਤੇਜਿੰਦਰ ਸਿੰਘ ਪੱਡਾ, ਸ. ਕਰਮਬੀਰ ਸਿੰਘ ਕਿਆਮਪੁਰ, ਸ. ਨਿਸ਼ਾਨ ਸਿੰਘ, ਸ. ਬਲਵਿੰਦਰ ਸਿੰਘ ਸੁਪ੍ਰਿੰਟੈਂਡੈਂਟ ਧਰਮ ਪ੍ਰਚਾਰ ਕਮੇਟੀ, ਸ. ਹਰਭਜਨ ਸਿੰਘ ਵਕਤਾ ਮੀਡੀਆ ਇੰਚਾਰਜ ਪਬਲੀਸਿਟੀ, ਸ. ਸ਼ਹਿਬਾਜ਼ ਸਿੰਘ ਇੰਚਾਰਜ, ਸ. ਸੁਖਜਿੰਦਰ ਸਿੰਘ ਐਸ.ਡੀ.ਓ. ਸਮੇਤ ਹੋਰ ਮੌਜੂਦ ਸਨ।