ਸ਼੍ਰੋਮਣੀ ਕਮੇਟੀ ਨੇ ਸਕੂਲੀ ਬੱਚਿਆਂ ਦੇ ਸਾਖੀ ਸੁਨਾਉਣ ਦੇ ਮੁਕਾਬਲੇ ਕਰਵਾਏ

ਅੰਮ੍ਰਿਤਸਰ, 5 ਅਕਤੂਬਰ- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਸਕੂਲੀ ਬੱਚਿਆਂ ਦੇ ਵੱਖ-ਵੱਖ ਮੁਕਾਬਲਿਆਂ ਤਹਿਤ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਖੀ ਸੁਣਾਉਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ੩੭ ਸਕੂਲਾਂ ਤੋਂ ਇੱਕ-ਇੱਕ ਵਿਦਿਆਰਥੀ ਨੇ ਭਾਗ ਲਿਆ। ਹਰੇਕ ਬੱਚੇ ਨੂੰ ਸਾਖੀ ਸੁਨਾਉਣ ਲਈ ਤਿੰਨ ਤੋਂ ਪੰਜ ਮਿੰਟ ਦਾ ਸਮਾਂ ਦਿੱਤਾ ਗਿਆ, ਜਿਸ ਵਿਚ ਬੱਚਿਆਂ ਨੇ ਬਾਖੂਬੀ ਪੇਸ਼ਕਾਰੀ ਨਾਲ ਸਾਖੀਆਂ ਸੁਣਾਈਆਂ। ਇਨ੍ਹਾਂ ਮੁਕਾਬਲਿਆਂ ਦੌਰਾਨ ਬੱਚਿਆਂ ਦੀ ਪੇਸ਼ਕਾਰੀ ਪਰਖਣ ਲਈ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦੇ ਸਹਾਇਕ ਪ੍ਰੋਫ਼ੈਸਰ ਸ. ਜਸਵੰਤ ਸਿੰਘ, ਸਰੂਪ ਰਾਣੀ ਸਰਕਾਰੀ ਕਾਲਜ ਦੇ ਸਹਾਇਕ ਪ੍ਰੋਫ਼ੈਸਰ ਸ. ਪਰਮਜੀਤ ਸਿੰਘ ਅਤੇ ਗੁਰਮਤਿ ਪ੍ਰਕਾਸ਼ ਦੇ ਪਰੂਫ਼ ਰੀਡਰ ਸ. ਬਿਕਰਮਜੀਤ ਸਿੰਘ ਨੇ ਸੇਵਾ ਨਿਭਾਈ। ਮੁਕਾਬਲਿਆਂ ਦੀ ਆਰੰਭਤਾ ਸਮੇਂ ਪੁੱਜੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਵੱਖ-ਵੱਖ ਧਾਰਮਿਕ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਇਸ ਵਾਰ ਵੀ ਇਨ੍ਹਾਂ ਮੁਕਾਬਲਿਆਂ ਪ੍ਰਤੀ ਬੱਚਿਆਂ ਵਿਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਸਾਖੀ ਸੁਨਾਉਣ ਦੇ ਮੁਕਾਬਲਿਆਂ ਵਿਚ ਬੱਚਿਆਂ ਨੂੰ ਤਿੰਨ ਵਿਸ਼ੇ ਦਿੱਤੇ ਗਏ, ਜੋ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਪਨ, ਗੁਰਤਾਗੱਦੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਇਨ੍ਹਾਂ ਮੁਕਾਬਲਿਆਂ ਦੌਰਾਨ ਪੁਜੀਸ਼ਨਾਂ ਹਾਸਲ ਕਰਨਗੇ ਉਨ੍ਹਾਂ ਨੂੰ ਗੁਰਪੁਰਬ ਵਾਲੇ ਦਿਨ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਲਖਵਿੰਦਰ ਸਿੰਘ ਬੱਦੋਵਾਲ, ਸਿੱਖ ਇਤਿਹਾਸ ਰੀਸਰਚ ਬੋਰਡ ਦੀ ਸਕਾਲਰ ਡਾ. ਰਣਜੀਤ ਕੌਰ, ਸਕਾਲਰ ਬੀਬੀ ਕਿਰਨਦੀਪ ਕੌਰ, ਪ੍ਰਚਾਰਕ ਭਾਈ ਇੰਦਰਜੀਤ ਸਿੰਘ, ਭਾਈ ਸੁਖਵੰਤ ਸਿੰਘ, ਸੁਪਰਵਾਈਜ਼ਰ ਸ. ਕਾਬਲ ਸਿੰਘ, ਸ. ਸੁਖਬੀਰ ਸਿੰਘ ਖੁਰਮਣੀਆਂ ਆਦਿ ਮੌਜੂਦ ਸਨ।