ਪਹਿਲੇ, ਦੂਜੇ ਅਤੇ ਤੀਜੇ ਸਥਾਨ ਪੁਰ ਆਉਣ ਵਾਲੇ ਵਿਦਿਆਰਥੀਆਂ ਦਾ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ ੧੮ ਸਤੰਬਰ –ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਵੱਖ-ਵੱਖ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਨਾਂ ਵਿਚ ਬੱਚਿਆਂ ਨੂੰ ਗੁਰਮਤਿ ਅਤੇ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਧਾਰਮਿਕ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਸੇ ਤਹਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਸਕੂਲੀ ਬੱਚਿਆਂ ਦੀ ਲਿਖਤੀ ਧਾਰਮਿਕ ਪ੍ਰੀਖਿਆ ਲਈ ਗਈ। ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ੩੭ ਸਕੂਲਾਂ ਦੇ ਲਗਭਗ ੧੮੦ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਹਰ ਸਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਅੰਦਰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਪੰਜਾਬ ਭਰ ਦੇ ਸਕੂਲੀ ਵਿਦਿਆਰਥੀਆਂ ਦੇ ਲਿਖਤੀ ਇਮਤਿਹਾਨ, ਭਾਸ਼ਣ, ਕਵੀਸ਼ਰੀ, ਕਵਿਤਾ, ਸ਼ਬਦ ਕੀਰਤਨ, ਪੇਂਟਿੰਗ ਤੇ ਕੁਇਜ਼ ਮੁਕਾਬਲੇ ਕਰਵਾਏ ਜਾਂਦੇ ਹਨ। ਜਿਸ ਤਹਿਤ ਅੱਜ ਸੰਖੇਪ ਜੀਵਨ ਸ੍ਰੀ ਗੁਰੂ ਰਾਮਦਾਸ ਜੀ, ਜਪੁ ਜੀ ਸਾਹਿਬ ਦੀ ਬਾਣੀ ਵਿਚੋਂ ਸਵਾਲ-ਜਵਾਬ ਅਤੇ ਸਿੱਖ ਰਹਿਤ ਮਰਯਾਦਾ ਦਾ ਲਿਖਤੀ ਇਮਤਿਹਾਨ ਲਿਆ ਗਿਆ ਹੈ ਜਿਸ ਪ੍ਰਤੀ ਬੱਚਿਆਂ ਅੰਦਰ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਸ. ਜੌੜਾਸਿੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ੨੦ ਸਤੰਬਰ ਨੂੰ ਭਾਸ਼ਣ ਮੁਕਾਬਲੇ, ੨੧ ਸਤੰਬਰ ਨੂੰ ਕਵਿਤਾ ਮੁਕਾਬਲੇ, ੨੨ ਸਤੰਬਰ ਨੂੰ ਕਵੀਸ਼ਰੀ ਮੁਕਾਬਲੇ ਅਤੇ ਭਾਈ ਗੁਰਦਾਸ ਹਾਲ, ਨੇੜੇ ਕੋਤਵਾਲੀ (ਟਾਊਨ ਹਾਲ) ਸ੍ਰੀ ਅੰਮ੍ਰਿਤਸਰ ਵਿਖੇ ੨੦ ਸਤੰਬਰ ਨੂੰ ਕੁਇਜ਼ ਮੁਕਾਬਲੇ ਅਤੇ ੨੩ ਸਤੰਬਰ ਨੂੰ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਮੁਕਾਬਲਿਆਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਪੁਰ ਆਉਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ. ਸੁਲੱਖਣ ਸਿੰਘ ਮੈਨੇਜਰ, ਸ. ਸੁਖਰਾਜ ਸਿੰਘ ਅਤੇ ਸ. ਬਘੇਲ ਸਿੰਘ ਐਡੀਸ਼ਨਲ ਮੈਨੇਜਰ, ਸ. ਕਾਬਲ ਸਿੰਘ ਲੁਹਾਰਕਾ ਸੁਪਰਵਾਈਜ਼ਰ, ਬੀਬੀ ਅਮਰਜੀਤ ਕੌਰ, ਬੀਬੀ ਰਣਜੀਤ ਕੌਰ, ਬੀਬੀ ਕਿਰਨਦੀਪ ਕੌਰ ਤੇ ਬੀਬੀ ਪਲਵਿੰਦਰ ਕੌਰ ਸਕਾਲਰ, ਸ. ਗੁਰਭੇਜ ਸਿੰਘ, ਸ. ਜਸਪਾਲ ਸਿੰਘ, ਸ. ਹਰਦੀਪ ਸਿੰਘ, ਬੀਬੀ ਰਜਵੰਤ ਕੌਰ, ਬੀਬੀ ਮਨਜਿੰਦਰ ਕੌਰ, ਬੀਬੀ ਜਸਪ੍ਰੀਤ ਕੌਰ, ਬੀਬੀ ਕਵਲਜੀਤ ਕੌਰ, ਬੀਬੀ ਗੁਰਮੇਲ ਕੌਰ, ਬੀਬੀ ਪਰਮੀਤ ਕੌਰ ਆਦਿ ਹਾਜ਼ਰ ਸਨ।