ਅੰਮ੍ਰਿਤਸਰ, 10 ਅਗਸਤ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅਦਾਰੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ ਵੱਲਾ, ਸ੍ਰੀ ਅੰਮ੍ਰਿਤਸਰ ਵਿਖੇ ਭਲਕੇ ੧੧ ਅਗਸਤ ਨੂੰ ਪਹਿਲੀ ‘ਸਾਊਂਡ ਨੈਸ਼ਨਲ ਕਾਨਫਰੰਸ’ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਅਤੇ ਮੈਡੀਕਲ ਟਰੱਸਟ ਦੇ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਭਲਕੇ ੧੧ ਅਗਸਤ ਨੂੰ ਸਵੇਰੇ ੧੧:੦੦ ਵਜੇ ਹੋਣ ਵਾਲੀ ਇਸ ਕਾਨਫਰੰਸ ਵਿਚ ਅਲੀ ਯਾਵਰ ਜੰਗ ਨੈਸ਼ਨਲ ਇੰਸਟੀਚਿਊਟ ਦੇ ਡਾਇਰੈਕਟਰ ਸ੍ਰੀ ਏ. ਕੇ. ਸਿਨਹਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਡਾ. ਬਲਜੀਤ ਕੌਰ ਵਿਸ਼ੇਸ਼ ਮਹਿਮਾਨ ਹੋਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਬਚਪਨ ਤੋਂ ਸੁਣਨ ਤੇ ਬੋਲਣ ਤੋਂ ਅਸਮਰਥ ਰਹੇ ਬੱਚਿਆਂ ਸਬੰਧੀ ਹੋਣ ਵਾਲੀ ਦੇਸ਼ ਦੀ ਇਹ ਪਹਿਲੀ ਕਾਨਫਰੰਸ ਸ਼੍ਰੋਮਣੀ ਕਮੇਟੀ ਦੇ ਅਦਾਰੇ ਵਿਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਇਹ ਸਦਾ ਹੀ ਕੋਸ਼ਿਸ਼ ਰਹੀ ਹੈ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਬੇਹਤਰ ਸਹੂਲਤਾਂ ਦੇ ਨਾਲ-ਨਾਲ ਨਵੀਆਂ ਤਕਨੀਕਾਂ ਅਤੇ ਇਲਾਜ਼ ਪ੍ਰਬੰਧ ਲਈ ਪਹੁੰਚ ਕੀਤੀ ਜਾਵੇ।