asinghਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਉਚੇਚੇ ਤੌਰ ‘ਤੇ ਪਹੁੰਚਣਗੇ

ਸਮੂਹ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਪਹੁੰਚਣ ਦੀ ਕੀਤੀ ਅਪੀਲ

ਅੰਮ੍ਰਿਤਸਰ 25 ਫਰਵਰੀ (        ) ਲੰਗਰ ਦੀ ਪ੍ਰਥਾ ਸਿੱਖ ਧਰਮ ਦੀ ਮਹਾਨ ਦੇਣ ਹੈ।ਬਾਕੀ ਸਾਰੇ ਧਰਮਾਂ ਨਾਲੋਂ ਵਿਲੱਖਣਤਾ ਦੀ ਮੁੱਢਲੀ ਨਿਸ਼ਾਨੀ ਹੀ ਇਹ ਹੈ।ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ੨੦ ਰੁਪਏ ਦੇ ਸੱਚੇ ਸੌਦੇ ਨਾਲ ਲੋੜਵੰਦਾਂ ਨੂੰ ਲੰਗਰ ਛਕਾ ਕੇ ਇਸ ਪ੍ਰਥਾ ਦੀ ਨੀਂਹ ਰੱਖੀ ਤੇ ਫੇਰ ਬਾਕੀ ਗੁਰੂ ਸਾਹਿਬਾਨ ਨੇ ਇਸ ਪ੍ਰਥਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ੇ ਸਿਧਾਤਾਂ ਤੇ ਚੱਲਦੇ ਹੋਏ ਅੱਗੇ ਤੋਰਿਆ।ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤਾਂ ਨੂੰ ਪਹਿਲਾਂ ਪੰਗਤ, ਪਾਛੇ ਸੰਗਤ ਦਾ ਸੰਦੇਸ਼ ਦੇ ਕੇ ਇਸ ਪ੍ਰਥਾ ਨੂੰ ਹੋਰ ਵੀ ਬੁਲੰਦੀਆਂ ਤੱਕ ਪਹੁੰਚਾਇਆ।ਇਨ੍ਹਾਂ ਸਿਧਾਂਤਾਂ ਤੇ ਚੱਲਦੇ ਹੋਏ ਅੱਜ ਦੁਨੀਆਂ ਦੇ ਹਰ ਕੋਨੇ ਵਿੱਚ ਜਿੱਥੇ ਕਿਤੇ ਵੀ ਸਿੱਖ ਧਰਮਸ਼ਾਲ (ਗੁਰਦੁਆਰਾ ਸਾਹਿਬ) ਸਥਿਤ ਹੈ ਓਥੇ ਹੀ ਬਿਨਾਂ ਕਿਸੇ ਜਾਤ-ਪਾਤ, ਉਚ-ਨੀਚ ਦੇ ਭਿੰਨ ਭੇਦ ਦੇ ਹਰ ਗਰੀਬ, ਲੋੜਵੰਦ ਤੇ ਦੂਰ-ਦੁਰਾਂਡੇ ਤੋਂ ਦਰਸ਼ਨਾਂ ਲਈ ਆਈਆਂ ਸੰਗਤਾਂ ਨੂੰ ਬੜੀ ਸ਼ਰਧਾ-ਭਾਵਨਾ ਨਾਲ ਲੰਗਰ ਛਕਾਇਆ ਜਾਂਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਕੀਤਾ।ਉਨ੍ਹਾਂ ਕਿਹਾ ਕਿ ਸਿੱਖੀ ਸਿਧਾਂਤਾਂ ਤੇ ਚੱਲਦੇ ਹੋਏ ਸਵਰਗੀ ਬੀਬੀ ਸੁਰਿੰਦਰ ਕੌਰ ਬਾਦਲ ਵੱਲੋਂ ਲਮੇਰੇ ਸਮੇਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੂਰ-ਦੁਰਾਂਡੇ ਤੋਂ ਆਈਆਂ ਸੰਗਤਾਂ ਲਈ ਹਰ ਸਿੱਖ ਨੂੰ ਰੋਜ਼ਾਨਾ ਸ੍ਰੀ ਗੁਰੂ ਰਾਮਦਾਸ ਲੰਗਰ ਦੀ ਸੇਵਾ ਕਰਨ ਲਈ ਪ੍ਰੇਰਿਆ ਗਿਆ ਸੀ।ਉਸੇ ਕੜੀ ਨੂੰ ਅੱਗੇ ਤੋਰਦੇ ਹੋਏ ੨੬ ਫਰਵਰੀ ਦਿਨ ਸ਼ੁੱਕਰਵਾਰ ਦੁਪਹਿਰ ੧੨ ਵਜੇ ਲੁਧਿਆਣੇ ਦੇ ਹਲਕਾ ਮੈਂਬਰ ਸਾਹਿਬਾਨ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਮਾਡਲ ਟਾਊਨ ਐਕਸਟੈਨਸ਼ਨ ਤੋਂ ਲੰਗਰ ਦੀ ਸੇਵਾ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਪਹੁੰਚਣਗੇ।ਉਨ੍ਹਾਂ ਕਿਹਾ ਕਿ ਸਤਿਗੁਰੂ ਵੱਲੋਂ ਬਖਸ਼ੀ ਇਸ ਸੇਵਾ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਜੀ ਬਾਦਲ ਉਚੇਚੇ ਤੌਰ ‘ਤੇ ਗੁਰਦੁਆਰਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸ਼ਿਰਕਤ ਕਰਦੇ ਹੋਏ ਅੰਤ੍ਰਿੰਗ ਕਮੇਟੀ ਮੈਂਬਰਾਂ ਤੇ ਸਮੂਹ ਮੈਂਬਰ ਸਾਹਿਬਾਨ ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਨਾਲ ਜ਼ਰੂਰੀ ਵਿਚਾਰਾਂ ਕਰਨਗੇ।ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰਾਂ ਅਤੇ ਸਮੂਹ ਮੈਂਬਰ ਸਾਹਿਬਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਦਿਨ ਸਮੇਂ ਸਿਰ ਗੁਰਦੁਆਰਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਪਹੁੰਚਣ ਦੀ ਖੇਚਲ ਕਰਨ।ਉਨ੍ਹਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਅਤੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਹਾਸਲ ਕਰਨ।