ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ (ਗੁਰਦਾਸਪੁਰ)

ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ, ਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਯਾਤਰਾ ਦੇ ਆਖ਼ਰੀ ਪੜਾਅ ਦੀ ਯਾਦਗਾਰ ਵਜੋਂ ਸੁਭਾਇਮਾਨ ਹੈ। ਆਦਿ ਗੁਰੂ, ਗੁਰੂ ਨਾਨਕ ਦੇਵ ਜੀ, ਆਪਣੀ ਸੰਸਾਰਿਕ ਯਾਤਰਾ ਸੰਪੂਰਨ ਕਰ 22 ਸਤੰਬਰ, 1539 ਈ: ਨੂੰ ਕਰਤਾਰਪੁਰ ਵਿਖੇ ਅਕਾਲ ਪੁਰਖ ਵਿਚ ਅਭੇਦ ਹੋ ਗਏ। ਅੰਤਮ ਸੰਸਕਾਰ ਦੇ ਅਸਥਾਨ ‘ਤੇ ਪ੍ਰੇਮੀ ਗੁਰਸਿੱਖਾਂ ਵੱਲੋਂ ਯਾਦਗਾਰ ਕਾਇਮ ਕੀਤੀ ਗਈ, ਜਿਸ ਨੂੰ ਰਾਵੀ ਦਰਿਆ ਨੇ ਆਪਣੇ ਨਾਲ ਇਕਮਿਕ ਕਰ ਲਿਆ। ਗੁਰੂ ਨਾਨਕ ਸਾਹਿਬ ਜੀ ਦੀ ਅੰਤਮ ਯਾਦਗਾਰ ਰਾਵੀ ਦਰਿਆ ਵਿਚ ਵਿਲੀਨ ਹੋਣ ਪਿੱਛੋਂ ਬਾਬਾ ਸ੍ਰੀ ਚੰਦ ਤੇ ਉਨ੍ਹਾਂ ਦੇ ਭਤੀਜੇ ਭਾਈ ਧਰਮਦਾਸ ਨੇ ਰਾਵੀ ਦਰਿਆ ਦੇ ਦੂਸਰੇ ਪਾਸੇ ਭਾਈ ਅਜਿਤੇ ਰੰਧਾਵੇ ਦੇ ਖੂਹ ‘ਤੇ ‘ਗੁਰੂ ਨਾਨਕ ਸਾਹਿਬ’ ਦੀ ਯਾਦਗਾਰ ਕਾਇਮ ਕੀਤੀ, ਜਿਸ ਅਸਥਾਨ ‘ਤੇ ਗੁਰੂ ਨਾਨਕ ਸਾਹਿਬ ਆਪਣੇ ਪ੍ਰੇਮੀ ਗੁਰਸਿੱਖਾਂ ਭਾਈ ਅਜਿਤੇ ਰੰਧਾਵੇ ਨੂੰ ਮਿਲਣ ਆਏ ਸਨ। ਸਮੇਂ ਦੇ ਨਾਲ ਆਲੇ-ਦੁਆਲੇ ਨਗਰ ਅਬਾਦ ਹੋ ਗਿਆ ਜਿਸ ਨੂੰ ਹੁਣ ‘ਡੇਰਾ ਬਾਬਾ ਨਾਨਕ’ ਕਿਹਾ ਜਾਂਦਾ ਹੈ। ਪੰਚਮ ਪਾਤਸ਼ਾਹ, ਗੁਰੂ ਅਰਜਨ ਦੇਵ ਜੀ, ਭਾਈ ਧਰਮਦਾਸ ਦੇ ਅਕਾਲ ਚਲਾਣੇ ਉਪਰੰਤ ਇਥੇ ਆਏ, ‘ਕੀਰਤਨ ਅਸਥਾਨ’ ਤੇ ਬੈਠ ਕੇ ਪ੍ਰਭੂ ਦੀ ਸਿਫ਼ਤ ਸਾਲਾਹ ਵਜੋਂ ਕੀਰਤਨ ਕਰਨ ਦੀ ਮਰਯਾਦਾ ਕਾਇਮ ਕੀਤੀ। 1827 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ ਦੇ ਅਸਥਾਨ ਨੂੰ ਬਹੁਤ ਸਾਰੀ ਨਗਦੀ ਤੇ ਜਗੀਰ ਦੇ ਰੂਪ ਵਿਚ ਜਾਇਦਾਦ ਭੇਂਟ ਕੀਤੀ ਅਤੇ ‘ਦਰਬਾਰ ਸਾਹਿਬ’ ਦੀ ਇਮਾਰਤ ਦੀ ਨਵਉਸਾਰੀ ਤੇ ਸੋਨੇ ਦੀ ਸੇਵਾ ਕਰਵਾਈ।

‘ਸ੍ਰੀ ਦਰਬਾਰ ਸਾਹਿਬ’ ਵਿਖੇ ਪਹਿਲੀ-ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਵਿਸਾਖੀ ਤੇ ਸਾਲਾਨਾ ਜੋੜ ਮੇਲਾ (ਚੋਲਾ ਸਾਹਿਬ) ਹਰ ਸਾਲ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ। ਇਸ ਅਸਥਾਨ ਦਾ ਪ੍ਰਬੰਧ ਹੁਣ ਸ਼੍ਰੋਮਣੀ ਗੁ: ਪ੍ਰ: ਕਮੇਟੀ ਪਾਸ ਹੈ। ਯਾਤਰੂਆਂ ਦੀ ਰਿਹਾਇਸ਼ ਲਈ ਪੰਜ ਕਮਰੇ ਹਨ ਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਵਧੀਆ ਹੈ। ਗੁ: ਡੇਰਾ ਸਾਹਿਬ ਦੇ ਨਜ਼ਦੀਕ ਹੀ ਗੁਰਦੁਆਰਾ ਲੰਗਰ ਮੰਦਰ ਚੋਲਾ ਸਾਹਿਬ ਦੇਖਣਯੋਗ ਹੈ। ਕਿਹਾ ਜਾਂਦਾ ਹੈ ਕਿ ਇਹ ਚੋਲਾ ਗੁਰੂ ਜੀ ਨੂੰ ਬਗਦਾਦ ਫੇਰੀ ਸਮੇਂ ਉਥੋਂ ਦੇ ਕਾਜ਼ੀਆਂ ਭੇਂਟ ਕੀਤਾ ਸੀ। ਇਹ ਚੋਲਾ ਹੁਣ ਬੇਦੀ ਪਰਿਵਾਰ ਪਾਸ ਹੈ।

‘ਡੇਰਾ ਬਾਬਾ ਨਾਨਕ’ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਮੁੱਖ ਇਤਿਹਾਸਕ ਨਗਰ ਹੈ ਜੋ ਰੇਲਵੇ ਮਾਰਗ ਰਾਹੀਂ ਸ੍ਰੀ ਅੰਮ੍ਰਿਤਸਰ ਅਤੇ ਸੜਕੀ ਮਾਰਗ ਰਾਹੀਂ ਗੁਰਦਾਸਪੁਰ, ਬਟਾਲਾ, ਅਜਨਾਲਾ ਤੇ ਅੰਮ੍ਰਿਤਸਰ ਨਾਲ ਜੁੜਿਆ ਹੈ। ਇਹ ਅਸਥਾਨ ਸ੍ਰੀ ਅੰਮ੍ਰਿਤਸਰ ਤੋਂ 55 ਕਿਲੋਮੀਟਰ ਤੇ ਬਟਾਲੇ ਤੋਂ 29 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

 

Gurdwara Text Courtesy :- Dr. Roop Singh, Secretary S.G.P.C.