ਜੈਸਮੀਨ, ਚਮੇਲੀ, ਮਧੁਮਾਲਤੀ, ਕਲੋਰੋਟਨਡਨ, ਟੀਕੋਮਾਂ ਦੇ ਨਾਲ ਨਾਲ ਅੰਬਾਂ ਦੇ ਬੂਟੇ ਵੰਡਣਗੇ ਹਰਿਆਵਲ

ਅੰਮ੍ਰਿਤਸਰ, 7 ਅਗਸਤ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਦੇ ਵਰਾਂਡਿਆਂ ‘ਤੇ ਹੁਣ ਹਰੀਆਂ ਭਰੀਆਂ ਵੇਲਾਂ ਵੀ ਦਿਖਾਈ ਦੇਣਗੀਆਂ। ਇਸ ਦੇ ਨਾਲ ਹੀ ਵਿਸ਼ੇਸ਼ ਕਿਸਮ ਦੇ ਅੰਬਾਂ ਦੇ ਬੂਟੇ ਵੀ ਪਰਕਰਮਾਂ ਵਿਚ ਸੰਗਤ ਦੀ ਨਜ਼ਰ ਪੈਣਗੇ। ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ। ਵੇਲਾਂ ਦੇ ਬੂਟੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਦੇ ਵਰਾਂਡਿਆਂ ਦੀ ਦੂਸਰੀ ਮੰਜ਼ਿਲ ‘ਤੇ ਲਗਾਏ ਗਏ ਹਨ। ਬੂਟੇ ਲਗਾਉਣ ਦੀ ਸ਼ੁਰੂਆਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਸੁਖਦੇਵ ਸਿੰਘ ਭੂਰਾਕੋਹਨਾ, ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸ. ਕੁਲਵਿੰਦਰ ਸਿੰਘ ਰਮਦਾਸ ਅਤੇ ਹੋਰ ਮੌਜੂਦ ਸਨ। ਹਰਿਆਵਲ ਭਰਪੂਰ ਫੁੱਲਦਾਰ ਵੇਲਾਂ ਦੀ ਸੇਵਾ ਆਈਐਚਏ ਫਾਊਂਡੇਸ਼ਨ ਕਲਕੱਤਾ ਦੇ ਚੇਅਰਮੈਨ ਡਾ. ਸਤਨਾਮ ਸਿੰਘ ਆਹਲੂਵਾਲੀਆ ਵੱਲੋਂ ਕੀਤੀ ਗਈ ਹੈ, ਜਦਕਿ ਅੰਬਾਂ ਦੇ ਬੂਟੇ ਵਾਤਾਵਰਨ ਪ੍ਰੇਮੀ ਸਵਾਮੀ ਜੀ ਹੁਸ਼ਿਆਰਪੁਰ ਵਾਲਿਆਂ ਨੇ ਭੇਟ ਕੀਤੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਇਸ ਨੂੰ ਇਕ ਚੰਗਾ ਕਾਰਜ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਅੰਦਰ ਵਾਤਾਵਰਨ ਸਬੰਧੀ ਉਪਦੇਸ਼ ਦਰਜ਼ ਹੈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਗਾਏ ਪੌਦਿਆਂ ਤੋਂ ਸੰਗਤ ਪ੍ਰੇਰਣਾ ਪ੍ਰਾਪਤ ਕਰੇਗੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਬੇਸ਼ੱਕ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਵਿਚ ਵੱਡਅਕਾਰੀ ਗਮਲਿਆਂ ਅੰਦਰ ਪਹਿਲਾਂ ਵੀ ਬੂਟੇ ਲਗਾਏ ਗਏ ਹਨ, ਪਰੰਤੂ ਹੁਣ ਇਨ੍ਹਾਂ ਵਿਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਲਕੱਤਾ ਵਾਸੀ ਡਾ. ਸਤਨਾਮ ਸਿੰਘ ਆਹਲੂਵਾਲੀਆ ਵੱਲੋਂ ਕੁਝ ਖ਼ਾਸ ਕਿਸਮ ਦੀਆਂ ਵੇਲਾਂ ਦੀ ਸੇਵਾ ਕੀਤੀ ਗਈ ਹੈ। ਇਨ੍ਹਾਂ ਵਿਚ ਜੈਸਮੀਨ, ਚਮੇਲੀ, ਮਧੁਮਾਲਤੀ, ਕਲੋਰੋਟਨਡਨ ਅਤੇ ਟੀਕੋਮਾਂ ਕਿਸਮ ਦੀਆਂ ਵੇਲਾਂ ਸ਼ਾਮਲ ਹਨ। ਇਹ ਵੇਲਾਂ ਪਰਕਰਮਾ ਦੇ ਵਰਾਂਡਿਆਂ ਦੀ ਦੂਸਰੀ ਮੰਜ਼ਿਲ ‘ਤੇ ਵਿਸ਼ੇਸ਼ ਗਮਲਿਆਂ ਵਿਚ ਲਗਾਈਆਂ ਗਈਆਂ ਹਨ, ਜੋ ਵੱਖ-ਵੱਖ ਮੌਸਮਾਂ ਵਿਚ ਹਰਿਆਵਲ ਦੇਣਗੀਆਂ। ਉਨ੍ਹਾਂ ਦੱਸਿਆ ਕਿ ਹਰ ਇਕ ਗਮਲੇ ਅੰਦਰ ਵੱਖ-ਵੱਖ ਕਿਸਮ ਦੀਆਂ ਚਾਰ-ਚਾਰ ਵੇਲਾਂ ਲਗਾਈਆਂ ਗਈਆਂ ਹਨ, ਤਾਂ ਜੋ ਆਪੋ-ਆਪਣੇ ਮੌਸਮ ਵਿਚ ਨਿਰੰਤਰ ਖਿੜੀਆਂ ਰਹਿਣ। ਫਿਲਹਾਲ ਵੇਲਾਂ ਦੇ ੬੦ ਬੂਟੇ ਲਗਾਏ ਗਏ ਹਨ, ਜਿਨ੍ਹਾਂ ਵਿਚ ਹੋਰ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਕਰਮਾਂ ਅੰਦਰ ਅੰਬਾਂ ਦੇ ਬੂਟੇ ਵੀ ਲਗਾਏ ਗਏ ਹਨ, ਜੋ ਅਮਰਪਾਲੀ ਕਿਸਮ ਦੇ ਹਨ। ਉਨ੍ਹਾਂ ਦੱਸਿਆ ਕਿ ਅੰਬਾਂ ਦੇ ਬੂਟਿਆਂ ਦੀ ਸੇਵਾ ਹੁਸ਼ਿਆਰਪੁਰ ਵਾਸੀ ਵਾਤਾਵਰਨ ਪ੍ਰੇਮੀ ਸਵਾਮੀ ਜੀ ਕਰਵਾ ਰਹੇ ਹਨ। ਇਹ ਅੰਬਾਂ ਦੇ ਬੂਟੇ ਝਾੜੀ ਦੀ ਤਰ੍ਹਾਂ ਹੋਣਗੇ ਅਤੇ ਕੇਵਲ ੫ ਤੋਂ ੬ ਫੁੱਟ ਦੀ ਉਚਾਈ ਤੱਕ ਰਹਿਣਗੇ। ਮੁੱਖ ਸਕੱਤਰ ਨੇ ਇਹ ਵੀ ਦੱਸਿਆ ਹੈ ਕਿ ਪਰਕਰਮਾਂ ਅੰਦਰ ਐਰੋਕੇਰੀ ਦੇ ਬੂਟੇ ਵੀ ਲਗਾਏ ਗਏ ਹਨ। ਇਹ ਹਰ ਮੌਸਮ ਵਿਚ ਹਰਿਆਵਲ ਬਿਖੇਰਨਗੇ। ਇਨ੍ਹਾਂ ਦੀ ਖਾਸੀਅਤ ਹੈ ਕਿ ਇਹ ਹਰ ਸਮੇਂ ਆਕਸੀਜਨ ਵੰਡਦੇ ਹਨ। ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਬੂਟੇ ਲਗਾਉਣ ਦਾ ਮੰਤਵ ਸੰਗਤ ਅੰਦਰ ਵਾਤਾਵਰਨ ਦੀ ਸ਼ੁਧਤਾ ਸਬੰਧੀ ਚੇਤਨਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਅੰਦਰ ਵਰਟੀਕਲ ਗਾਰਡਨ ਅਤੇ ਰੂਪ ਗਾਰਡਨ ਵੀ ਲਗਾਏ ਜਾ ਚੁੱਕੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਥੇ ਲਗਾਏ ਗਏ ਬੂਟਿਆਂ ਕਾਰਨ ਜਿਥੇ ਸੰਗਤ ਨੂੰ ਤਪਸ਼ ਅਤੇ ਲਿਸ਼ਕੋਰ ਤੋਂ ਛੁਟਕਾਰਾ ਮਿਲੇਗਾ, ਉਥੇ ਹੀ ਵਾਤਾਵਰਨ ਸਬੰਧੀ ਭਰਪੂਰ ਅਤੇ ਹਰਿਆ-ਭਰਿਆ ਬਣੇਗਾ। ਇਸ ਮੌਕੇ ਸ. ਸਤਨਾਮ ਸਿੰਘ ਆਹਲੂਵਾਲੀਆ, ਉਨ੍ਹਾਂ ਦੀ ਪਤਨੀ ਬੀਬੀ ਗੁਰਬੀਰ ਕੌਰ ਅਤੇ ਮੈਡਮ ਕਸਤੂਰੀ ਮੁਖਰਜੀ ਨੂੰ ਗਿਆਨੀ ਜਗਤਾਰ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਦਿੱਤਾ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਸੁਖਜਿੰਦਰ ਸਿੰਘ ਐਸ.ਡੀ.ਓ., ਸ. ਰਾਮ ਸਿੰਘ ਭਿੰਡਰ, ਸ. ਹਰਮੀਤ ਸਿੰਘ ਆਦਿ ਵੀ ਮੌਜੂਦ ਸਨ।