ਅੰਮ੍ਰਿਤਸਰ, 22 ਮਈ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚਕਾਰ ਸਥਿਤ ਪਾਰਕਾਂ ਨੂੰ ਖ਼ੂਬਸੂਰਤ ਦਿੱਖ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੇ ਗਏ ਯਤਨਾਂ ਤਹਿਤ ਅੱਜ ਅਹਿਮਦਾਬਾਦ ਦੀ ਇਕ ਲੈਂਡਸਕੇਪਿੰਗ ਕੰਪਨੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਪਾਰਕਾਂ ਲਈ ਤਿਆਰ ਕੀਤੇ ਵੱਖ-ਵੱਖ ਤਰ੍ਹਾਂ ਦੇ ਨਮੂਨੇ (ਡਿਜ਼ਾਈਨ) ਦਿਖਾਏ ਗਏ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਪਾਰਕਾਂ ਲਈ ਨਵੀਂ ਵਿਉਂਤਬੰਦੀ ਕੀਤੀ ਜਾ ਰਹੀ ਹੈ ਅਤੇ ਇਸ ਕਾਰਜ ਲਈ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਅਹਿਮਦਾਬਾਦ ਦੀ ਕੰਪਨੀ ਵੱਲੋਂ ਪਾਰਕਾਂ ਲਈ ਤਿਆਰ ਕੀਤੇ ਗਏ ਨਮੂਨੇ ਦਿਖਾਉਣ ਸਮੇਂ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਤੋਂ ਇਲਾਵਾ ਬਾਬਾ ਸੁਖਵਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ ਤੇ ਸ. ਅਵਤਾਰ ਸਿੰਘ ਸੈਂਪਲਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਤਿਆਰ ਕੀਤੀਆਂ ਜਾ ਰਹੀਆਂ ਇਨ੍ਹਾਂ ਪਾਰਕਾਂ ਸਬੰਧੀ ਅੱਜ ਇਕ ਕੰਪਨੀ ਵੱਲੋਂ ਤਿਆਰ ਕੀਤੇ ਗਏ ਪ੍ਰਸਤਾਵ ਦੇਖਣ ਤੋਂ ਬਾਅਦ ਇਨ੍ਹਾਂ ‘ਤੇ ਵਿਚਾਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਾਰਕਾਂ ਦੇ ਨਮੂਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦ੍ਰਿਸ਼ਟੀਗੋਚਰ ਕਰਨ ਤੋਂ ਬਾਅਦ ਅੰਤਮ ਫੈਸਲੇ ਲਈ ਅੰਤ੍ਰਿੰਗ ਕਮੇਟੀ ਵਿਚ ਪੇਸ਼ ਕੀਤੇ ਜਾਣਗੇ।
ਇਸ ਮੌਕੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਕੱਤਰ ਸਿੰਘ, ਸ. ਚਾਨਣ ਸਿੰਘ, ਸ. ਸੁਲੱਖਣ ਸਿੰਘ ਭੰਗਾਲੀ, ਸ. ਮਨਜਿੰਦਰ ਸਿੰਘ ਮੰਡ ਮੈਨੇਜਰ, ਸ. ਮੁਖਤਾਰ ਸਿੰਘ ਮੈਨੇਜਰ ਸਰਾਵਾਂ, ਸ. ਸੁਖਰਾਜ ਸਿੰਘ ਵਧੀਕ ਮੈਨੇਜਰ, ਸ. ਸੁਖਜਿੰਦਰ ਸਿੰਘ ਐਸ.ਡੀ.ਓ., ਸ. ਰਾਮ ਸਿੰਘ ਭਿੰਡਰ ਸਾਬਕਾ ਮੀਤ ਸਕੱਤਰ ਸਮੇਤ ਹੋਰ ਹਾਜ਼ਰ ਸਨ।