ਅੰਮ੍ਰਿਤਸਰ, 24 ਮਈ-
ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਸੰਗਤਾਂ ਵੱਲੋਂ ਕਣਕ ਭੇਜਣ ਦੀ ਲਗਾਤਾਰਤਾ ਵਿਚ ਐਤਵਾਰ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਹਲਕਾ ਖੇਮਕਰਨ ਤੋਂ 552 ਕੁਇੰਟਲ ਅਤੇ ਪਟਿਆਲਾ ਦੇ ਸਨੌਰ ਤੋਂ 192 ਕੁਇੰਟਲ ਕਣਕ ਪੁੱਜੀ। ਇਸ ਤੋਂ ਇਲਾਵਾ ਲੋਕ ਸਭਾ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਤੋਂ ਵੀ ਸੰਗਤਾਂ ਵੱਲੋਂ ਕਣਕ ਭੇਟ ਕਰ ਕੇ ਸ਼ਰਧਾ ਪ੍ਰਗਟਾਈ ਗਈ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਸੰਗਤਾਂ ਸ੍ਰੀ ਦਰਬਾਰ ਸਾਹਿਬ ਲਈ ਵੱਡੀ ਪੱਧਰ ’ਤੇ ਕਣਕ ਦੀ ਸੇਵਾ ਭੇਜ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਦੌਰਾਨ ਲੋੜਵੰਦਾਂ ਲਈ ਕੀਤੀ ਸੇਵਾ ਨੂੰ ਵੇਖਦਿਆਂ ਸ਼ਰਧਾਲੂ ਗੁਰੂ ਘਰ ਦੇ ਲੰਗਰ ਲਈ ਆਪਣੀ ਸਮਰੱਥਾ ਅਨੁਸਾਰ ਹਿੱਸਾ ਪਾ ਰਹੇ ਹਨ। ਹਲਕਾ ਖੇਮਕਰਨ ਤੋਂ ਕਣਕ ਲੈ ਕੇ ਪੁੱਜੇ ਸਾਬਕਾ ਵਿਧਾਇਕ ਸ. ਵਿਰਸਾ ਸਿੰਘ ਵਲਟੋਹਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ ਨੇ ਕਿਹਾ ਕਿ ਸਿੱਖ ਕੌਮ ਅੰਦਰ ਲੰਗਰ ਪ੍ਰਥਾ ਦਾ ਸਿਧਾਂਤ ਪੂਰੀ ਮਾਨਵਤਾ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਪੀਲ ਦੀ ਮੱਦੇਨਜ਼ਰ ਸੰਗਤਾਂ ਵਿਚ ਲੰਗਰਾਂ ਲਈ ਕਣਕ ਭੇਜਣ ਪ੍ਰਤੀ ਵੱਡਾ ਉਤਸ਼ਾਹ ਹੈ।
ਇਸੇ ਦੌਰਾਨ ਸੰਗਤਾਂ ਸਮੇਤ ਕਣਕ ਲੈ ਕੇ ਪੁੱਜੇ ਸਨੌਰ ਤੋਂ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਦੌਰਾਨ ਲੋੜਵੰਦਾਂ ਦੀ ਮੱਦਦ ਲਈ ਨਿਭਾਈਆਂ ਸੇਵਾਵਾਂ ਦੀ ਭਰਵੀਂ ਸ਼ਲਾਘਾ ਕੀਤੀ। ਸ. ਚੰਦੂਮਾਜਰਾ ਨੇ ਦੱਸਿਆ ਕਿ ਹਲਕਾ ਸਨੌਰ ਦੀ ਸੰਗਤ ਵੱਲੋਂ ਇਕੱਤਰ ਕੀਤੀ ਕਣਕ ਵਿੱਚੋਂ 192 ਕੁਇੰਟਲ ਕਣਕ ਸ੍ਰੀ ਦਰਬਾਰ ਸਾਹਿਬ ਅਤੇ 200 ਕੁਇੰਟਲ ਦੇ ਕਰੀਬ ਕਣਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਂਵੀਂ ਬਹਾਦਰਗੜ੍ਹ ਪਟਿਆਲਾ ਵਿਖੇ ਭੇਟ ਕੀਤੀ ਗਈ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਤੇ ਸ. ਨਿਸ਼ਾਨ ਸਿੰਘ ਨੇ ਕਣਕ ਲੈ ਕੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ. ਜਗਜੀਤ ਸਿੰਘ ਕੋਹਲੀ, ਸਿਆਸੀ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਕੁਲਦੀਪ ਸਿੰਘ ਹਰਪਾਲਪੁਰ, ਸ. ਮੁਸਤਾਨ ਸਿੰਘ, ਸ. ਕਰਨਬੀਰ ਸਿੰਘ, ਸ. ਜਤਿੰਦਰ ਸਿੰਘ ਪਹਾੜੀਪੁਰ, ਸ. ਜਸਪ੍ਰੀਤ ਸਿੰਘ ਬੱਤਾ, ਸ. ਗੁਰਦਿਦਾਰ ਸਿੰਘ ਬੈਂਕਾ, ਸ. ਸੁਖਵਿੰਦਰ ਸਿੰਘ ਵਾਰਾਤੇਲੀਆਂ, ਸ ਬਲਵਿੰਦਰ ਸਿੰਘ ਕਲਸੀਆਂ, ਸ. ਰਣਜੀਤ ਸਿੰਘ ਨਾਰਲੀ, ਸ. ਸਾਹਿਬ ਸਿੰਘ ਅਮੀਸ਼ਾਹ, ਸ. ਧਰਮਿੰਦਰ ਸਿੰਘ ਮਾਹਨੇਕੇ, ਸ. ਹਰਮਿੰਦਰ ਸਿੰਘ, ਸ. ਹਰਜੀਤ ਸਿੰਘ, ਸ. ਪ੍ਰਗਟ ਸਿੰਘ, ਸ. ਰਵਿੰਦਰ ਸਿੰਘ ਸਨੌਰ, ਸ. ਬਿਕਰਮ ਸਿੰਘ ਫਰੀਦਪੁਰ, ਸ. ਸਤਪਾਲ ਸਿੰਘ ਮਹਿਮਦਪੁਰ, ਸ. ਜਸਵੀਰ ਸਿੰਘ ਹਸਨਪੁਰ, ਸ. ਗੁਰਵਿੰਦਰ ਸਿੰਘ ਮਿੱਠੂਮਾਜਰਾ, ਸ. ਵਰਿੰਦਰ ਸਿੰਘ ਠਕਾਲਾ ਆਦਿ ਮੌਜੂਦ ਸਨ।
ਜਲਾਲਾਬਾਦ ਦੀ ਸੰਗਤ ਲੰਗਰ ਲਈ ਕਣਕ ਲੈ ਕੇ ਪੁੱਜੀ, ਸਕੱਤਰ ਸ. ਆਹਲੀ ਨੇ ਕੀਤਾ ਸਨਮਾਨਿਤ
ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਲਈ ਕਣਕ ਲੈ ਕੇ ਪੁੱਜੀਆਂ ਜਲਾਲਾਬਾਦ ਦੀਆਂ ਸੰਗਤਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ ਵੱਲੋਂ ਸਨਮਾਨ ਕੀਤਾ ਗਿਆ। ਲੋਕ ਸਭਾ ਹਲਕਾ ਫਿਰੋਜ਼ਪੁਰ ’ਚ ਪੈਂਦੇ ਜਲਾਲਾਬਾਦ ਤੋਂ ਸੰਗਤ ਨੇ ਸਮੂਹਿਕ ਰੂਪ ਵਿਚ ਕਣਕ ਇਕੱਤਰ ਕਰਕੇ 4 ਗੱਡੀਆਂ ਰਾਹੀਂ ਸ੍ਰੀ ਦਰਬਾਰ ਸਾਹਿਬ ਭੇਜੀ। ਕਣਕ ਲੈ ਕੇ ਪੁੱਜੀਆਂ ਸੰਗਤਾਂ ਨੇ ਕਿਹਾ ਕਿ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਕਣਕ ਦੀ ਸੇਵਾ ਕਰਨੀ ਸਾਡੀ ਖੁਸ਼ਕਿਸਮਤੀ ਹੈ। ਇਸ ਮੌਕੇ ਸ. ਮਹਿੰਦਰ ਸਿੰਘ ਆਹਲੀ ਨੇ ਕਣਕ ਲੈ ਕੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸ. ਬਲਜਿੰਦਰ ਸਿੰਘ, ਸ. ਗੁਰਮੇਲ ਸਿੰਘ, ਸ. ਗੁਰਪ੍ਰਤਾਪ ਸਿੰਘ, ਮੀਤ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਹਰਜਿੰਦਰ ਸਿੰਘ ਕੈਰੋਂਵਾਲ, ਵਧੀਕ ਮੈਨੇਜਰ ਸ. ਬਘੇਲ ਸਿੰਘ ਆਦਿ ਮੌਜੂਦ ਸਨ।