ਸੰਗਤ ‘ਚ ਭਾਰੀ ਉਤਸ਼ਾਹ, ਥਾਂ-ਥਾਂ ਸ਼ਾਨਦਾਰ ਸਵਾਗਤ

ਅੰਮ੍ਰਿਤਸਰ, ੧੮ ਅਗਸਤ- ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ ਅੱਜ ਉੱਤਰ ਪ੍ਰਦੇਸ਼ ਦੇ ਪੀਲੀਭੀਤ ਅੰਦਰ ਪੈਂਦੇ ਗੋਮਤੀ ਪੁਲ ਪੂਰਨਪੁਰ ਤੋਂ ਖਾਲਸਈ ਜਾਹੋ ਜਲਾਲ ਨਾਲ ਅੱਗੇ ਰਵਾਨਾ ਹੋਇਆ। ਇਥੇ ਸਥਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਕੁਝ ਸਮੇਂ ਦੇ ਠਹਿਰਾਅ ਮਗਰੋਂ ਨਗਰ ਕੀਤਰਨ ਦੀ ਅਗਲੇ ਪੜਾਅ ਲਈ ਰਵਾਨਗੀ ਸਮੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ ਨੇ ਅਰਦਾਸ ਕੀਤੀ। ਇਸ ਦੌਰਾਨ ਭਰਵੀਂ ਗਿਣਤੀ ਵਿਚ ਸੰਗਤ ਮੌਜੂਦ ਸੀ, ਜਿਸ ਵੱਲੋਂ ਫੁੱਲ ਪੱਤੀਆਂ ਦੀ ਵਰਖਾ ਕਰ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ ਗਈ। ਇਥੇ ਹੀ ਅਕਾਲ ਅਕੈਡਮੀ ਬੜੂ ਸਾਹਿਬ ਦੀ ਸ਼ਾਖਾ ਦੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ ਤੇ ਬੈਂਡ ਨਾਲ ਮਾਹੌਲ ਖੂਬਸੂਰਤ ਬਣਾਇਆ। ਇਹ ਨਜ਼ਾਰਾ ਦੇਖਣਯੋਗ ਸੀ। ਸੰਗਤ ਵੱਲੋਂ ਲੰਗਰਾਂ ਦੀ ਸੇਵਾ ਦੇ ਨਾਲ ਨਾਲ ਆਦਰ ਵਜੋਂ ਸ੍ਰੀ ਗੁਰੂ ਗ੍ਰੰੰਥ ਸਾਹਿਬ ਲਈ ਸੁੰਦਰ ਰੁਮਾਲਾ ਸਾਹਿਬ ਅਤੇ ਪੰਜ ਪਿਆਰੇ ਸਾਹਿਬ ਨੂੰ ਸਿਰੋਪਾਓ ਭੇਟ ਕੀਤੇ ਗਏ। ਨਗਰ ਕੀਰਤਨ ਵਿਚ ਮੌਜੂਦ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਪੀਲੀਭੀਤ ਤੋਂ ਅੱਗੇ ਰਵਾਨਗੀ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਮੀਤ ਸਕੱਤਰ ਸ. ਕਰਮਬੀਰ ਸਿੰਘ ਕਿਆਮਪੁਰ, ਇੰਚਾਰਜ ਸ. ਗੁਰਦਿਆਲ ਸਿੰਘ, ਸ. ਗੁਰਵਿੰਦਰ ਸਿੰਘ ਦੇਵੀਦਾਸਪੁਰ ਸਮੇਤ ਹੋਰ ਸਟਾਫ ਮੌਜੂਦ ਸੀ, ਜਦਕਿ ਸਥਾਨਕ ਸ਼ਖਸੀਅਤਾਂ ਵਿੱਚੋਂ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਦੇ ਨੁਮਾਇੰਦੇ ਬਾਬਾ ਸੁਰਿੰਦਰ ਸਿੰਘ, ਸ. ਬਲਦੇਵ ਸਿੰਘ ਔਲਖ ਕੈਬਨਿਟ ਮੰਤਰੀ ਉਤਰ ਪ੍ਰਦੇਸ਼, ਸ. ਨਿਸ਼ਾਨ ਸਿੰਘ ਮੈਂਬਰ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ, ਸ. ਲਖਵਿੰਦਰ ਸਿੰਘ, ਸ. ਜੋਗਿੰਦਰ ਸਿੰਘ, ਸ. ਦਵਿੰਦਰ ਸਿੰਘ ਨਗਰ ਪ੍ਰਧਾਨ ਕਾਂਸ਼ੀਪੁਰ, ਭਾਈ ਹਰਜਿੰਦਰ ਸਿੰਘ ਇੰਚਾਰਜ ਸਿੱਖ ਮਿਸ਼ਨ ਉਤਰਾਖੰਡ, ਭਾਈ ਸੁਖਵਿੰਦਰ ਸਿੰਘ ਐਮਏ, ਭਾਈ ਮਨਜੀਤ ਸਿੰਘ, ਭਾਈ ਹਰਬੀਰ ਸਿੰਘ ਪ੍ਰਚਾਰਕ ਆਦਿ ਨੇ ਹਾਜਰੀ ਭਰੀ।
ਇਸੇ ਸੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਤੇ ਨਗਰ ਕੀਰਤਨ ਦੇ ਕੋਆਰਡੀਨੇਟਰ ਸ. ਮਨਜੀਤ ਸਿੰਘ ਬਾਠ ਨੇ ਦੱਸਿਆ ਕਿ ਭਲਕੇ ੧੯ ਅਗਸਤ ਨੂੰ ਨਗਰ ਕੀਰਤਨ ਬਰੇਲੀ ਤੋਂ ਅੱਗਲੇ ਪੜਾਅ ਲਈ ਚੱਲੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ‘ਚ ਭਾਰੀ ਗਿਣਤੀ ਵਿਚ ਸੰਗਤ ਪੁੱਜ ਰਹੀ ਹੈ ਅਤੇ ਸੰਗਤ ਦਾ ਇਹ ਉਤਸ਼ਾਹ ਦਿਨੋ ਦਿਨ ਹੋਰ ਵਧ ਰਿਹਾ ਹੈ।