੩੦ ਅਪ੍ਰੈਲ ਨੂੰ ਗੁਰਮਤਿ ਸਮਾਗਮ ਦੌਰਾਨ ਕੀਤਾ ਜਾਵੇਗਾ ਇਕ ਗੁਰਦੁਆਰਾ
ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹੋਣਗੇ ਸ਼ਾਮਲ

ਸ੍ਰੀ ਫ਼ਤਹਿਗੜ੍ਹ ਸਾਹਿਬ, ੨੫ ਅਪ੍ਰੈਲ- ਪਿੰਡਾਂ ‘ਚ ਸਮਾਜਿਕ ਤੇ ਭਾਈਚਾਰਕ ਸਾਂਝ ਵਧਾਉਣ ਅਤੇ ਪੰਥਕ ਏਕਤਾ ਦਾ ਮਾਹੌਲ ਸਿਰਜਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’ ਦੇ ਆਰੰਭੇ ਉਪਰਾਲੇ ਤਹਿਤ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਪ੍ਰੇਰਨਾ ਸਦਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਦਾਲੋਮਾਜਰਾ ਦੇ ਵਸਨੀਕਾਂ ਨੇ ਦੋ ਤੋਂ ਇਕ ਗੁਰਦੁਆਰਾ ਸਾਹਿਬ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ੩੦ ਅਪ੍ਰੈਲ ਨੂੰ ਇਕ ਗੁਰਦੁਆਰਾ ਸਾਹਿਬ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਮੁਹਿੰਮ ਤਹਿਤ ਪਿੰਡ ਵਾਸੀਆਂ ਵੱਲੋਂ ਦਿਖਾਈ ਗਈ ਦਿਲਚਸਪੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦਾਲੋਮਾਜਰਾ ਪਹੁੰਚ ਕੇ ਪਿੰਡ ਦੇ ਸਰਪੰਚ ਸ. ਨਰਿੰਦਰ ਸਿੰਘ ਸਾਹੀ ਅਤੇ ਪਿੰਡ ਦੀਆਂ ਦੋਵੇਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪਿੰਡ ਦੀਆਂ ਦੋਵੇਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਵਿਚ ਸ. ਸ਼ਮਸ਼ੇਰ ਸਿੰਘ, ਸ. ਤੇਜਿੰਦਰ ਸਿੰਘ, ਸ. ਸਰਬਜੀਤ ਸਿੰਘ ਸੋਢੀ, ਸ. ਹਰਭਜਨ ਸਿੰਘ ਨੰਬਰਦਾਰ, ਸ. ਪ੍ਰਤਾਪ ਸਿੰਘ ਕਾਲਾ, ਸ. ਸਾਹਿਬ ਸਿੰਘ, ਸ. ਮਲਕੀਤ ਸਿੰਘ ਸੋਢੀ, ਸ. ਪ੍ਰਤਾਪ ਸਿੰਘ ਪੰਚ, ਸ. ਮੁਖਤਿਆਰ ਸਿੰਘ, ਸ. ਜਗਤਾਰ ਸਿੰਘ ਅਤੇ ਸ. ਪਵਨਦੀਪ ਸਿੰਘ ਨੇ ਪੰਥਕ ਭਾਵਨਾ ਅਨੁਸਾਰ ਕੌਮ ਦੀ ਚੜ੍ਹਦੀ ਕਲਾ ਲਈ ਦੋ ਤੋਂ ਇਕ ਗੁਰਦੁਆਰਾ ਸਾਹਿਬ ਕਰਨ ਲਈ ਸਹਿਮਤੀ ਦਿੱਤੀ। ਇਸ ਦੌਰਾਨ ਭਾਈ ਗਰੇਵਾਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਇਸ ਮੁਹਿੰਮ ਨੂੰ ਕੌਮੀ ਏਕਤਾ ਦੇ ਭਲੇ ਵਿਚ ਦੱਸਿਆ। ਉਨ੍ਹਾਂ ਕਿਹਾ ਕਿ ਪਿੰਡਾਂ ‘ਚ ਜਾਤਾਂ-ਪਾਤਾਂ ਅਤੇ ਧੜ੍ਹਿਆਂ ਦੇ ਆਧਾਰ ‘ਤੇ ਗੁਰਦੁਆਰੇ ਬਣਾਉਣ ਦੇ ਰੁਝਾਨ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਵੱਡੀ ਸੱਟ ਵੱਜ ਰਹੀ ਹੈ ਅਤੇ ਇਸੇ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਸਮਾਂ ਰਹਿੰਦਿਆਂ ‘ਇਕ ਪਿੰਡ ਇਕ ਗੁਰਦੁਆਰਾ’ ਦੀ ਮਹਿੰਮ ਨੂੰ ਜੋਸ਼ੋਖਰੋਸ਼ ਨਾਲ ਅੱਗੇ ਤੋਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਪਿੰਡ ਦਾਲੋਮਾਜਰਾ ਦੇ ਵਸਨੀਕਾਂ, ਕਾਲਮ ਨਵੀਸ ਸ. ਤਲਵਿੰਦਰ ਸਿੰਘ ਬੁੱਟਰ ਅਤੇ ਧਾਰਮਿਕ ਆਗੂ ਭਾਈ ਗੁਰਦਰਸ਼ਨ ਸਿੰਘ ਫ਼ਤਹਿਗੜ੍ਹ ਸਾਹਿਬ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਪਿੰਡ ਸ਼ੁਭ ਕਾਰਜ ਕਰਨ ਲਈ ਅੱਗੇ ਆਇਆ ਹੈ। ਇਸ ਸਮੇਂ ਉਨ੍ਹਾਂ ਦੱਸਿਆ ਕਿ ੩੦ ਅਪ੍ਰੈਲ ਨੂੰ ਇਸ ਪਿੰਡ ‘ਚ ਇਕ ਗੁਰਦੁਆਰਾ ਸਾਹਿਬ ਕਰਨ ਲਈ ਵਿਸ਼ਾਲ ਧਾਰਮਿਕ ਸਮਾਗਮ ਹੋਵੇਗਾ, ਜਿਸ ‘ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਵੱਡੀ ਗਿਣਤੀ ਧਾਰਮਿਕ ਆਗੂ, ਪੰਥ ਦੇ ਰਾਗੀ, ਢਾਡੀ ਅਤੇ ਪ੍ਰਚਾਰਕ ਜਥੇ ਪਹੁੰਚ ਕੇ ਸੰਗਤਾਂ ਨੂੰ ਗੁਰਮਤਿ ਨਾਲ ਜੋੜਨਗੇ। ਇਸ ਮੌਕੇ ਸ. ਪਰਮਜੀਤ ਸਿੰਘ ਅਤੇ ਸ. ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।