ਸੇਵਾ ਸਿੰਘ ਹਾਲ ਵਿਖੇ ਹੋਈ ਅੰਤਿਮ ਅਰਦਾਸ

ਅੰਮ੍ਰਿਤਸਰ 2 ਅਪ੍ਰੈਲ (        ) ਸ੍ਰ: ਮੇਹਰ ਸਿੰਘ ਇੰਚਾਰਜ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਅੰਤਿਮ ਅਰਦਾਸ ਸਮੇਂ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਹਸਤੀਆਂ ਨੇ ਭਾਵ-ਭਿੰਨੀਆਂ ਸ਼ਰਧਾਜਲੀਆਂ ਦਿੱਤੀਆਂ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡਪਾਠ ਸਾਹਿਬ ਜੀ ਦਾ ਭੋਗ ਉਨ੍ਹਾਂ ਦੇ ਗ੍ਰਹਿ ਮਕਾਨ ਨੰਬਰ 242, ਗਲੀ ਨੰਬਰ 3, ਨਿਊ ਸ਼ਹੀਦ ਊਧਮ ਸਿੰਘ ਨਗਰ, ਅੰਮ੍ਰਿਤਸਰ ਵਿਖੇ ਪਾਇਆ ਗਿਆ। ਉਪਰੰਤ ਭਾਈ ਸੇਵਾ ਸਿੰਘ ਹਾਲ, ਅਜੀਤ ਨਗਰ, ਸ੍ਰੀ ਅੰਮ੍ਰਿਤਸਰ ਵਿਖੇ ਦੁਪਹਿਰ 12 ਤੋਂ 2 ਵਜੇ ਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਵੈਰਾਗਮਈ ਬਾਣੀ ਦੇ ਕੀਰਤਨ ਉਪਰੰਤ ਅਰਦਾਸ ਹੋਈ ਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲਿਆ।

ਸ੍ਰ: ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ੍ਰ: ਮੇਹਰ ਸਿੰਘ ਨੇ ਸਾਰਾ ਜੀਵਨ ਆਪਣੇ ਜਿੰਮੇ ਲੱਗੀ ਸੇਵਾ ਨੂੰ ਨਿਸ਼ਕਾਮ ਸੇਵਾਦਾਰ ਵਜੋਂ ਨਿਭਾਇਆ।ਉਨ੍ਹਾਂ ਕਿਹਾ ਕਿ ਉਹ ਸ਼ਹੀਦ ਪ੍ਰੀਵਾਰ ਵਿਚੋਂ ਸਨ।ਜੂਨ 1984 ਦੇ ਘੱਲੂਘਾਰੇ ਵਿੱਚ ਉਨ੍ਹਾਂ ਦੇ ਵੱਡੇ ਭਰਾਤਾ ਸ. ਮੇਜਰ ਸਿੰਘ ਸ਼ਹੀਦ ਹੋਏ ਸਨ।ਉਨ੍ਹਾਂ ਕਿਹਾ ਕਿ ਉਹ ਜਿੱਥੇ ਗੁਰੂ ਘਰ ਦੇ ਸੇਵਕ ਸਨ ਓਥੇ ਉੱਘੇ ਸਮਾਜ ਸੇਵਕ ਵੀ ਸਨ।ਉਨ੍ਹਾਂ ਨੂੰ ਸੇਵਾ ਦੀ ਇਹ ਦਾਤ ਆਪਣੇ ਪਿਤਾ ਸ. ਹਜ਼ਾਰਾ ਸਿੰਘ ਤੋਂ ਵਿਰਾਸਤ ਵਿੱਚ ਮਿਲੀ।ਉਨ੍ਹਾਂ ਕਿਹਾ ਕਿ ਸ. ਮੇਹਰ ਸਿੰਘ ਦਾ ਜਨਮ ਪੰਥਕ ਪ੍ਰੀਵਾਰ ਵਿੱਚ ਹੋਇਆ ਤੇ ਉਨ੍ਹਾਂ ਆਪਣਾ ਸਾਰਾ ਜੀਵਨ ਪੰਥਕ ਸੇਵਾ ਦੇ ਕਾਰਜਾਂ ਵਿੱਚ ਬਤੀਤ ਕੀਤਾ।ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਸ. ਮੇਹਰ ਸਿੰਘ ਦੀ ਸੇਵਾ ਦੌਰਾਨ ਉਨ੍ਹਾਂ ਦੀ ਚਾਦਰ ਉੱਜਵਲੀ ਰੱਖੀ।ਪਰ ਅਕਾਲ ਪੁਰਖ ਨੇ ਉਨ੍ਹਾਂ ਨੂੰ ਜਵਾਨ ਉਮਰ ਵਿੱਚ ਹੀ ਆਪਣੇ ਪਾਸ ਬੁਲਾ ਲਿਆ।ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦਾ ਭਾਣਾ ਅਟੱਲ ਹੈ ਤੇ ਉਸ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸ. ਮੇਹਰ ਸਿੰਘ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪ੍ਰੀਵਾਰ ਤੇ ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਇਸ ਉਪਰੰਤ ਸ੍ਰ: ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ੍ਰ: ਬਾਵਾ ਸਿੰਘ ਗੁਮਾਨਪੁਰਾ ਤੇ ਸ੍ਰ: ਹਰਜਾਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਤੇ ਸ੍ਰ: ਮਨਜੀਤ ਸਿੰਘ ਸਕੱਤਰ ਨੇ ਸ੍ਰ: ਮੇਹਰ ਸਿੰਘ ਦੇ ਸਪੁੱਤਰ ਕਾਕਾ ਹਰਜੀਤ ਸਿੰਘ ਤੇ ਗੁਰਜੀਤ ਸਿੰਘ ਨੂੰ ਦਸਤਾਰ ਭੇਟ ਕੀਤੀ ਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਦੇ ਸਟਾਫ਼ ਵੱਲੋਂ ੩੧੦੦੦/- ਰੁਪਏ ਦਿੱਤੇ। ਸ੍ਰ: ਮਹਿਤਾ ਨੇ ਕਿਹਾ ਕਿ ਸ੍ਰ: ਮੇਹਰ ਸਿੰਘ ਦੇ ਇਕ ਸਪੁੱਤਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਰਵਿਸ ਤੇ ਰੱਖਿਆ ਜਾਵੇਗਾ ਤੇ ਇਸ ਸਬੰਧੀ ਮਾਣਯੋਗ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਵੀ ਕਰ ਦਿੱਤੀ ਗਈ ਹੈ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ, ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਹਰਭਜਨ ਸਿੰਘ ਮਨਾਵਾਂ ਤੇ ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ੍ਰ: ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ: ਮਨਜਿੰਦਰ ਸਿੰਘ ਮੰਡ ਮੈਨੇਜਰ ਤੇ ਸ੍ਰ: ਜਸਪਾਲ ਸਿੰਘ ਮੀਤ ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਬਾਬਾ ਦਿਲਬਾਗ ਸਿੰਘ ਵਡਾਲੀ, ਬਾਬਾ ਮੇਜਰ ਸਿੰਘ, ਸ੍ਰ: ਇੰਦਰਬੀਰ ਸਿੰਘ ਬੁਲਾਰੀਆ, ਸ੍ਰ: ਨਵਦੀਪ ਸਿੰਘ ਗੋਲਡੀ, ਸ੍ਰ: ਸਲਵਿੰਦਰ ਸਿੰਘ ਜ਼ਿਲ੍ਹਾ ਅਟਾਰਨੀ, ਸ੍ਰ: ਗੁਰਪ੍ਰਤਾਪ ਸਿੰਘ ਟਿੱਕਾ, ਸ੍ਰ: ਮੇਜਰ ਸਿੰਘ ਉੱਬੋਕੇ, ਸ੍ਰ: ਉਪਕਾਰ ਸਿੰਘ ਸੰਧੂ, ਸ੍ਰ: ਅਮਰਬੀਰ ਸਿੰਘ ਢੋਟ, ਸ੍ਰ: ਅਵਤਾਰ ਸਿੰਘ ਟਰੱਕਾਂਵਾਲੇ, ਸਮੁੱਚਾ ਸਟਾਫ਼ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰ: ਮੇਹਰ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ।