ਚੁਣੇ ਹੋਏ ਨੁਮਾਇੰਦਿਆਂ ਦੀ ਕੁੱਟਮਾਰ ਕਰਕੇ ਪੰਥ ਵਿੱਚ ਦੁਫੇੜ ਨਾ ਪਾਉਣ

ਅੰਮ੍ਰਿਤਸਰ 26 ਅਕਤੂਬਰ (         ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਪੰਥ ਦੇ ਇਸ ਬਿਖਰੇ ਸਮੇਂ ਵਿੱਚ ਆਪਣੀ ਮਾਨਸਿਕ ਪੀੜਾ ਨੂੰ ਵਿਅਕਤ ਕਰਦਿਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੋਸ਼ੀ ਲੋਕਾਂ ਦੀਆਂ ਚਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਜੋ ਪੰਜਾਬ ‘ਚ ਅਮਨ ਸ਼ਾਂਤੀ ਭੰਗ ਕਰਕੇ ਆਪਣੇ ਮਨਸੂਬੇ ‘ਚ ਕਾਮਯਾਬ ਹੋਣਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਨਾਤੇ ਉਹ ਮਹਿਸੂਸ ਕਰਦੇ ਹਨ ਕਿ ਵਰਤਮਾਨ ਸਮੇਂ ਕੌਮ ਨੂੰ ਦਰਪੇਸ਼ ਸੰਕਟ ਗੰਭੀਰ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਕੌਮ ਦੇ ਅਕਸ ਨੂੰ ਢਾਅ ਲਗ ਰਹੀ ਹੈ।ਉਨ੍ਹਾਂ ਕਿਹਾ ਕਿ ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਆਪਣੇ ਜਜ਼ਬਾਤ ਕਾਬੂ ਵਿੱਚ ਰੱਖ ਕੇ ਜੋਸ਼ ਦੀ ਥਾਂ ਹੋਸ਼ ਤੋਂ ਕੰਮ ਲਿਆ ਜਾਵੇ ਅਤੇ ਸੰਜਮਮਈ ਵਰਤਾਰੇ ਨੂੰ ਅਪਨਾਉਣ ਦਾ ਯਤਨ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਕੁਝ ਥਾਵਾਂ ਤੇ ਪੰਥ ਵਿਰੋਧੀ ਅਨਸਰਾਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਪੱਤਰੇ ਪਾੜੇ ਗਏ ਜਿਸ ਕਾਰਣ ਮਾਹੌਲ ‘ਚ ਤਨਾਅ, ਖਲਬਲੀ, ਰੋਸ ਤੇ ਰੋਹ ਪ੍ਰਗਟ ਹੋਇਆ।ਉਨ੍ਹਾਂ ਕਿਹਾ ਕਿ ਕੋਈ ਵੀ ਸੱਚਾ ਸਿੱਖ ਆਪਣੇ ਗੁਰੂ ਦਾ ਅਪਮਾਨ ਕਦਾਚਿੱਤ ਵੀ ਬਰਦਾਸ਼ਤ ਨਹੀਂ ਕਰ ਸਕਦਾ।ਪਰ ਇਨ੍ਹਾਂ ਹੋਈਆਂ ਦੁਖਦਾਈ ਘਟਨਾਵਾਂ ਵਿੱਚ ਜਿੱਥੇ ਆਮ ਲੋਕਾਂ ‘ਚ ਰੋਸ ਹੈ ਓਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰੇਕ ਮੈਂਬਰ ਅੰਦਰ ਵੀ ਓਸੇ ਤਰ੍ਹਾਂ ਦੀ ਭਾਵਨਾ ਹੈ।ਉਹ ਪਹਿਲਾਂ ਸਿੱਖ ਤੇ ਬਾਅਦ ਵਿੱਚ ਮੈਂਬਰ ਤੇ ਮੁਲਾਜ਼ਮ ਹਨ।ਉਨ੍ਹਾਂ ਕਿਹਾ ਕਿ ਸਾਨੂੰ ਹੱਲੇ ਗੁੱਲੇ ਵਿੱਚ ਉਨ੍ਹਾਂ ਲੋਕਾਂ ਦਾ ਅਪਮਾਨ ਤੇ ਕੁੱਟਮਾਰ ਨਹੀਂ ਕਰਨੀ ਚਾਹੀਦੀ ਜਿਹੜੇ ਤੁਹਾਡੇ ਆਪਣੇ ਹੀ ਚੁਣੇ ਹੋਏ ਨੁਮਾਇੰਦੇ ਹਨ।ਇਸ ਤਰ੍ਹਾਂ ਕਰਨ ਨਾਲ ਪੰਥਕ ਦੁਫੇੜ ਪੈਦਾ ਹੁੰਦਾ ਹੈ ਅਤੇ ਦੁਸ਼ਮਣ ਇਸ ਦਾ ਨਜਾਇਜ ਫਾਇਦਾ ਉਠਾ ਕੇ ਭਾਰੂ ਹੁੰਦੇ ਹਨ।ਉਨ੍ਹਾਂ ਸਾਰੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਹਰੇਕ ਗੁਰੂ-ਘਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਅਸ਼ਾਂਤੀ ਦਾ ਮਾਹੌਲ ਪੈਦਾ ਕਰਨ ਲਈ ਕਿਸੇ ਨੂੰ ਮੌਕਾ ਹੀ ਨਾ ਦਿੱਤਾ ਜਾਵੇ।