ਅੰਮ੍ਰਿਤਸਰ, 28 ਦਸੰਬਰ-
ਸ੍ਰੀ ਗੁਰੂ ਗੋਬਿੰਦ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਭਾਰਤ ਦੀ ਸੰਸਦ ਅੰਦਰ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪੇਸ਼ ਕੀਤੇ ਮਤੇ ਅਨੁਸਾਰ ਸਮੁੱਚੇ ਹਾਊਸ ਵੱਲੋਂ ਸ਼ਰਧਾਜ਼ਲੀ ਦੇਣਾ ਸ਼ਲਾਘਾਯੋਗ ਕਦਮ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਮਜ਼ਲੂਮਾਂ ਦੀ ਰਾਖੀ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀ। ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਾਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਲਾਸਾਨੀ ਹੈ। ਸਮੇਂ ਦੀ ਹਕੂਮਤ ਨੇ ੭ ਤੇ ੯ ਸਾਲ ਦੀ ਉਮਰ ਦੇ ਛੋਟੇ ਮਾਸੂਮਾਂ ਨੂੰ ਅਤਿ ਦੇ ਤਸੀਹੇ ਦਿੰਦਿਆਂ ਨੀਂਹਾ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰ ਕੇ ਭਾਰਤ ਦੀ ਅਜ਼ਾਦੀ ਦਾ ਰਾਹ ਪੱਧਰਾ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੀ ਪਾਰਲੀਮੈਂਟ ਅੰਦਰ ਸਾਹਿਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਜ਼ਲੀ ਦਿੱਤੀ ਗਈ ਹੈ, ਜਿਸ ਲਈ ਉਹ ਸਮੁੱਚੇ ਹਾਊਸ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹਨ।