ਸ਼੍ਰੋਮਣੀ ਕਮੇਟੀ ਗੁਰੂ-ਘਰਾਂ ਦੀ ਪੁਰਾਤਨ ਦਿੱਖ ਨੂੰ ਕਾਇਮ ਰੱਖਣ ਲਈ ਨਿਰੰਤਰ ਯਤਨਸ਼ੀਲ- ਪ੍ਰੋ: ਬਡੂੰਗਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨੀ ਡਿਉੜੀ ਦੀ ਉਪਰਲੀ ਮੰਜ਼ਿਲ ਦੇ ਅੰਦਰੂਨੀ ਹਿੱਸੇ ਨੂੰ ਮੁਰੰਮਤ ਕਰਨ ਲਈ ਕਾਰ ਸੇਵਾ ਆਰੰਭ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਪ੍ਰੋ: ਕਿਰਪਾਲ ਸਿੰਘ ਬਡੂੰਗਰ ਤੇ ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀ ਵਾਲੇ ਤੇ ਹੋਰ।

ਅੰਮ੍ਰਿਤਸਰ 24 ਜੂਨ- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨੀ ਡਿਉੜੀ ਦੇ ਅੰਦਰੂਨੀ ਹਿੱਸੇ ਨੂੰ ਮੁਰੰਮਤ ਕਰਨ ਲਈ ਕਾਰ ਸੇਵਾ ਦੀ ਆਰੰਭਤਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਸਾਂਝੇ ਰੂਪ ਵਿਚ ਕੀਤੀ ਗਈ। ਸੇਵਾ ਆਰੰਭ ਕਰਨ ਤੋਂ ਪਹਿਲਾਂ ਭਾਈ ਸਲਵਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਹ ਸੇਵਾ ਬਾਬਾ ਕਸ਼ਮੀਰ ਸਿੰਘ ਕਾਰਸੇਵਾ ਸੰਪਰਦਾ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਸਮੁੱਚੀ ਮਾਨਵਤਾ ਦੇ ਸਾਂਝੇ ਅਧਿਆਤਮਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਧਰਮ ਦੇ ਲੋਕ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰੂ-ਘਰਾਂ ਦੀ ਪੁਰਾਤਨ ਦਿੱਖ ਨੂੰ ਕਾਇਮ ਰੱਖਣ ਲਈ ਨਿਰੰਤਰ ਯਤਨਸ਼ੀਲ ਹੈ ਅਤੇ ਇਸੇ ਤਹਿਤ ਹੀ ਧਾਰਮਿਕ ਵਿਰਾਸਤ ਦੀ ਅਮੀਰੀ ਨੂੰ ਰੂਪਮਾਨ ਕਰਦੇ ਇਸ ਪਾਵਨ ਅਸਥਾਨ ਦੀ ਮੀਨਾਕਾਰੀ ਦੇ ਨਾਲ-ਨਾਲ ਇਮਾਰਤਾਂ ਦੀ ਪੁਰਾਤਨਤਾ ਨੂੰ ਸੰਭਾਲਣ ਲਈ ਸਮੇਂ-ਸਮੇਂ ਸੇਵਾਵਾਂ ਆਰੰਭ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਸਮਰਪਣ ਭਾਵਨਾ ਨਾਲ ਕੀਤੀ ਜਾਂਦੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਜਿਹੜੀ ਵੀ ਸੇਵਾ ਸੌਂਪੀ ਜਾਂਦੀ ਹੈ ਉਸਨੂੰ ਸਮੇਂ ਸਿਰ ਸੰਪੂਰਨ ਕਰਕੇ ਸੰਗਤ ਅਰਪਣ ਕਰਦੇ ਹਨ। ਪ੍ਰੋ: ਬਡੂੰਗਰ ਨੇ ਸੰਗਤ ਨੂੰ ਗੁਰੂ-ਘਰਾਂ ਦੀਆਂ ਸੇਵਾਵਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਮੁੱਖ ਸਕੱਤਰ ਸ. ਹਰਚਰਨ ਸਿੰਘ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਐਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਨਿੱਜੀ ਸਹਾਇਕ ਸ. ਭਗਵੰਤ ਸਿੰਘ, ਮੈਨੇਜਰ ਸ. ਸੁਲੱਖਣ ਸਿੰਘ, ਐਡੀਸ਼ਨਲ ਮੈਨੇਜਰ ਸ. ਸੁਖਰਾਜ ਸਿੰਘ ਤੇ ਸ. ਬਘੇਲ ਸਿੰਘ, ਸਾਬਕਾ ਮੀਤ ਸਕੱਤਰ ਸ. ਰਾਮ ਸਿੰਘ ਤੋਂ ਇਲਾਵਾ ਭਾਈ ਅਮਰਜੀਤ ਸਿੰਘ, ਜਥੇਦਾਰ ਅਮਰੀਕ ਸਿੰਘ, ਬਾਬਾ ਪ੍ਰੇਮ ਸਿੰਘ ਆਦਿ ਹਾਜ਼ਰ ਸਨ।