ਸ਼੍ਰੋਮਣੀ ਕਮੇਟੀ ਵੱਲੋਂ ਚੱਲ ਰਹੀਆਂ ਉਸਾਰੀਆਂ ਦੀ ਨਜਰਸਾਨੀ ਅਤੇ ਪੁਰਾਤਨ ਇਮਾਰਤਾਂ ਦੇ ਰੱਖ ਰਖਾਅ ਲਈ ਹੋਈ ਮੀਟਿੰਗ
ਅੰਮ੍ਰਿਤਸਰ 20 ਅਗਸਤ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੰਡੀਗੜ੍ਹ ਸਬ-ਆਫ਼ਿਸ ਵਿਖੇ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ. ਨਿਰਮੈਲ ਸਿੰਘ ਜੌਲਾ ਕਲਾਂ ਅੰਤ੍ਰਿੰਗ ਮੈਂਬਰ ਤੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਤੇ ਅਧਾਰਿਤ ਇਮਾਰਤ ਸਬ-ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਸਬ ਆਫਿਸ ਚੰਡੀਗੜ੍ਹ ਵਿਖੇ ਹੋਈ।ਇਸ ਇਕੱਤਰਤਾ ਵਿੱਚ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਦੇ ਸਰੂਪ ਹੂਬਹੂ ਸੰਭਾਲਣ ਲਈ ਅੰਤ੍ਰਿੰਗ ਕਮੇਟੀ ਨੂੰ ਸਿਫਾਰਸ਼ ਕੀਤੀ ਗਈ ਹੈ।ਦਫ਼ਤਰ ਤੋਂ ਪ੍ਰੈੱਸ ਦੇ ਨਾਮ ਜਾਰੀ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਸਬ ਕਮੇਟੀ ਨੇ ਚੰਡੀਗੜ੍ਹ ਦੇ ਸੈਕਟਰ-੪੪ ਅਧੀਨ ਆਉਂਦੇ ਗੁਰਦੁਆਰਾ ਬਾਗ ਬੁੜੈਲ ਸ਼ਹੀਦਾਂ ਦੀ ਇਮਾਰਤ ਨਾਲ ਸਬੰਧਿਤ ਹਰ ਤਰ੍ਹਾਂ ਦੇ ਕੰਮਾਂ ਨੂੰ ਸ਼ੀਘਰਤਾ ਨਾਲ ਮੁਕੰਮਲ ਕਰਨ ਲਈ ਅੰਤ੍ਰਿੰਗ ਕਮੇਟੀ ਨੂੰ ਸਿਫ਼ਾਰਿਸ਼ ਕੀਤੀ ਹੈ।
ਸ. ਬੇਦੀ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਸਮੁੱਚੀ ਸਿੱਖ ਕੌਮ ਦੀ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਕੌਮ ਦੀ ਘਾੜਤ ਤਿਆਰ ਕਰਨ ਵਾਲੀ ਪਾਵਨ ਧਰਤੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਇਮਾਰਤਾਂ ਦੇ ਮੁੱਢਲੇ ਢਾਂਚੇ ਨੂੰ ਮਜਬੂਤੀ ਪ੍ਰਦਾਨ ਕਰਨ ਦੇ ਮਾਮਲੇ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬੜੀ ਗੰਭੀਰਤਾ ਨਾਲ ਵਿਚਾਰ ਵਿਮਰਸ਼ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਜਲਦੀ ਹੀ ਤਕਨੀਕੀ ਮਾਹਿਰਾਂ ਦੀ ਰਾਇ ਨਾਲ ਮਰਿਆਦਾ ਵਿੱਚ ਰਹਿੰਦੇ ਹੋਏ ਢੁੱਕਵੇਂ ਕਦਮ ਚੁੱਕ ਕੇ ਇਨ੍ਹਾਂ ਇਮਾਰਤਾਂ ਦੀ ਸੁਰੱਖਿਆ ਮਜਬੂਤੀ ਕੀਤੀ ਜਾਵੇਗੀ ਜਿਸ ਨਾਲ ਇਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆ ਇਮਾਰਤਾਂ ਦੇ ਕਮਜੋਰ ਹੋਣ ਦਾ ਮਾਮਲਾ ਸਾਹਮਣੇ ਆਉਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਚਾਰ ਵੱਖ-ਵੱਖ ਸੰਸਥਾਵਾਂ ਤੋਂ ਅਧਿਐਨ ਕਰਵਾਇਆ ਸੀ ਅਤੇ ਆਈ ਆਈ ਟੀ ਰੁੜਕੀ ਵੱਲੋਂ ਦਿੱਤੇ ਸੁਝਾਅ ਨੂੰ ਅਮਲੀ ਰੂਪ ਵਿੱਚ ਨੇਪਰੇ ਚਾੜ੍ਹਨ ਤੇ ਵਿਚਾਰ ਕੀਤਾ ਜਾ ਰਿਹਾ ਹੈ।ਉਨ੍ਹਾਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਮਾਹਿਰਾਂ ਅਨੁਸਾਰ ਮੌਜੂਦਾ ਇਮਾਰਤਾਂ ਦਾ ਟਰੀਟਮੈਂਟ ਕਰਕੇ ਅਗਲੇਰੇ ਦੋ ਸੌ ਸਾਲਾਂ ਲਈ ਸੁਰੱਖਿਆ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਦੀ ਸੇਵਾ ਬਾਬਾ ਮਹਿੰਦਰ ਸਿੰਘ ਯੂ ਕੇ ਵਾਲਿਆਂ ਨੂੰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਹੀ ਸਮੁੱਚਾ ਡਿਜ਼ਾਇਨ ਤਿਆਰ ਕਰਨ ਲਈ ਕਿਹਾ ਗਿਆ ਹੈ।ਉਨ੍ਹਾਂ ਵੱਲੋਂ ਦਿੱਤੇ ਡਿਜ਼ਾਇਨ ਨੂੰ ਅੰਤ੍ਰਿੰਗ ਕਮੇਟੀ ਵਿੱਚ ਘੋਖਿਆ ਜਾਵੇਗਾ ਉਪਰੰਤ ਸੇਵਾ ਸ਼ੁਰੂ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ, ਗੁਰਦੁਆਰਾ ਕੰਧ ਸਾਹਿਬ, ਬਟਾਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਆਉਂਦੀਆਂ ਸਾਰੀਆਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਦਾ ਬਿਲਡਿੰਗ ਸਟਰੱਕਚਰ ਵੀ ਵਿਸ਼ੇਸ਼ ਮਾਹਿਰ ਕੰਪਨੀਆਂ ਤੋਂ ਚੈਕ ਕਰਵਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਅਤੇ ਸਾਰਾਗੜ੍ਹੀ ਨਿਵਾਸ ਦਾ ਕੰਮ ਲਗਭਗ ੭ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।ਸ. ਬੇਦੀ ਨੇ ਕਿਹਾ ਕਿ ਇਮਾਰਤੀ ਕਮੇਟੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬਣ ਰਹੇ ‘ਭਾਈ ਬਚਿੱਤਰ ਸਿੰਘ ਯਾਤਰੀ ਨਿਵਾਸ’ ਦਾ ਵੀ ਮੌਕੇ ‘ਤੇ ਜਾ ਕੇ ਨਿਰੀਖਣ ਕੀਤਾ ਅਤੇ ਹੋਲੇ-ਮੁਹਲੇ ਦੇ ਤਿਉਹਾਰ ਤੋਂ ਪਹਿਲਾਂ-ਪਹਿਲਾ ਤਿਆਰ ਕਰ ਲਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਨਫਰਮੇਸ਼ਨ ਸੈਂਟਰ ਦਾ ਵਿਸਥਾਰ ਵੀ ਹੋਵੇਗਾ ਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਜਾਣਕਾਰੀ ਦੇਣ ਲਈ ਪੜ੍ਹੇ ਲਿਖੇ ਅਧਿਕਾਰੀਆਂ ਤੇ ਸੇਵਾਦਾਰਾਂ ਦੀ ਗਿਣਤੀ ਵੀ ਵਧਾਈ ਜਾ ਸਕੇਗੀ ਜੋ ਉਚੇਰੀ ਵਿਦਿਆ ਦੇ ਨਾਲ-ਨਾਲ ਵਿਦੇਸ਼ੀ ਭਾਸ਼ਾਵਾਂ ਦਾ ਗਿਆਨ ਵੀ ਰੱਖਦੇ ਹੋਣ।ਉਨ੍ਹਾਂ ਵਧੇਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਕਰਨ ਜਾਣ ਵਾਲੀ ਸੰਗਤ ਕਿਵੇਂ ਆਸਾਨੀ ਨਾਲ ਨਤਮਸਤਿਕ ਹੋ ਸਕਦੀ ਹੈ ਇਸ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।
ਸ. ਬੇਦੀ ਨੇ ਦੱਸਿਆ ਕਿ ਇਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਇਸ ਦੇ ਸਾਰੇ ਦੁਆਰਾਂ ਤੇ ਲਗਭਗ ੧੮੦ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ।ਇਨ੍ਹਾਂ ਕੈਮਰਿਆਂ ਵਿੱਚ ੧੦੦ ਕੈਮਰੇ ਐਨਾਲਾਗ ਹਨ ਜੋ ਆਪਣੀ ਜਗ੍ਹਾ ਫਿਕਸ ਹਨ ਅਤੇ ਹਰ ਉਥੋਂ ਗੁਜਰਨ ਵਾਲੇ ਸਖਸ਼ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਕੰਟਰੋਲ ਰੂਮ ਵਿੱਚ ਪਹੁੰਚਾਉਂਦੇ ਹਨ।ਇਸੇ ਤਰ੍ਹਾਂ ੧੮ ਪੀ ਟੀ ਜ਼ੈਡ ਕੈਮਰੇ ਆਊਟ ਡੋਰ ਅਤੇ ੫ ਕੈਮਰੇ ਇਨਡੋਰ ਲਗਾਏ ਗਏ ਹਨ ਜੋ ੩੬੦ ਡਿਗਰੀ ਤੱਕ ਮੂਵ ਕਰਦੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਮਰਿਆਂ ਵਿੱਚ ਐਸਾ ਸਿਸਟਮ ਹੈ ਕਿ ਕੰਟਰੋਲ ਰੂਮ ਵਿੱਚ ਬੈਠਾ ਵਿਅਕਤੀ ਹਰ ਸ਼ੱਕੀ ਵਿਅਕਤੀ ਤੇ ਅੱਖ ਰੱਖ ਸਕਦਾ ਹੈ।ਸ਼ੱਕੀ ਵਿਅਕਤੀ ਇਸ ਸਮੇਂ ਕਿੱਥੇ ਹੈ ਅਤੇ ਕੀ ਕਰ ਰਿਹਾ ਹੈ ਉਸ ਬਾਰੇ ਸਕਿਉਰਿਟੀ ਸਟਾਫ਼ ਨੂੰ ਸੂਚਿਤ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ੫੦ ਦੇ ਕਰੀਬ ਆਈ ਪੀ ਆਧੁਨਿਕ ਕੈਮਰੇ ਹਨ ਜੋ ਬਿਲਕੁਲ ਕਲੀਅਰ ਫੋਕਸ ਤੇ ਕੰਮ ਕਰਦੇ ਹਨ ਤੇ ਇਨ੍ਹਾਂ ਨੂੰ ਮੋਬਾਇਲ ਜਾਂ ਇੰਟਰਨੈਟ ਤੇ ਜੋੜਨ ਨਾਲ ਦੂਰ ਬੈਠੇ ਸਬੰਧਿਤ ਜਾਂ ਉੱਚ ਅਧਿਕਾਰੀ ਹਰ ਵਿਚਰਨ ਵਾਲੇ ਤੇ ਤਿਰਸ਼ੀ ਨਜ਼ਰ ਰੱਖ ਸਕਦੇ ਹਨ।ਸ. ਬੇਦੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ੧੬ ਪੀ ਟੀ ਜੈਡ ਕੈਮਰੇ ਕੰਮ ਕਰ ਰਹੇ ਹਨ।ਇਸੇ ਤਰ੍ਹਾਂ ੨੩ ਕੈਮਰੇ ਮੁੱਖ ਦਰਵਾਜ਼ਿਆਂ, ਲਿੰਕ ਮਾਰਗਾਂ ਤੇ ਮੁੱਖ ਦਵਾਰਾਂ ਦੇ ਨਾਲ-ਨਾਲ ਗੱਠੜੀ ਘਰਾਂ, ਜੋੜੇ ਘਰਾਂ ਤੇ ਹਨ ਇਨ੍ਹਾਂ ਤੋਂ ਇਲਾਵਾ ਆਲੇ-ਦੁਆਲੇ ਲੋੜ ਅਨੁਸਾਰ ਹੋਰ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣਗੇ।ਮੀਟਿੰਗ ਵਿੱਚ ਸ. ਅਵਤਾਰ ਸਿੰਘ ਸਕੱਤਰ, ਸ. ਮਨਪ੍ਰੀਤ ਸਿੰਘ ਤੇ ਸ. ਸੁਖਵਿੰਦਰ ਸਿੰਘ ਦੋਵੇਂ ਐਕਸੀਅਨ ਵੀ ਹਾਜ਼ਰ ਸਨ।