ਮਹਿੰਗਾਈ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ ੮ ਫੀਸਦੀ ਮਹਿੰਗਾਈ ਭੱਤੇ ਦਾ ਐਲਾਨ

ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਹੋਈ

2
ਅੰਮ੍ਰਿਤਸਰ 26 ਨਵੰਬਰ
 (         ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ (ਸੈਕਟਰ-੨੭ ਬੀ) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਹੋਈ। ਜਿਸ ਵਿੱਚ ਅਮਲਾ, ਸੈਕਸ਼ਨ ੮੫ ਤੇ ੮੭ ਦੇ ਕੇਸਾਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਕੱਤਰਤਾ ਦੀ ਆਰੰਭਤਾ ਮੂਲ ਮੰਤਰ ਦੇ ਜਾਪ ਕਰਕੇ ਕੀਤੀ ਗਈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਕੱਤਰਤਾ ਦੌਰਾਨ ਸ. ਮਨਮੀਤ ਸਿੰਘ ਭੁੱਲਰ ਐਮ ਐਲ ਏ ਕੈਨੇਡਾ ਤੇ ਡਾ. ਮਹੀਪ ਸਿੰਘ ਪ੍ਰਸਿੱਧ ਸਾਹਿਤਕਾਰ ਦੇ ਅਕਾਲ ਚਲਾਣੇ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਵੱਲੋਂ ਸ਼ੋਕ ਮਤਾ ਪਾਇਆ ਗਿਆ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।ਭਾਦਸੋਂ ਦੇ ਪਿੰਡ ਚਹਿਲ ਦੇ ਗੁਰਦੁਆਰਾ ਸਾਹਿਬ ਵਿਖੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਅਤਿ ਨਿੰਦਣਯੋਗ ਕਾਰਵਾਈ ਦੱਸਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਜੋ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ ਉਹ ਲਗਾਤਾਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਜੋ ਉਚਿੱਤ ਨਹੀਂ ਹੈ।ਉਨ੍ਹਾਂ ਗੁਰੁਦਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ੨੪ ਘੰਟੇ ਪਹਿਰਾ ਦੇਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਅੰਤਿੰ੍ਰਗ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਿਨ੍ਹਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਪਾਸ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਸਮਰੱਥਾ ਨਹੀਂ ਹੈ ਉਨ੍ਹਾਂ ਨੂੰ ਗੁਰਦੁਆਰਾ ਸਾਹਿਬਾਨ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਲਈ ਪੜਤਾਲ ਉਪਰੰਤ ਸ਼੍ਰੋਮਣੀ ਕਮੇਟੀ ਸਹਾਇਤਾ ਦੇਵੇਗੀ।ਉਨ੍ਹਾਂ ਦੱਸਿਆ ਕਿ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ੮ ਫੀਸਦੀ ਮਹਿੰਗਾਈ ਭੱਤਾ ਦਿੱਤਾ ਗਿਆ ਹੈ।

1ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸੁਪਰੀਮ ਕੋਰਟ ਵੱਲੋਂ ਧਾਰਮਿਕ ਪੁਸਤਕਾਂ ਤੇ ਪਵਿੱਤਰ ਗ੍ਰੰਥਾਂ ਦੇ ਨਾਵਾਂ ਨੂੰ ‘ਟਰੇਡ ਮਾਰਕ’ ਵਜੋਂ ਨਾ ਵਰਤਣ ਦੇ ਫੈਸਲੇ ਦਾ ਸਵਾਗਤ ਵੀ ਕੀਤਾ।ਉਨ੍ਹਾਂ ਪੰਜਾਬ ਕੈਬਨਿਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੇ ਫੈਸਲੇ ਦੀ ਸ਼ਲਾਘਾ ਕੀਤੀ।ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਸਰਵਉੱਚ ਤਖ਼ਤ ਹੈ ਅਤੇ ਉਸ ਦੀ ਮਾਣ ਮਰਿਯਾਦਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਕੋਈ ਵੀ ਸੰਸਥਾ ਆਪਣੇ ਆਪ ਸਰਬੱਤ ਖਾਲਸਾ ਨਹੀਂ ਬੁਲਾ ਸਕਦੀ।ਸਰਬੱਤ ਖਾਲਸਾ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੀ ਬੁਲਾਇਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਯਾਤਰੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪਹਿਲਾਂ ਬਣੀਆਂ ਸਰਾਵਾਂ ਦੇ ਇਲਾਵਾ ੨੫੦ ਕਮਰਿਆਂ ਦੀ ਇਕ ਹੋਰ ਸਰਾਂ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਜੋ ਸੰਗਤਾਂ ਵੱਖ-ਵੱਖ ਇਲਾਕਿਆਂ ਤੋਂ ਸ੍ਰੀ ਗੁਰੂ ਰਾਮਦਾਸ ਲੰਗਰ ਦੀ ਸੇਵਾ ਕਰਨ ਆਉਂਦੀਆਂ ਹਨ ਉਨ੍ਹਾਂ ਦੀ ਸੁੱਖ ਸਹੂਲਤ ਲਈ ੮ ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ ਜੋ ਉਨ੍ਹਾਂ ਨੂੰ ਲਿਆਉਣ ਤੇ ਛੱਡਣ ਦੀ ਸੇਵਾ ਕਰਨਗੀਆਂ।ਉਨ੍ਹਾਂ ਕਿਹਾ ਕਿ ਬਰਗਾੜੀ ‘ਚ ਵਾਪਰੀ ਮੰਦਭਾਗੀ ਘਟਨਾ ਦੌਰਾਨ ਜੋ ਦੋ ਸਿੰਘ ਸ਼ਹੀਦ ਹੋ ਗਏ ਸਨ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ੧੦-੧੦ ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।ਇਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜਾਤੀਵਾਦ ਦੇ ਆਧਾਰ ਤੇ ਵੱਖ-ਵੱਖ ਪਿੰਡਾਂ ਵਿੱਚ ਜੋ ਗੁਰਦੁਆਰਾ ਸਾਹਿਬ ਬਣਾਏ ਜਾਂਦੇ ਹਨ ਉਹ ਉਚਿਤ ਨਹੀਂ ਹਨ।ਉਨ੍ਹਾਂ ਕਿਹਾ ਕਿ ਇਕ ਪਿੰਡ ਵਿੱਚ ਇਕ ਤੋਂ ਵੱਧ ਗੁਰਦੁਆਰਾ ਸਾਹਿਬ ਨਹੀਂ ਹੋਣਾ ਚਾਹੀਦਾ ਤਾਂ ਕਿ ਉਸ ਦੀ ਸਹੀ ਢੰਗ ਨਾਲ ਸੇਵਾ-ਸੰਭਾਲ ਹੋ ਸਕੇ ਤੇ ਲੋੜ ਅਨੁਸਾਰ ਚੰਗੇ ਰਾਗੀ, ਪ੍ਰਚਾਰਕ, ਗ੍ਰੰਥੀ ਸਿੰਘ ਤੇ ਸੇਵਾਦਾਰ ਰੱਖੇ ਜਾ ਸਕਣ।ਉਨ੍ਹਾਂ ਕਿਹਾ ਕਿ ਕਲਗੀਧਰ ਦਸਮੇਸ਼ ਪਿਤਾ ਨੇ ਇਕੋਂ ਬਾਟੇ ਵਿੱਚ ਸਭ ਨੂੰ ਅੰਮ੍ਰਿਤ ਛਕਾ ਕੇ ਉਚ-ਨੀਚ ਤੇ ਜਾਤ-ਪਾਤ ਦਾ ਭਿੰਨ-ਭੇਦ ਖਤਮ ਕਰ ਦਿੱਤਾ ਸੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅਧੀਨ ਆਉਂਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ-ਨਾਲ ਨੌਜਵਾਨ ਬੱਚੇ/ਬੱਚੀਆਂ ਨੂੰ ਉੱਚ ਪੱਧਰੀ ਮਿਆਰੀ ਵਿਦਿਆ ਦੇਣ ਲਈ ਵੱਖ-ਵੱਖ ਸ਼ਹਿਰਾਂ ਵਿੱਚ ੧੨੦ ਤੋਂ ਵੱਧ ਸਕੂਲ/ਕਾਲਜ ਚਲਾ ਰਹੀ ਹੈ ਅਤੇ ਚਾਰ ਨਵੇਂ ਕਾਲਜ ਹੋਰ ਬਣ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਹਸਪਤਾਲ ਵੀ ਖੋਲ੍ਹੇ ਗਏ ਹਨ।

ਇਕੱਤਰਤਾ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ, ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ, ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਨਿਵਾਸ, ਮਾਤਾ ਗੰਗਾ ਜੀ ਨਿਵਾਸ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐੱਨ.ਆਰ.ਆਈ. ਨਿਵਾਸ, ਬਾਬਾ ਦੀਪ ਸਿੰਘ ਜੀ ਨਿਵਾਸ ਤੇ ਮਾਤਾ ਭਾਗ ਕੌਰ ਜੀ ਨਿਵਾਸ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਯਾਤਰੂਆਂ ਨੂੰ ਆਪਣੇ ਸਮਾਨ ਤੇ ਨਗਦੀ ਬਾਰੇ ਸੂਚਿਤ ਕਰਨ ਲਈ ਆਡੀਓ ਸਿਸਟਮ ਲਗਾਉਣ ਸਬੰਧੀ ਲੋਂੜੀਦਾ ਸਮਾਨ ਲੈਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸਿੱਖੀ ਦੇ ਪ੍ਰਸਾਰ-ਪ੍ਰਚਾਰ ਲਈ ਸਿੱਖ ਰਹਿਤ ਮਰਿਯਾਦਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨਾਂ ਭਾਸ਼ਾਵਾਂ ਵਿੱਚ ਛੋਟੇ ਸਾਈਜ਼ ਦੀ ਬੁੱਕ ਲੈਟ ਛਪਾਈਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਪੰਜਾਬੀ ਮੀਡੀਆ ਅਕਾਦਮੀ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਨੂੰ ੨ ਲੱਖ ਰੁਪਏ, ਗੁਰਦੁਆਰਾ ਸਿੰਘ ਸਭਾ ਬੜਵਾਹਾ, ਜ਼ਿਲ੍ਹਾ ਖੁਰਗਨ, ਮੱਧ ਪ੍ਰਦੇਸ਼ ਨੂੰ ੧ ਲੱਖ ਰੁਪਏ, ਗੁਰਦੁਆਰਾ ਪ੍ਰਤਾਪ ਨਗਰ, ਗੁਰੂ ਅਮਰਦਾਸ ਹਾਲ, ਇੰਦੌਰ ਨੂੰ ੨ ਲੱਖ ਰੁਪਏ ਅਤੇ ਪਿੰਡ ਆਲੀਵਾਲ, ਲੁਧਿਆਣਾ, ਜੰਗ-ਏ ਸ਼ਹੀਦਾਂ ਦੀ ਯਾਦਗਾਰ ਲਈ ੧੦ ਲੱਖ ਰੁਪਏ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੂਹਲ ਕੋਹਨਾ ਦੇ ਸ. ਕਲਗਾ ਸਿੰਘ, ਸ. ਗੁਰਦੇਵ ਸਿੰਘ ਤੇ ਸ. ਗੁਰਦੀਪ ਸਿੰਘ ਜਿਨ੍ਹਾਂ ਦੇ ਚੱਕਰਵਰਤੀ ਤੂਫਾਨ ਨਾਲ ਘਰ ਤਬਾਅ ਹੋ ਗਏ ਸਨ ਨੂੰ ੫੦-੫੦ ਹਜ਼ਾਰ ਰੁਪਏ ਸਹਾਇਤਾ ਦਿੱਤੀ ਗਈ ਹੈ।ਸ. ਤਰਲੋਚਨ ਸਿੰਘ ਜ਼ਿਲ੍ਹਾ ਨੌਸ਼ਿਹਰਾ (ਜੰਮੂ-ਕਸ਼ਮੀਰ) ਨੂੰ ਕੁਦਰਤੀ ਆਫਤ ਸਮੇਂ ਘਰ ਢਹਿ-ਢੇਰੀ ਹੋ ਜਾਣ ਕਰਕੇ ੫੦ ਹਜ਼ਾਰ ਰੁਪਏ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ।ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਠੱਠਾ ਜ਼ਿਲ੍ਹਾ ਤਰਨ ਤਾਰਨ ਤੋਂ ਦਰਸ਼ਨ ਕਰਨ ਆਏ ਸ਼ਰਧਾਲੂਆਂ ਦਾ ਐਕਸੀਡੈਂਟ ਹੋ ਜਾਣ ਕਾਰਨ ਮ੍ਰਿਤਕਾਂ ਨੂੰ ੧-੧ ਲੱਖ ਤੇ ਜ਼ਖਮੀਆਂ ਨੂੰ ਇਲਾਜ ਲਈ ਹੋਇਆ ਖਰਚਾ ਦਿੱਤਾ ਜਾਵੇਗਾ।

ਅੱਜ ਦੀ ਇਕੱਤਰਤਾ ਵਿੱਚ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਅੰਤ੍ਰਿੰਗ ਮੈਂਬਰਾਨ ਸ. ਨਿਰਮੈਲ ਸਿੰਘ ਜੌਲਾਂ ਕਲਾਂ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਕਰਨੈਲ ਸਿੰਘ ਪੰਜੋਲੀ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮੰਗਲ ਸਿੰਘ, ਸ. ਭਜਨ ਸਿੰਘ ਸ਼ੇਰਗਿੱਲ, ਸ. ਮੋਹਣ ਸਿੰਘ ਤੇ ਸ. ਸੁਰਜੀਤ ਸਿੰਘ ਗੜ੍ਹੀ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਸ. ਪਰਮਜੀਤ ਸਿੰਘ ਸਰੋਆ, ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ.ਰਣਜੀਤ ਸਿੰਘ ਤੇ ਸ. ਕੇਵਲ ਸਿੰਘ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ. ਅਰਵਿੰਦਰ ਸਿੰਘ ਸਾਸਨ ਏ.ਪੀ.ਆਰ.ਓ., ਸ. ਸੁਖਬੀਰ ਸਿੰਘ, ਸ. ਕਰਮਬੀਰ ਸਿੰਘ, ਸ. ਗੁਰਦਿਆਲ ਸਿੰਘ ਤੇ ਸ.ਸੁਖਬੀਰ ਸਿੰਘ ਇੰਚਾਰਜ, ਸ. ਸੁਖਵਿੰਦਰ ਸਿੰਘ ਗਰੇਵਾਲ ਤੇ ਸ. ਗੁਰਿੰਦਰ ਸਿੰਘ ਨਿਜੀ ਸਹਾਇਕ, ਸ. ਹਰਜਿੰਦਰ ਸਿੰਘ ਤੇ ਸ. ਸੁਖਦੀਪ ਸਿੰਘ ਸੁਪਰਵਾਈਜ਼ਰ ਆਦਿ ਮੌਜੂਦ ਸਨ।