25-02-2016-2 copyਅੰਮ੍ਰਿਤਸਰ ੨੫ ਫਰਵਰੀ (         ) ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ਰਧਾ ਭਾਵਨਾ ਨਾਲ ਨਤਮਸਤਿਕ ਹੋਣ ਆਉਣ ਵਾਲੀਆਂ ਸੰਗਤਾਂ ਜਿਥੇ ਆਤਮਿਕ ਆਨੰਦ ਪਾਉਂਦੀਆਂ ਹਨ, ਉਥੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਸਦਕਾ ਮੂੰਹ ਮੰਗੀਆਂ ਮੁਰਾਦਾਂ ਵੀ ਹਾਸਲ ਕਰਦੀਆਂ ਹਨ।ਇਸ ਮੁਕੱਦਸ ਅਸਥਾਨ ਤੇ ਦ੍ਰਿੜ ਵਿਸ਼ਵਾਸ਼ ਅਤੇ ਸ਼ਰਧਾ ਭਾਵਨਾ ਨਾਲ ਨਤਮਸਤਿਕ ਹੋਣ ਵਾਲੀਆਂ ਸੰਗਤਾਂ ਦੇ ਦੁੱਖ ਦਰਦ ਵੀ ਦੂਰ ਹੁੰਦੇ ਹਨ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਜੋਦੜੀ ਕਰਨ ਵਾਲੀਆਂ ਸੰਗਤਾਂ ਸਦਾ ਅਕਾਲ ਪੁਰਖ ਵੱਲੋਂ ਬਖਸ਼ਿਸ਼ਾਂ ਦੀਆਂ ਭਾਗੀ ਬਣਦੀਆਂ ਹਨ।ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਵੀ ਆਪਣੀ ਨਿਵੇਕਲੀ ਮਹੱਤਤਾ ਹੈ ਜਿਸ ਦੀ aੁਦਾਹਰਨ ਪੱਟੀ ਸਲਤਨਤ ਦੇ ਰਾਜੇ ਦੁਨੀ ਚੰਦ ਦੀ ਸੱਤਵੀਂ ਬੇਟੀ ਬੀਬੀ ਰਜਨੀ ਦੇ ਪਤੀ ਦਾ ਕੋਹੜ ਠੀਕ ਹੋਣ ਤੋਂ ਮਿਲਦੀ ਹੈ।ਉਨ੍ਹਾਂ ਕਿਹਾ ਕਿ ਮੌਜੂਦਾ ਘਟਨਾ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਸਮੇਂਂ ਸ਼ਾਮਲ ਹੋਏ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਰਹਿਣ ਵਾਲੇ ਸਿੱਖ ਨੌਜਵਾਨ ਸ. ਪਰਮਿੰਦਰ ਸਿੰਘ ਜੋ ਸਰੀਰ ਦੇ ਲਾਚਾਰਪੁਣੇ ਤੋਂ ਪ੍ਰੇਸ਼ਾਨ ਸੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਸਦਕਾ ਹੁਣ ਤੰਦਰੁਸਤ ਹੋ ਗਿਆ ਹੈ।ਉਨ੍ਹਾਂ ਭਾਈ ਹਰਦੀਪ ਸਿੰਘ ਬਹੋੜੂ ਮੈਂਬਰ ਸੁਰੱਖਿਆ ਦਸਤਾ ਜੋ ਕਾਕਾ ਪ੍ਰਮਿੰਦਰ ਸਿੰਘ ਨੂੰ ਕੁੱਛੜ ਚੁੱਕ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਲਈ ਅੰਦਰ ਲੈ ਕੇ ਗਿਆ ਸੀ ਦੇ ਹਵਾਲੇ ਨਾਲ ਦੱਸਿਆ ਕਿ ੨੩ ਫਰਵਰੀ ਦੀ ਰਾਤ ੧੦-੪੦ ਦਾ ਸਮਾਂ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਚੰਦੋਆ ਸਾਹਿਬ ਦੀ ਸੇਵਾ ਹੋ ਰਹੀ ਸੀ।ਜਦ ਅਰਦਾਸ ਹੋਣ ਲੱਗੀ ਤਾਂ ਪਹਿਲਾਂ ਪ੍ਰਮਿੰਦਰ ਸਿੰਘ ਜਿਸ ਨੂੰ ਮੈਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਬਿਠਾ ਦਿੱਤਾ ਉੱਠਣ ਦੀ ਕੋਸ਼ਿਸ਼ ਕੀਤੀ ਤੇ ਡਿਗ ਪਿਆ।ਜਦ ਅਰਦਾਸ ਹੋ ਰਹੀ ਸੀ ਤਾਂ ਪ੍ਰਮਿੰਦਰ ਸਿੰਘ ਇਕ ਵਾਰ ਫੇਰ ਹਿੰਮਤ ਕਰ ਕੇ ਉੱਠਿਆ ਤੇ ਖੜਾ ਹੋ ਗਿਆ।ਇਸ ਉਪਰੰਤ ਉਹ ਆਪਣੇ ਪੈਰਾਂ ਤੇ ਤੁਰ ਕੇ ਜਦ ਸੱਚਖੰਡ ਤੋਂ ਬਾਹਰ ਆ ਰਿਹਾ ਸੀ ਤਾਂ ਕਾਕਾ ਪ੍ਰਮਿੰਦਰ ਸਿੰਘ ਦੀ ਜੁਬਾਨ ਅਜੇ ਬਾਹਰ ਹੀ ਲਟਕੀ ਸੀ ਤੇ ਉਸ ਨੇ ਇਸ਼ਾਰੇ ਨਾਲ ਹਰਦੀਪ ਸਿੰਘ ਤੇ ਆਪਣੇ ਪਿਤਾ ਨੂੰ ਦੱਸਿਆ ਕਿ ਉਸ ਦੇ ਹੱਥ ਪੈਰ ਤਾਂ ਠੀਕ ਹੋ ਗਏ ਹਨ ਪਰ ਜ਼ੁਬਾਨ ਅਜੇ ਤੱਕ ਨਹੀਂ ਚੱਲੀ।ਇਸ ਤੇ ਪ੍ਰਮਿੰਦਰ ਸਿੰਘ ਦੇ ਪਿਤਾ ਤੇ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ ਕਿ ਕੋਈ ਨਹੀਂ ਇਹ ਵੀ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਚੱਲ ਜਾਵੇਗੀ।ਭਾਈ ਹਰਦੀਪ ਸਿੰਘ ਨੇ ਦੱਸਿਆ ਕਿ ਹਰਿ ਕੀ ਪਉੜੀ ਤੇ ਚੁਲਾ ਲੈਣ ਲਈ ਜਾ ਰਹੇ ਸਾਂ ਤਾਂ ਅਚਾਨਕ ਪ੍ਰਮਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਜ਼ੁਬਾਨ ਵੀ ਚੱਲ ਪਈ ਹੈ, ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੋ ਗਈ ਹੈ, ਉਸ ਨੇ ਕਿਹਾ ਕਿ ਮੈਂ ਹੋਣ ਬੋਲ ਵੀ ਸਕਦਾ ਹਾਂ। ਪ੍ਰਮਿੰਦਰ ਸਿੰਘ ਤੇ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ।ਉਨ੍ਹਾਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਧੰਨਵਾਦ ਕੀਤਾ ਤੇ ਨਤਮਸਤਿਕ ਹੋ ਕੇ ਬਾਹਰ ਆ ਗਏ।ਹੁਣ ਕਾਕਾ ਪ੍ਰਮਿੰਦਰ ਸਿੰਘ ਬਿਲਕੁਲ ਠੀਕ ਠਾਕ ਹੈ, ਜੋ ਆਪਣੇ ਮਾਤਾ ਪਿਤਾ ਨਾਲ ਜੰਮੂ ਵਿਖੇ ਸਥਿਤ ਆਪਣੀ ਰਿਹਾਇਸ਼ ਤੇ ਜਾ ਚੁੱਕਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਹਰਿਆਣੇ ਦੇ ਸ਼ਹਿਰ ਪਾਣੀਪਤ ਵਿੱਚ ਰਹਿੰਦੇ ਨੌਜਵਾਨ ਅਤੇ ਸੰਗਰੂਰ ਜ਼ਿਲ੍ਹੇ ਦੀ ਇਕ ਬੱਚੀ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਪਰਤ ਆਈ ਜਦਕਿ ਉਨ੍ਹਾਂ ਨੂੰ ਸਾਰੇ ਡਾਕਟਰ ਜਵਾਬ ਦੇ ਚੁੱਕੇ ਸਨ।ਉਨ੍ਹਾਂ ਦੱਸਿਆ ਕਿ ਉੱਘੇ ਨਾਸਾ ਵਿਗਿਆਨੀ ਸ੍ਰੀ ਵਾਸਤਵਾ ਜੋ ਸੂਰਤ ਦਾ ਰਹਿਣ ਵਾਲਾ ਸੀ ਦਾ ਬ੍ਰੇਨ ਕੈਂਸਰ ਰੋਗ ਵੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਨਾਲ ਦੂਰ ਹੋਇਆ।
ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਜਿਹਾ ਪਵਿੱਤਰ ਸਥਾਨ ਹੈ ਜਿਥੇ ਪ੍ਰਭੂ ਦਾ ਸੱਚਖੰਡ ਸਾਜਿਆ ਗਿਆ ਹੈ ਅਤੇ ਇਥੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਮਾਨਸਿਕ ਤੇ ਸਰੀਰਿਕ ਤੌਰ ‘ਤੇ ਚੁਸਤ-ਦਰੁਸਤ ਹੋ ਕੇ ਨਾਮ ਰਸ ਵਿੱਚ ਲੀਨ ਹੋ ਜਾਂਦੀਆਂ ਹਨ।ਉਨ੍ਹਾਂ ਸੰਗਤਾਂ ਨੂੰ ਸਤਿਗੁਰਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਅਤੇ ਨਾਮ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਸੁਨੇਹਾ ਵੀ ਦਿੱਤਾ।