ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਂਚ ਕਮੇਟੀ ਬਣਾਈ

ਅੰਮ੍ਰਿਤਸਰ, ੨੩ ਜਨਵਰੀ-  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਤਰਜ਼ ‘ਤੇ ਬਣਾਏ ਜਾ ਰਹੇ ਗੁਰਦੁਆਰਾ ਸਾਹਿਬ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਮਸਤੂਆਣਾ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਂਗ ਬਣਾਏ ਜਾ ਰਹੇ ਅਸਥਾਨ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ। ਇਸ ਜਾਂਚ ਕਮੇਟੀ ਵਿਚ ਅੰਤ੍ਰਿੰਗ ਕਮੇਟੀ ਮੈਂਬਰ ਸ. ਹਰਿੰਦਰ ਸਿੰਘ ਰੋਗਲਾ, ਸ਼੍ਰੋਮਣੀ ਕਮੇਟੀ ਮੈਂਬਰ ਸ. ਕਰਨੈਲ ਸਿੰਘ ਪੰਜੌਲੀ, ਸ. ਭੁਪਿੰਦਰ ਸਿੰਘ ਭਲਵਾਨ ਅਤੇ ਸ. ਮਲਕੀਤ ਸਿੰਘ ਚੰਗਾਲ ਨੂੰ ਸ਼ਾਮਿਲ ਕਰਦਿਆਂ ਇਸ ਦੇ ਕੋਆਰਡੀਨੇਟਰ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਦੇ ਮੈਨੇਜਰ ਨੂੰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਜਾਂਚ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਬੰਧੀ ਬੀਤੇ ਸਮੇਂ ‘ਚ ਦਿੱਤੇ ਜਾ ਰਹੇ ਨਿਰਦੇਸ਼ ਦੀ ਪਾਲਣਾ ਬਾਰੇ ਪਤਾ ਲਗਾ ਕੇ ਆਪਣੀ ਰਿਪੋਰਟ ਦੇਵੇਗੀ।
ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹਾ ਹੋਰ ਕੋਈ ਅਸਥਾਨ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਇਸ ਮਾਮਲੇ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੂੰ ਅਪੀਲ ਕੀਤੀ ਕਿ ਅਜਿਹੇ ਮਸਲੇ ਮਰਨ ਵਰਤ ਨਾਲ ਨਹੀਂ, ਸਗੋਂ ਮਿਲ ਬੈਠ ਕੇ ਵਿਚਾਰਾਂ ਉਪਰੰਤ ਸੰਜੀਦਾ ਜਤਨਾਂ ਨਾਲ ਹੀ ਹੱਲ ਹੋ ਸਕਦੇ ਹਨ।