123

ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਂ ਤੋਂ ਹੀ ਜਦੋਂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚ ਬੰਦ ਸਨ ਤਾਂ ਸ਼ਬਦ ਚੌਂਕੀ ਦੇ ਰੂਪ ਵਿਚ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਵਿਚ ਸਿੱਖ ਸ਼ਬਦ ਚੌਂਕੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੱਢੀਆਂ ਜਾਂਦੀਆਂ ਰਹੀਆਂ ਹਨ।

ਉਸ ਸਮੇਂ ਤੋਂ ਚੱਲੀ ਆ ਰਹੀ ਪ੍ਰੰਪਰਾ ਅਨੁਸਾਰ ਅੱਜ ਵੀ ਹਰ ਰੋਜ਼ ਸ਼ਬਦੀ ਜੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਸਿਰੀ ਸਾਹਿਬ ਲੈ ਕੇ ਸੱਤ ਵੱਜ ਕੇ 30 ਮਿੰਟ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਪੂਰੇ ਸਰੋਵਰ ਦੀ ਪ੍ਰਕਰਮਾ ਕਰਕੇ ਸ਼ਬਦ ਚੌਂਕੀ ਦੇ ਰੂਪ ਵਿਚ ਅੱਠ ਵੱਜ ਕੇ 25 ਮਿੰਟ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਵਾਜ਼ੇ ‘ਤੇ ਜਾ ਕੇ ਸ਼ਬਦ ਪੜ੍ਹਕੇ ਸੰਖੇਪ ਅਰਦਾਸ ਹੁੰਦੀ ਹੈ। ਉਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਚੱਲਦਾ ਗੁਰਬਾਣੀ ਕੀਰਤਨ ਕੁਝ ਸਮੇਂ ਲਈ ਰੋਕ ਦਿੱਤਾ ਜਾਂਦਾ ਹੈ, ਸ਼ਬਦ ਚੌਂਕੀ ਦੀ ਮਹਾਨਤਾ ਲਈ ਸਿੱਖ ਰੋਜ਼ ਅਰਦਾਸ ਵਿਚ ਪੜ੍ਹਦੇ ਹਨ ‘ਚੌਂਕੀਆਂ, ਝੰਡੇ, ਬੁੰਗੇ ਜੁਗੋ-ਜੁਗ ਅਟੱਲ’।

ਇਸ ਮਰਯਾਦਾ ਅਨੁਸਾਰ ਹੀ ਮਿਤੀ 3-12-2016 ਨੂੰ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਪਹੁੰਚੇ, ਜਿਨ੍ਹਾ ਦਾ ਪਹੁੰਚਣ ਦਾ ਸਮਾਂ 8:15 PM ਦਾ ਸੀ ਪ੍ਰੰਤੂ ਉਨ੍ਹਾ ਵੱਲੋਂ ਲੰਗਰ ਵਿਚ ਜਾਣ ਦਾ ਅਚਾਨਕ ਪ੍ਰੋਗਰਾਮ ਬਣਨ ਕਰਕੇ 10 ਮਿੰਟ ਲੇਟ ਭਾਵ 8:25 PM ਦਾ ਹੋ ਗਿਆ ਜੋ ਸਮਾਂ ਸ਼ਬਦ ਚੌਂਕੀ ਨਾਲ ਰਲਦਾ ਸੀ। ਕਿਉਂਕਿ ਸ਼ਬਦ ਚੌਂਕੀ 8:25 PM ‘ਤੇ ਮਰਯਾਦਾ ਨਿਭਾ ਕੇ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੁੰਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਕਿਸੇ ਵਿਸ਼ੇਸ਼ ਵਿਅਕਤੀ ਲਈ ਨਾ ਹੀ ਕਦੀਂ ਬਦਲੀ ਗਈ ਹੈ ਅਤੇ ਨਾ ਹੀ ਕੋਈ ਸੱਚਾ ਸਿੱਖ ਇਸ ਲਈ ਸੋਚ ਸਕਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਧਾਰਮਿਕ ਫਰਜ਼ਾਂ ਦੀ ਪੂਰਤੀ ਲਈ ਪੂਰੀ ਤਰ੍ਹਾ ਦ੍ਰਿੜ੍ਹ ਹੈ।