ਜਲਦੀ ਹੀ 86 ਕਿਸਮ ਦਾ ਹੋਰ ਗੁਲਾਬ ਇਸ ਬਾਗ ਦੀ ਸ਼ੋਭਾ ਵਧਾਏਗਾ- ਡਾ. ਰੂਪ ਸਿੰਘ

ਅੰਮ੍ਰਿਤਸਰ, 4 ਮਾਰਚ- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਤ ਕੀਤੇ ਗਏੇ ਗੁਰੂ ਕੇ ਬਾਗ ਵਿਚ ਵੱਖ-ਵੱਖ ਕਿਸਮਾਂ ਦੇ ਫਲਦਾਰ (ਹਾਈਬ੍ਰਿਡ) ਬੂਟੇ ਜਿਨ੍ਹਾਂ ਵਿਚ ਕਾਜੂ, ਬਦਾਮ, ਅੰਜੀਰ, ਕਾਲਾ ਅਮਰੂਦ, ਨਾਗਪੁਰੀ ਸੰਤਰਾ ਤੇ ਗੰਧਰਸ ਆਦਿ ਲਗਾਏ ਗਏ ਹਨ, ਜੋ ਗੁਰੂ ਕੇ ਬਾਗ ਦੀ ਸ਼ੋਭਾ ਵਿਚ ਹੋਰ ਵਾਧਾ ਕਰਨਗੇ। ਇਸ ਤੋਂ ਪਹਿਲਾਂ ਗੁਰੂ ਕੇ ਬਾਗ ਵਿਚ 400 ਕਿਸਮ ਦੇ ਗੁਲਾਬ ਅਤੇ ਬਾਗ ਅੰਦਰ ਤਿੰਨ ਪਰਤੀ ਕਿਆਰੀਆਂ ਵਿਚ ਵੱਖ-ਵੱਖ ਤਰ੍ਹਾਂ ਦੇ ਛੋਟੇ ਵੱਡੇ ਬੂਟੇ ਲਗਾਏ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਾਗ ਨੂੰ ਨਵੀਂ ਦਿੱਖ ਵਿਚ ਹਰਿਆ-ਭਰਿਆ ਬਣਾਉਣ ਲਈ ਪਿਛਲੇ ਕੁਝ ਮਹੀਨੇ ਪਹਿਲਾਂ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਦੀ ਕਾਰਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਕਰਵਾ ਰਹੇ ਹਨ। ਇਸ ਬਾਗ ਦੀ ਨਿਗਰਾਨੀ ਲਈ ਬਾਗਬਾਨੀ ਮਾਹਿਰਾਂ ਦੀਆਂ ਸੇਵਾਵਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਲਈਆਂ ਜਾ ਰਹੀਆਂ ਹਨ। ਅੱਜ ਇਹ ਬੂਟੇ ਲਗਾਉਣ ਦਾ ਕਾਰਜ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਧਰਮ ਪ੍ਰਚਾਰ ਕਮੇਟੀ ਸ. ਮਨਜੀਤ ਸਿੰਘ, ਐਡੀ. ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਰਾਵਾਂ ਸ. ਮੁਖਤਾਰ ਸਿੰਘ ਵੱਲੋਂ ਕੀਤਾ ਗਿਆ।
ਇਸ ਮੌਕੇ ਡਾ. ਰੂਪ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਦੇ ਨਾਲ ਗੁਰੂ ਕੇ ਬਾਗ ਵਿਚ ਲਗਾਏ ਗਏ ਬੂਟਿਆਂ ਵਿਚ 400 ਕਿਸਮ ਦਾ ਗੁਲਾਬ ਲਗਾਇਆ ਜਾ ਚੁੱਕਾ ਹੈ ਅਤੇ 86 ਕਿਸਮ ਦਾ ਹੋਰ ਗੁਲਾਬ ਇਸ ਬਾਗ ਦੀ ਸ਼ੋਭਾ ਵਿਚ ਜਲਦੀ ਹੀ ਵਾਧਾ ਕਰੇਗਾ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਆਉਣ ਵਾਲੀ ਸੰਗਤ ਇਸ ਵੱਖ-ਵੱਖ ਕਿਸਮ ਦੇ ਗੁਲਾਬ ਦੀ ਜਿਥੇ ਖੁਸ਼ਬੋਈ ਲਵੇਗੀ ਉਥੇ ਹੀ ਇਸ ਬਾਗ ਵਿਚ ਮੋਸਮੀ ਬੂਟੇ ਵੀ ਇਸ ਦੀ ਸੁੰਦਰਤਾ ’ਚ ਹੋਰ ਵਾਧਾ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਰਾਂ ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸਾਂ ਦੀ ਛੱਤ ਉਪਰ ਵੀ ਵੱਖ-ਵੱਖ ਕਿਸਮਾਂ ਜਿਨ੍ਹਾਂ ਵਿਚ ਅੰਬ, ਕੋਨਾਕਾਰਪਸ, ਅਮਰੂਦ ਤੇ ਨੌਰੰਗੀ ਆਦਿ ਦੇ ਲੱਗਪਗ 90 ਬੂਟੇ ਲਗਾਏ ਜਾ ਚੁੱਕੇ ਹਨ। ਇਨ੍ਹਾਂ ਬੂਟਿਆਂ ਦੀ ਸੇਵਾ ਰੈਵੀਨਿਊ ਵਿਭਾਗ ਲੁਧਿਆਣਾ ਦੇ ਕਮਿਸ਼ਨਰ ਸ੍ਰੀ ਰੋਹਿਤ ਮਹਿਰਾ ਵੱਲੋਂ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਇਨ੍ਹਾਂ ਵੱਲੋਂ ਵੀ ਵਰਟੀਕਲ ਗਾਰਡਨ ਅਤੇ ਪ੍ਰਬੰਧਕੀ ਬਲਾਕ ਉਪਰ ਬੂਟੇ ਲਗਾਉਣ ਦੀ ਸੇਵਾ ਕੀਤੀ ਗਈ ਹੈ। ਉਨ੍ਹਾਂ ਕਿਹਾ ਸਾਡਾ ਮਕਸਦ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਸਾਫ਼-ਸੁਥਰਾ ਤੇ ਸੁਗੰਧੀ ਭਰਪੂਰ ਵਾਤਾਵਰਨ ਮਿਲੇ।

ਇਸ ਮੌਕੇ ਅੰਤ੍ਰਿੰਗ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਸਕੱਤਰ ਸ. ਮਨਜੀਤ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਸਰਾਵਾਂ ਸ. ਮੁਖਤਾਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਸੁਖਜਿੰਦਰ ਸਿੰਘ ਐਸ.ਡੀ.ਓ. ਸ. ਸ਼ਾਹਬਾਜ ਸਿੰਘ ਇੰਚਾਰਜ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੇਨਈ ਦੇ ਪ੍ਰਧਾਨ ਸ. ਹਰਬੰਸ ਸਿੰਘ ਤੇ ਹੈੱਡ ਪ੍ਰਚਾਰ ਭਾਈ ਜਗਦੇਵ ਸਿੰਘ ਆਦਿ ਮੌਜੂਦ ਸਨ।