ਅੰਮ੍ਰਿਤਸਰ, 17 ਮਾਰਚ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਅੱਜ ਹਰਿਆਣਾ ਦੀ ਸੰਗਤ ਵੱਲੋਂ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ, ਜੋ ਭਲਕ ਤੱਕ ਜਾਰੀ ਰਹੇਗੀ। ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਭੁਪਿੰਦਰ ਸਿੰਘ ਅਸੰਧ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਲੰਗਰ ਸੇਵਾ ਦੀ ਆਰੰਭਤਾ ਅਰਦਾਸ ਕਰਕੇ ਕੀਤੀ। ਸੰਗਤ ਵੱਲੋਂ ਗੁਰੂ ਕੇ ਲੰਗਰ ਲਈ ਆਟਾ, ਦਾਲਾਂ, ਚੋਲ, ਘਿਓ, ਖੰਡ, ਚਾਹ ਪੱਤੀ, ਦੇਸੀ ਘਿਓ, ਸਬਜ਼ੀਆਂ, ਸਰੋਂ ਦਾ ਤੇਲ, ਰਿਫਾਇੰਡ, ਕਣਕ, ਮਸਾਲੇ ਅਤੇ ਦੁੱਧ ਆਦਿ ਭੇਟ ਕੀਤੇ ਗਏ ਹਨ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਸੇਵਾ ਕਰਨ ਪੁੱਜੀ ਹਰਿਆਣੇ ਦੀ ਸੰਗਤ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਦਿੱਤਾ ਗਿਆ। ਸ. ਭੁਪਿੰਦਰ ਸਿੰਘ ਅਸੰਧ ਨੇ ਇਸ ਮੌਕੇ ਕਿਹਾ ਕਿ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਸਿੱਖ ਕੌਮ ਦੀ ਲੰਗਰ ਪ੍ਰਥਾ ਨਿਵੇਕਲੀ ਹੈ ਅਤੇ ਗੁਰੂ ਕੇ ਲੰਗਰਾਂ ਵਿੱਚੋਂ ਹਰ ਧਰਮ ਤੇ ਹਰ ਦੇਸ਼ ਦੀਆਂ ਸੰਗਤਾਂ ਬਿਨਾ ਭੇਦ-ਭਾਵ ਦੇ ਇਕ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਦੀਆਂ ਹਨ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਦੁਨੀਆਂ ਵਿੱਚੋਂ ਸਭ ਤੋਂ ਵੱਡਾ ਲੰਗਰ ਘਰ ਹੈ ਅਤੇ ਇਥੇ ਸੇਵਾ ਕਰਨ ਦਾ ਸੁਭਾਗ ਮਿਲਣਾ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ। ਇਸ ਮੌਕੇ ਲੰਗਰ ਦੇ ਮੈਨੇਜਰ ਸ. ਮਨਜਿੰਦਰ ਸਿੰਘ ਮੰਡ, ਬਾਬਾ ਸੁੱਖਾ ਸਿੰਘ, ਬਾਬਾ ਰਜਿੰਦਰ ਸਿੰਘ, ਬਾਬਾ ਗੁਰਮੀਤ ਸਿੰਘ ਲੰਗਰ ਸਾਹਿਬ ਵਾਲੇ, ਬਾਬਾ ਬਾਬੂ ਸਿੰਘ, ਸ. ਹਰਦੀਪ ਸਿੰਘ ਚੇਅਰਮੈਨ, ਸ. ਬਲਕਾਰ ਸਿੰਘ ਪ੍ਰਧਾਨ ਗੁਰਦੁਆਰਾ ਮੰਜੀ ਸਾਹਿਬ ਕਰਨਾਲ, ਸ. ਪ੍ਰਤਾਪ ਸਿੰਘ ਤ੍ਰਾਵੜੀ, ਇੰਚਾਰਜ ਸ. ਪਰਮਜੀਤ ਸਿੰਘ, ਸ. ਮੰਗਪ੍ਰੀਤ ਸਿੰਘ ਆਦਿ ਮੌਜੂਦ ਸਨ।