ਅੰਮ੍ਰਿਤਸਰ 9 ਨਵੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸਦਭਾਵਨਾ ਦਲ ਦੇ ਸੇਵਾਦਾਰ ਸ. ਬਲਵਿੰਦਰ ਸਿੰਘ ਪੁੜੈਣ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਨੂੰ ਸਿਰੇ ਤੋਂ ਨਕਾਰਦੇ ਹੋਏ ਇਸ ਨੂੰ ਤੱਥਹੀਣ, ਕੋਰਾ ਝੂਠ ਤੇ ਸੰਗਤਾਂ ਨੂੰ ਗੁੰਮਰਾਹ ਕਰਨ ਵਾਲਾ ਦੱਸਿਆ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸ. ਪੁੜੈਣ ਨੇ ਇਹ ਝੂਠਾ ਇਲਜ਼ਾਮ ਲਗਾ ਕੇ ਮੇਰੀ ਸਖਸ਼ੀਅਤ ਨੂੰ ਧੱਬਾ ਲਗਾਉਣ ਵਾਲੀ ਗੱਲ ਕੀਤੀ ਹੈ ਜੋ ਠੀਕ ਨਹੀਂ।ਉਨ੍ਹਾਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆ ਕਿਹਾ ਕਿ ਮੇਰੇ ਨਾਮ ਤੇ ਕਿਸੇ ਕਿਸਮ ਦੀ ਕੋਈ ਜਾਇਦਾਦ ਨਹੀਂ ਹੈ।ਸ. ਪੁੜੈਣ ਕੇਵਲ ਅਖਬਾਰੀ ਸੁਰਖੀ ਬਟੋਰਨ ਖਾਤਰ ਅਜਿਹੇ ਮਨਘੜਤ ਦੋਸ਼ ਲਗਾ ਰਹੇ ਹਨ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮੇਰੇ ਤੇ ਇਸ ਤਰ੍ਹਾਂ ਦਾ ਕੋਝਾ ਇਲਜ਼ਾਮ ਲਗਾਉਣ ਲਈ ਸ. ਪੁੜੈਣ ਖਿਲਾਫ  ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।