unnamedਅੰਮ੍ਰਿਤਸਰ 5 ਅਕਤੂਬਰ (      ) ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸ. ਪ੍ਰੇਮ ਸਿੰਘ ਚੰਦੂਮਾਜਰਾ ਦੇ ਭਤੀਜੇ ਸ. ਬਲਜਿੰਦਰ ਸਿੰਘ ਚੰਦੂਮਾਜਰਾ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਦੀਆਂ ਸੰਗਤਾਂ ਨਾਲ ਲੰਗਰ ਸੇਵਾ ਕਰਦਿਆਂ ਸ੍ਰੀ ਗੁਰੂ ਰਾਮਦਾਸ ਲੰਗਰ ਲਈ 6 ਲੱਖ 50 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਸ. ਜਤਿੰਦਰ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਗੁਰੂ ਘਰੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਸ. ਬਲਜਿੰਦਰ ਸਿੰਘ ਚੰਦੂਮਾਜਰਾ ਨੇ ਗੱਲਬਾਤ ਦੌਰਾਨ ਕਿਹਾ ਕਿ ਰੂਹਾਨੀਅਤ ਦੇ ਘਰ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਲੰਗਰ ਸੇਵਾ ਸਵ:ਬੀਬੀ ਸੁਰਿੰਦਰ ਕੌਰ ਜੀ ਬਾਦਲ ਨੇ ਸ਼ੁਰੂ ਕੀਤੀ ਸੀ ਜੋ ਸਮੇਂ-ਸਮੇਂ ਸੰਗਤਾਂ ਵੱਲੋਂ ਜਾਰੀ ਹੈ।ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਰੋਜ਼ਾਨਾ ਹੀ ਹਜ਼ਾਰਾਂ ਸੰਗਤਾਂ ਲੰਗਰ ‘ਚ ਬੈਠ ਕੇ ਪ੍ਰਸ਼ਾਦਾਂ ਛਕਦੀਆਂ ਹਨ।ਇਸ ਅਸਥਾਨ ਤੇ ਸੇਵਾ ਕਰਨ ਦਾ ਸੁਭਾਗ ਕਰਮਾਂ ਭਾਗਾਂ ਵਾਲਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ।ਉਨ੍ਹਾਂ ਕਿਹਾ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਾਸਤੇ ਪਨੀਰ 280 ਕਿਲੋ, ਪਿਆਜ਼ 10 ਕੁਇੰਟਲ, ਹਰੇ ਮਟਰ ਕੱਢੇ 5 ਕੁਇੰਟਲ, ਲਸਣ 90 ਕਿਲੋ, ਅਦਰਕ 110 ਕਿਲੋ, ਗੋਭੀ 12 ਕੁਇੰਟਲ, ਹਰੀ ਮਿਰਚ 100 ਕਿਲੋ, ਟਮਾਟਰ 100 ਕਿਲੋ ਤੇ ਤਾਜ਼ਾ ਦੁੱਧ 40 ਕੁਇੰਟਲ ਸੰਗਤਾਂ ਦੇ ਸਹਿਯੋਗ ਨਾਲ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਕ੍ਰਿਪਾ ਕਰਨ ਆਪ ਉਦਮ ਉਪਰਾਲਾ ਬਖ਼ਸ਼ ਕੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ।

ਇਸ ਮੌਕੇ ਸ. ਸਤਿੰਦਰ ਸਿੰਘ, ਸ. ਜਸਪਾਲ ਸਿੰਘ, ਸ. ਬਿਸਾਖੀ ਸਿੰਘ ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਬਹੁਤ ਸਾਰੀਆਂ ਸੰਗਤਾਂ ਸ਼ਾਮਲ ਸਨ।