deptਅੰਮ੍ਰਿਤਸਰ 29 ਅਪ੍ਰੈਲ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਯੂਨੀਵਰਸਿਟੀ ਦੀ ਇਕ ਕਿਤਾਬ ‘ਚ ਸ. ਭਗਤ ਸਿੰਘ ਨੂੰ ਅੱਤਵਾਦੀ ਦੱਸੇ ਜਾਣ ‘ਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ‘ਭਾਰਤ ਦਾ ਸੁਤੰਤਰਤਾ ਸੰਘਰਸ਼’ ਦੀ ਕਿਤਾਬ ਦੇ ਅਧਿਆਇ ੨੦ ‘ਚ ਸ. ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਜਗ੍ਹਾ-ਜਗ੍ਹਾ ਤੇ ਅੱਤਵਾਦੀ ਲਿਖਿਆ ਜਾਣਾ ਬਹੁਤ ਹੀ ਮੰਦਭਾਗੀ ਕਾਰਵਾਈ ਹੈ।  
ਉਨ੍ਹਾਂ ਕਿਹਾ ਕਿ ਸ. ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਦੇਸ਼ ਦੀ ਅਜ਼ਾਦੀ ਲਈ ਫਾਂਸੀ ਦੇ ਰੱਸੇ ਚੁੰਮ ਕੇ ਆਪਣੀਆਂ ਜਾਨਾਂ ਵਾਰ ਗਏ, ਪਰ ਅਫ਼ਸੋਸ ਕਿ ੧੯੯੦ ਤੋਂ ਪ੍ਰਕਾਸ਼ਿਤ ਹੋ ਰਹੀ ਇਸ ਕਿਤਾਬ ਨੂੰ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਗਲਤ ਪਾਠ ਪੜ੍ਹਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਦੇਸ਼ ਤੋਂ ਜਾਨਾਂ ਵਾਰਨ ਵਾਲੇ ਮਹਾਨ ਅਜਾਦੀ ਘੁਲਾਟੀਆਂ ਨੂੰ ਅੱਤਵਾਦੀ ਗਰਦਾਨ ਕੇ ਉਨ੍ਹਾਂ ਦਾ ਘੋਰ ਅਪਮਾਨ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਪੁਸਤਕ ਦੇ ਲੇਖਕ ਅਤੇ ਪ੍ਰਕਾਸ਼ਕ ਨੂੰ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।ਉਨ੍ਹਾਂ ਕੇਂਦਰੀ ਸਿੱਖਿਆ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਇਸ ਪਾਠ ਪੁਸਤਕ ‘ਚੋਂ ਜਿਸ ਵੀ ਸਤਿਕਾਰਤ ਸਖਸੀਅਤ ਨਾਲ ਅੱਤਵਾਦੀ ਲਫ਼ਜ ਲਿਖਿਆ ਗਿਆ ਹੈ ਉਸ ਨੂੰ ਤੁਰੰਤ ਹਟਾਉਣ।
ਉਨ੍ਹਾਂ ਕਿਹਾ ਕਿ ਐਸੀਆਂ ਪੁਸਤਕਾਂ ਜੋ ਪਾਠਕਾਂ ਨੂੰ ਗੁੰਮਰਾਹ ਕਰਦੀਆਂ ਹਨ ਉਨ੍ਹਾਂ ‘ਤੇ ਸਰਕਾਰ ਤੁਰੰਤ ਪਾਬੰਦੀ ਲਗਾਏ।ਉਨ੍ਹਾਂ ਕਿਹਾ ਕਿ ਐਸੀਆਂ ਕਿਤਾਬਾਂ ਤੁਰੰਤ ਜਬਤ ਕਰਕੇ ਇਨ੍ਹਾਂ ਦੇ ਲੇਖਕਾਂ ਤੇ ਪ੍ਰਕਾਸ਼ਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।