ਅੰਮ੍ਰਿਤਸਰ 10 ਮਾਰਚ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਖੇ ਚੱਲਦੇ ਪਬਲਿਕ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਮੂਹ ਪ੍ਰਿੰਸੀਪਲਾਂ ਨਾਲ ਸ. ਮਨਜੀਤ ਸਿੰਘ ਸਕੱਤਰ ਨੇ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਪ੍ਰਬੰਧਕੀ ਬਲਾਕ ਦੇ ਇਕੱਤਰਤਾ ਹਾਲ ਵਿੱਚ ਸਕੂਲਾਂ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ।

ਦਫਤਰ ਤੋਂ ਜਾਰੀ ਪ੍ਰੈਸ ਨੋਟ ‘ਚ ਜਾਣਕਾਰੀ ਦੇਂਦਿਆ ਸ. ਮਨਜੀਤ ਸਿੰਘ ਸਕੱਤਰ ਨੇ ਦੱਸਿਆ ਕਿ ਨਵੇਂ ਵਿਦਿਅਕ ਸ਼ੈਸਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਇਕੱਤਰ ਕਰਕੇ ਸਕੂਲਾਂ ਦੀਆਂ ਪਿਛਲੇ ਸਾਲਾਂ ਦੀਆਂ ਪ੍ਰਾਪਤੀਆਂ ਅਤੇ ਆਉਂਦੇ ਸਾਲ ਵਿੱਚ ਨਵੇਂ ਦਾਖਲਿਆਂ ਬਾਰੇ ਦੀਰਘ ਵਿਚਾਰਾਂ ਕੀਤੀਆਂ ਗਈਆਂ ਹਨ।ਸਮੂਹ ਪ੍ਰਿੰਸੀਪਲਾਂ ਨੂੰ ਵਿੱਦਿਆ ਦੇ ਮਿਆਰ ਵਿੱਚ ਵੱਡੇ ਪੱਧਰ ਤੇ ਸੁਧਾਰ ਲਿਆਉਣ ਅਤੇ ਪ੍ਰਬੰਧ ਵਿੱਚ ਹੋਰ ਅਨੁਸ਼ਾਸਨਿਕ ਹੋਣ ਲਈ ਕਿਹਾ ਗਿਆ।ਸਕੂਲਾਂ ਨੂੰ ਨਵੀਆਂ ਬੱਸਾਂ, ਆਨ-ਲਾਇਨ ਸਿਸਟਮ ਸਾਫਟਵੇਅਰ ਰਾਹੀਂ ਕੰਪਿਊਟਰੀਕਰਨ ਕਰਨ, ਨਵੇਂ ਸਟਾਫ ਦੀ ਭਰਤੀ, ਪੁਰਾਣੇ ਸਟਾਫ ਦੇ ਰਿਫਰੈਸ਼ਰ ਕੋਰਸ ਲਗਾਉਣ ਬਾਰੇ ਕਿਹਾ ਗਿਆ ਹੈ।ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਫੈਸਲੇ ਅਨੁਸਾਰ ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਜਾਰੀ ਕਰਨ ਬਾਰੇ ਪ੍ਰਿੰਸੀਪਲਾਂ ਨੂੰ ਜਾਣੂ ਕਰਵਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਸਕੂਲਾਂ ਵਿੱਚ ਮੈਡੀਕਲ, ਨਾਨ-ਮੈਡੀਕਲ ਤੇ ਕਾਮਰਸ ਵਿਸ਼ਿਆਂ ਵਿੱਚ +1 ਤੇ +2 ਦੀਆਂ ਕਲਾਸਾਂ ਨਹੀਂ ਲਗਦੀਆਂ ਸਨ ਉਨ੍ਹਾਂ ਸਕੂਲਾਂ ਵਿੱਚ ਇਸ ਵਿਦਿਅਕ ਵਰ੍ਹੇ ਤੋਂ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।ਸਮੂਹ ਪ੍ਰਿੰਸੀਪਲਾਂ ਵੱਲੋਂ ਸ. ਮਨਜੀਤ ਸਿੰਘ ਸਕੱਤਰ ਨੂੰ ਪੂਰੀ ਮਿਹਨਤ ਨਾਲ ਆਉਂਦੇ ਅਕਾਦਮਿਕ ਵਰ੍ਹੇ ਵਿੱਚ ਕੰਮ ਕਰਨ ਦਾ ਭਰੋਸਾ ਦਿੱਤਾ ਹੈ।

ਇਸ ਮੌਕੇ ਸ. ਬਲਵਿੰਦਰ ਸਿੰਘ ਜੌੜਾ ਵਧੀਕ ਸਕੱਤਰ, ਸ. ਸੁਖਬੀਰ ਸਿੰਘ ਤੇ ਸ. ਮਨਿੰਦਰ ਮੋਹਨ ਸਿੰਘ ਇੰਚਾਰਜ ਟਰੱਸਟ, ਸ. ਅਜ਼ਾਦਦੀਪ ਸਿੰਘ ਸੁਪਰਵਾਈਜ਼ਰ ਆਦਿ ਮੌਜੂਦ ਸਨ।