ਅੰਮ੍ਰਿਤਸਰ 2 ਮਈ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਦੇ ਸੇਵਾ-ਮੁਕਤ ਹੋਣ ਮਗਰੋਂ ਸ. ਰੂਪ ਸਿੰਘ ਨੂੰ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਯੁਕਤ ਕੀਤਾ ਹੈ।ਉਨ੍ਹਾਂ ਨੇ ਅੱਜ ਆਪਣਾ ਅਹੁਦਾ ਬਤੌਰ ਸਕੱਤਰ ਵਜੋਂ ਸੰਭਾਲ ਲਿਆ ਹੈ।ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ, ਸ. ਦਿਲਜੀਤ ਸਿੰਘ ਬੇਦੀ ਤੇ ਸ. ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਸ. ਮਨਜੀਤ ਸਿੰਘ ਸਕੱਤਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ‘ਚ  ਸਕੱਤਰ ਵਜੋਂ ਵਿਚਰਨਾ ਬੜਾ ਹੀ ਜਿੰਮੇਵਾਰੀ ਵਾਲਾ ਕੰਮ ਹੈ।ਉਨ੍ਹਾਂ ਕਿਹਾ ਕਿ ਸਾਡੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸ. ਰੂਪ ਸਿੰਘ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਆਪਣੀ ਜਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਉਣ।ਇਸ ਸਮੇਂ ਸ. ਰੂਪ ਸਿੰਘ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਿਆ ਕਿਹਾ ਕਿ ਦਫ਼ਤਰ ਵੱਲੋਂ ਜੋ ਜਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਮੈਂ ਉਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਸ੍ਰ: ਰੂਪ ਸਿੰਘ ਐਡੀਟਰ ਗੁਰਮਤਿ ਪ੍ਰਕਾਸ਼, ਮੀਤ ਸਕੱਤਰ (ਪ੍ਰਚਾਰ), ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਡਾਇਰੈਕਟਰ ਸਿੱਖ ਇਤਿਹਾਸ ਰੀਸਰਚ ਬੋਰਡ, ਵਧੀਕ ਸਕੱਤਰ ਸੈਕਸ਼ਨ (੮੫) ਤੇ ੩੧-੧੦-੧੨ ਤੋਂ ਸਿੱਖ ਇਤਿਹਾਸ ਰੀਸਰਚ ਬੋਰਡ, ਇਮਾਰਤਾਂ ਅਤੇ ਵਿਦਿਆ ਆਦਿ ਦਾ ਕੰਮ ਦੇਖਦੇ ਰਹੇ ਹਨ। ਉਨ੍ਹਾਂ ਇਨ੍ਹਾਂ ਮਹੱਤਵਪੂਰਨ ਅਹੁਦਿਆਂ ਤੇ ਰਹਿ ਕੇ ਬੜੀ ਹੀ ਸੁਹਿਰਦਤਾ ਨਾਲ ਸੇਵਾ ਕੀਤੀ ਤੇ ਉਨ੍ਹਾਂ ਦੀ ਅਣਥੱਕ ਮਿਹਨਤ, ਲਗਨ ਤੇ ਦੂਰ ਅੰਦੇਸ਼ੀ ਸੋਚ ਸਦਕਾ ਬਤੌਰ ਸਕੱਤਰ ਨਿਯੁਕਤ ਕੀਤਾ ਗਿਆ।

ਇਸ ਮੌਕੇ  ਸ. ਜਗਜੀਤ ਸਿੰਘ ਮੀਤ ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਜੋਗਿੰਦਰ ਸਿੰਘ ਅਦਲੀਵਾਲ, ਸ. ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦਾ ਸਟਾਫ ਮੌਜੂਦ ਸੀ।