12-09-2015-1ਅੰਮ੍ਰਿਤਸਰ ੧੨ ਸਤੰਬਰ (        ) ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ (ਯੂ.ਏ.ਈ.) ਦੇ ਸੰਸਥਾਪਕ ਸ. ਸੁਰਿੰਦਰ ਸਿੰਘ ਕੰਧਾਰੀ ਆਪਣੀ ਸੁਪਤਨੀ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਸਰਵਣ ਕੀਤਾ।ਉਪਰੰਤ ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣ ਲਈ ਉਨ੍ਹਾਂ ਦੇ ਦਫ਼ਤਰ ਪੁੱਜੇ।ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ‘ਜੀ ਆਇਆ’ ਕਹਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਮਾਣ ਸਨਮਾਨ ਬਦਲੇ ਸ. ਸੁਰਿੰਦਰ ਸਿੰਘ ਕੰਧਾਰੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਘਰ ਹੈ।ਇਸ ਅਸਥਾਨ ਦੇ ਦਰਸ਼ਨ ਕਰਨ ਨਾਲ ਮਨ ਨੂੰ ਸਕੂਨ ਮਿਲਦਾ ਹੈ।ਉਨ੍ਹਾਂ ਕਿਹਾ ਕਿ ਮੈਨੂੰ ਜਦੋਂ ਵੀ ਸਮਾਂ ਮਿਲਦਾ ਹੈ ਇਸ ਅਸਥਾਨ ਦੇ ਦਰਸ਼ਨ ਕਰਨ ਜ਼ਰੂਰ ਆਉਂਦਾ ਹਾਂ।ਉਨ੍ਹਾਂ ਮੁੱਖ ਸਕੱਤਰ ਸਾਹਿਬ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਆਉਣ ਵਾਲੀ ਸੰਗਤ ਵਿੱਚ ਬਜ਼ੁਰਗ, ਬੱਚੇ ਆਦਿ ਵੀ ਆਉਂਦੇ ਹਨ ਘੰਟਾ ਘਰ ਵਾਲੀ ਡਿਓੜੀ ਤੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ‘ਚ ਪੌੜੀਆਂ ਤੋਂ ਉਤਰਨ ਸਮੇਂ ਕਾਫੀ ਮੁਸ਼ਕਲ ਪੇਸ਼ ਆਉਂਦੀ ਹੈ ਉਥੇ ਲਿਫਟ ਜਾਂ ਐਕਸੀਲੇਟਰ ਲਗਾਉਣ ਦੀ ਸੇਵਾ ਉਨ੍ਹਾਂ ਨੂੰ ਸੌਂਪੀ ਜਾਵੇ।ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਵੱਲੋਂ ਕੀਤੀ ਅਪੀਲ ਨੂੰ ਸਵੀਕਾਰ ਕਰਦਿਆਂ ਲਿਖਤੀ ਭੇਜਣ ਲਈ ਕਿਹਾ ਹੈ।
ਇਸ ਮੌਕੇ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ. ਤੇਜਿੰਦਰ ਪਾਲ ਸਿੰਘ ਜਨਰਲ ਮੈਨੇਜਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਵੀ ਮੌਜੂਦ ਸਨ।