ਅੰਮ੍ਰਿਤਸਰ, ੧੨ ਜੂਨ – ਪੱਤਰਕਾਰਾਂ ਦੀ ਦੇਸ਼ ਪੱਧਰੀ ਜਥੇਬੰਦੀ ਇੰਡੀਅਨ ਮੀਡੀਆ ਸੈਂਟਰ ਨਾਲ ਸਬੰਧਤ ਹਰਿਆਣਾ ਦੇ ਸੀਨੀਅਰ ਪੱਤਰਕਾਰਾਂ ਦੇ ਵਫ਼ਦ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ ਤੇ ਇਸ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ, ਗੁਰਦੁਆਰਾ ਪ੍ਰਬੰਧਾਂ ਦੇ ਸੰਗਤੀ ਸੰਕਲਪ ਅਤੇ ਸਿੱਖ ਧਰਮ ਵਿਚ ਲੰਗਰ ਪਰੰਪਰਾ ਦੀ ਮਹੱਤਤਾ ਬਾਰੇ ਵੀ ਦਿਲਚਸਪੀ ਨਾਲ ਜਾਣਕਾਰੀ ਹਾਸਲ ਕੀਤੀ।

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਅਤੇ ਐਡੀਸ਼ਨਲ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਅਟਾਰੀ ਨੇ ਹਰਿਆਣਾ ਦੇ ਪੱਤਰਕਾਰਾਂ ਦੇ ਵਫ਼ਦ ਦੇ ਮੈਂਬਰਾਂ ਨੂੰ ਸਿਰੋਪਾਓ, ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਦੇ ਸੈੱਟ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਅਤੇ ਤਸਵੀਰ ਦੇ ਕੇ ਸਨਮਾਨ ਕੀਤਾ। ਇਸ ਮੌਕੇ ਹਰਿਆਣਾ ਦੇ ਪੱਤਰਕਾਰਾਂ ਦੇ ਵਫ਼ਦ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਤਿਆਰ ਹੁੰਦੀਆਂ ਦਾਲਾਂ, ਸਬਜ਼ੀਆਂ ਅਤੇ ਪ੍ਰਸ਼ਾਦੇ ਪਕਾਉਣ ਦੇ ਪ੍ਰਬੰਧਾਂ ਨੂੰ ਵੀ ਵੇਖਿਆ ਅਤੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਨੇ ਹਰਿਆਣਾ ਦੇ ਪੱਤਰਕਾਰਾਂ ਨੂੰ ਲੰਗਰ ਘਰ ਦਿਖਾਉਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਲੰਗਰ ਛਕਦੀਆਂ ਹਨ ਅਤੇ ਛੁੱਟੀਆਂ ਦੇ ਦਿਨਾਂ ਵਿਚ ਸੰਗਤਾਂ ਦੀ ਆਮਦ ਦੁਗਣੀ ਹੋ ਜਾਂਦੀ ਹੈ।

ਇੰਡੀਅਨ ਮੀਡੀਆ ਸੈਂਟਰ ਹਰਿਆਣਾ ਦੇ ਪ੍ਰਧਾਨ ਸ੍ਰੀ ਰਕੇਸ਼ ਸ਼ਰਮਾ ਅਤੇ ਉਪ ਪ੍ਰਧਾਨ ਸ੍ਰੀ ਅਸ਼ੋਕ ਮਲਿਕ ਨੇ ਇਸ ਮੌਕੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਰੂਹਾਨੀ ਸਕੂਨ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੇ ਵਫ਼ਦ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ‘ਤੇ ਰਿਹਾਇਸ਼, ਲੰਗਰ ਅਤੇ ਬਾਕੀ ਪ੍ਰਬੰਧਾਂ ‘ਚ ਸ਼੍ਰੋਮਣੀ ਕਮੇਟੀ ਵੱਲੋਂ ਜੋ ਸਹੂਲੀਅਤ ਮਿਲੀ ਹੈ ਉਸ ਲਈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਅਤਿ ਧੰਨਵਾਦੀ ਹਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੌਰਾਨ ਜੋ ਪਿਆਰ ਅਤੇ ਮਾਣ-ਸਤਿਕਾਰ ਉਨ੍ਹਾਂ ਨੂੰ ਮਿਲਿਆ ਹੈ, ਉਸ ਨੂੰ ਉਹ ਸਦਾ ਯਾਦ ਰੱਖਣਗੇ। ਇਸ ੩੫ ਮੈਂਬਰੀ ਪੱਤਰਕਾਰਾਂ ਦੇ ਵਫ਼ਦ ਵਿਚ ਇੰਡੀਅਨ ਮੀਡੀਆ ਸੈਂਟਰ ਹਰਿਆਣਾ ਦੇ ਜਨਰਲ ਸਕੱਤਰ ਸ. ਨਰਿੰਦਰ ਸਿੰਘ, ਸੰਨੀ ਮਲਿਕ, ਸ. ਤਲਵਿੰਦਰ ਸਿੰਘ ਬੁੱਟਰ, ਦੀਪਕ ਮਹਿਰਾ ਆਦਿ ਸਮੇਤ ਹਿਸਾਰ, ਕੈਥਲ, ਕੁਰੂਕਸ਼ੇਤਰ, ਪਾਣੀਪਤ, ਚੰਡੀਗੜ੍ਹ, ਸੋਨੀਪਤ, ਯਮੁਨਾਨਗਰ, ਭਿਵਾਨੀ, ਮਹਿੰਦਰਗੜ੍ਹ, ਰੇਵਾੜੀ ਅਤੇ ਪਿਹੋਵਾ ਆਦਿ ਜ਼ਿਲ੍ਹਿਆਂ ਤੋਂ ਵੱਖ ਵੱਖ ਟੀ.ਵੀ. ਚੈਨਲ ਅਤੇ ਅਖ਼ਬਾਰਾਂ ਦੇ ਸੀਨੀਅਰ ਪੱਤਰਕਾਰ ਵੀ ਸ਼ਾਮਲ ਸਨ।