ਅੰਮ੍ਰਿਤਸਰ ੩੦ ਜੁਲਾਈ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਨੂੰ ਦੂਜਾ ਦਰਜਾ ਪ੍ਰਾਪਤ ਹੈ ਇਸ ਲਈ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿ ਪੂਰੀ ਸੁਹਿਰਦਤਾ ਨਾਲ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦੇਵੇ ਅਤੇ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਸਕੂਲਾਂ ‘ਚ ਪੰਜਾਬੀ ਭਾਸ਼ਾ ਨੂੰ ਲਾਗੂ ਕਰੇ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ਹਰਿਆਣਾ ਸੂਬੇ ‘ਚ ਬਹੁਤ ਸਾਰੇ ਇਲਾਕੇ ਐਸੇ ਹਨ ਜੋ ਠੇਠ ਪੰਜਾਬੀ ਹਨ।ਹਰਿਆਣਾ ‘ਚ ਸਰਕਾਰ ਬਣਾਉਣ ਲਈ ਪੰਜਾਬੀਆਂ ਦਾ ਅਹਿਮ ਰੋਲ ਹੁੰਦਾ ਹੈ।ਇਸ ਵਾਰ ਬਣੀ ਸਰਕਾਰ ਵਿੱਚ ਬਹੁਤ ਸਾਰੇ ਵਿਧਾਇਕ ਤੇ ਅਧਿਕਾਰੀ ਐਸੇ ਹਨ ਜੋ ਚੰਗੀ ਤਰ੍ਹਾਂ ਪੰਜਾਬੀ ਭਾਸ਼ਾ ਬੋਲਦੇ ਤੇ ਸਮਝਦੇ ਹਨ।ਇਸ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਜੋ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਹਰਿਆਣਾ ‘ਚ ਦੂਜੀ ਭਾਸ਼ਾ ਵਜੋਂ ਕਾਨੂੰਨੀ ਤੌਰ ‘ਤੇ ਦਰਜਾ ਮਿਲ ਚੁੱਕਾ ਹੈ ਇਸ ਲਈ ਇਸ ਭਾਸ਼ਾ ਨੂੰ ਸਹੀ ਤਰੀਕੇ ਨਾਲ ਲਾਗੂ ਕਰਦਿਆਂ ਇਕ ਸੈਲ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰਾਂ ‘ਚ ਪੰਜਾਬੀ ਭਾਸ਼ਾ ਵਿੱਚ ਕੰਮ ਕੀਤਾ ਜਾਂਦਾ ਹੈ ਉਸੇ ਤਰਜ਼ ਤੇ ਹਰਿਆਣਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਵਿਭਾਗਾਂ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰਵਾਏ ਅਤੇ ਜਿਨ੍ਹਾਂ ਸਕੁਲ਼ਾਂ ‘ਚ ਪੰਜਾਬੀ ਅਧਿਆਪਕ ਨਹੀਂ ਹਨ ਉਨ੍ਹਾਂ ਸਕੂਲਾਂ ‘ਚ ਪੰਜਾਬੀ ਅਧਿਆਪਕ ਦਿੱਤੇ ਜਾਣ।ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪੰਜਾਬੀ ਭਾਸ਼ਾ ‘ਚ ਬੰਦ ਕੀਤੇ ਗਏ ਰਸਾਲੇ ਵੀ ਮੁੜ ਸ਼ੁਰੂ ਹੋਣੇ ਚਾਹੀਦੇ ਹਨ ਤਾਂ ਕਿ ਪੰਜਾਬੀ ਪੜਣ ਵਾਲੇ ਲੋਕਾਂ ਨੂੰ ਵੀ ਹਰਿਆਣਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਕਾਜ ਬਾਰੇ ਮੁਕੰਮਲ ਜਾਣਕਾਰੀ ਮਿਲ ਸਕੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁੱਲਿਤ ਕਰਨ ਲਈ ੨੪-੨੫ ਅਕਤੂਬਰ ੨੦੧੫ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ‘ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ’ ਕਰਵਾਇਆ ਜਾ ਰਿਹਾ ਹੈ ਜਿਸ ਦਾ ਵਿਸ਼ਾ ‘ਮਾਂ ਬੋਲੀ ਪੰਜਾਬੀ : ਸਰੋਕਾਰ ਤੇ ਸੰਭਾਵਨਾ’ ਰੱਖਿਆ ਗਿਆ ਹੈ।