ਹੁਕਮਨਾਮਾ : ਮੂਲ ਪਰੰਪਰਾ ਤੇ ਇਤਿਹਾਸ

 

 

‘ਹੁਕਮਨਾਮਾ’ ਸ਼ਬਦ ‘ਹੁਕਮ’ ਤੇ ‘ਨਾਮਾ’ ਦਾ ਸੁਮੇਲ ਹੈ। ‘ਹੁਕਮ’ ਦੇ ਅਰਥ- ਆਗਿਆ, ਫੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ, ਸੂਤ ਆਦਿ ਕੀਤੇ ਮਿਲਦੇ ਹਨ ਅਤੇ ‘ਨਾਮਾ’ ਦਾ ਅਰਥ ਹੈ- ਨਾਮਹ, ਖ਼ਤ, ਪੱਤਰ, ਚਿੱਠੀ, ਲਿਖਿਆ ਹੋਇਆ ਕਾਗ਼ਜ਼। ਇਸ ਤਰ੍ਹਾਂ ‘ਹੁਕਮਨਾਮਾ’ ਉਹ ਕਾਗ਼ਜ਼ ਹੈ, ਜਿਸ ’ਤੇ ‘ਹੁਕਮ’ ਲਿਖਿਆ ਹੋਵੇ। ਆਮ ਬੋਲ-ਚਾਲ ਦੀ ਭਾਸ਼ਾ ਵਿਚ ਅਸੀਂ ਕਹਿ ਸਕਦੇ ਹਾਂ ਕਿ ਹੁਕਮਨਾਮਾ ਉਹ ਲਿਖਤੀ ਆਦੇਸ਼ ਹੈ, ਜਿਸ ਨੂੰ ਮੰਨਣਾ ਜ਼ਰੂਰੀ ਹੈ, ਜੋ ਟਾਲਿਆ ਨਾ ਜਾ ਸਕੇ ਜਾਂ ਹੁਕਮ, ਜਿਸ ਦੇ ਲਿਖਤੀ ਸਰੂਪ ਨੂੰ ਨਜ਼ਰ-ਅੰਦਾਜ਼ ਨਾ ਕੀਤਾ ਜਾ ਸਕੇ।

ਗੁਰੂ ਸਾਹਿਬਾਨ ਦੇ ਸਮੇਂ ਜੋ ਸਤਿਗੁਰਾਂ ਦੇ ਆਗਿਆ-ਪੱਤਰ ਸਿੱਖਾਂ ਵੱਲ ਭੇਜੇ ਜਾਂਦੇ ਸਨ, ਉਨ੍ਹਾਂ ਨੂੰ ‘ਹੁਕਮਨਾਮਾ’ ਸਮਝਿਆ ਜਾਂਦਾ ਸੀ। ਮਾਤਾ ਸੁੰਦਰੀ ਜੀ ਭੀ ਸੰਗਤ ਨੂੰ ਹੁਕਮਨਾਮੇ ਜਾਰੀ ਕਰਦੇ ਰਹੇ ਹਨ। ਗੁਰੂ-ਪੰਥ ਦੇ ਪ੍ਰਬੰਧ ਵਿਚਚਾਰ (ਹੁਣ ਪੰਜ) ਤਖ਼ਤਾਂ ਤੋਂ ਭੀ ਹੁਕਮਨਾਮੇ ਭੇਜੇ ਜਾਂਦੇ ਰਹੇ ਅਤੇ ਹੁਣ ਵੀ ਜਾਰੀ ਹੁੰਦੇ ਹਨ।1

ਭਾਈ ਕਾਨ੍ਹ ਸਿੰਘ ਜੀ ਨਾਭਾ ਦੀ ਉਕਤ ਪਰਿਭਾਸ਼ਾ ਤੋਂ ਸਪੱਸ਼ਟ ਹੈ ਕਿ ਗੁਰੂ ਸਾਹਿਬ ਵੱਲੋਂ ਆਪਣੇ ਸਮੇਂ ਵੱਖ-ਵੱਖ ਸੰਗਤਾਂ, ਪ੍ਰਮੁੱਖ ਗੁਰਸਿੱਖਾਂ ਜੋ ਪੱਤਰ ਭੇਜੇ ਗਏ, ਉਨ੍ਹਾਂ ਨੂੰ ਅਸੀਂ ‘ਹੁਕਮਨਾਮਾ’ ਕਹਿ ਸਕਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਮਾਤਾ ਸੁੰਦਰੀ ਜੀ ਵੱਲੋਂ ਕੁਝ ਪੱਤਰ ਲਿਖੇ ਮਿਲਦੇ ਹਨ, ਜਿਨ੍ਹਾਂ ਨੂੰ ਹੁਕਮਨਾਮਿਆਂ ਦੀ ਸੰਗਯਾ ਦਿੱਤੀ ਗਈ ਹੈ। ਭਾਈ ਸਾਹਿਬ ਨੇ ਉਕਤ ਪਰਿਭਾਸ਼ਾ ਵਿਚ ਤਖ਼ਤਾ ਤੋਂ ‘ਗੁਰੂ-ਪੰਥ’ ਵੱਲੋਂ ਹੁਕਮਨਾਮੇ ਜਾਰੀ ਕਰਨ ਦੇ ਵਿਚਾਰ ਨੂੰ ਮੰਨਿਆ ਹੈ, ਪਰ ਗਿਆਨੀ ਲਾਲ ਸਿੰਘ ਦਾ ਇਹ ਕਥਨ ਵੀ ਵਿਚਾਰਨਯੋਗ ਹੈ ਕਿ ‘ਕਿਸੀ ਸੰਤ, ਮਹੰਤ, ਸੋਢੀ, ਬੇਦੀ, ਮਾਨਨੀਯ ਪੁਰਸ਼ ਦੇ ਨਾਮ ਹੇਠਾਂ ਲਿਖਿਆ ਲੇਖ ‘ਹੁਕਮਨਾਮਾ’ ਨਹੀਂ ਕਿਹਾ ਜਾ ਸਕਦਾ, ਬਲਕਿ ਤਖ਼ਤਾਂ ਦੇ ਸੇਵਾਦਾਰ, ਜਥੇਦਾਰ, ਪੁਜਾਰੀ ਆਦਿ ਵੀ ਮਨ-ਮਰਜੀ ਦਾ ਹੁਕਮਨਾਮਾ ਨਹੀਂ ਨਿਕਾਲ ਸਕਦੇ, ਜਦੋਂ ਤੀਕ ਉਸ ਦੀ ਪ੍ਰਵਾਨਗੀ ‘ਪੰਜ ਪਿਆਰਿਆਂ’ ਦੁਆਰਾ ਸੰਗਤ ਵੱਲੋਂ ਨਾ ਹੋਵੇ, ਜਿਸ ਵਿਚ ਕਿ ਹੁਕਮਨਾਮੇ ਦੇ ਪ੍ਰਯੋਜਨ ਸੰਬੰਧੀ ਵਿਚਾਰ ਹੋਈ ਹੋਵੇ। ਉਸ ਦੀ ਇਕੱਤਰਤਾ ਕਿਸੇ ਇਕ ਤਖ਼ਤ ਸਾਹਿਬ ਹਜ਼ੂਰੀ ਜ਼ਰੂਰੀ ਹੈ। ਗੁਰਮਤਿ ਤੋਂ ਵਿਰੁੱਧ ਨਿਕਲਿਆ ਹੁਕਮ ‘ਹੁਕਮਨਾਮਾ’ ਨਹੀਂ ਕਹਾ ਸਕਦਾ।2
ਗਿਆਨੀ ਲਾਲ ਸਿੰਘ ਜੀ (ਸੰਗਰੂਰ) ਹੀ ਇਕ ਥਾਂ ਹੋਰ ਲਿਖਦੇ ਹਨ ਕਿ “ਗੁਰੂ ਸਾਹਿਬਾਂ ਨੇ ਜਿਨ੍ਹਾਂ ਨੂੰ ਪ੍ਰਸੰਸਾ-ਪੱਤਰ ਦਿੱਤਾ ਜਾਂ ਘੱਲਿਆ, ਉਸ ਦਾ ਨਾਮ ਹੁਕਮਨਾਮਾ ਪਿਆ।3

ਗਿਆਨੀ ਲਾਲ ਸਿੰਘ ਦੇ ਉਕਤ ਕਥਨਾਂ ਤੋਂ ਸਪੱਸ਼ਟ ਹੈ ਕਿ ਇਕ ਤਾਂ ਹੁਕਮਨਾਮੇ ਉਹ ਹਨ, ਜੋ ਗੁਰੂ ਸਾਹਿਬਾਨ ਵੱਲੋਂ ਪ੍ਰੇਮੀ ਗੁਰਸਿੱਖਾਂ ਨੂੰ ਪ੍ਰਸੰਸਾ-ਪੱਤਰ ਵਜੋਂ ਬਖ਼ਸ਼ਿਸ਼ ਕੀਤੇ ਤੇ ਦੁਸਰੇ ਹੁਕਮਨਾਮੇ ਉਹ ਪ੍ਰਵਾਨ ਕਰਨਯੋਗ ਹਨ, ਜੋ ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿਚ ‘ਪੰਜ ਪਿਆਰਿਆਂ’ ਵੱਲੋਂ ਸੰਗਤ ਦੀ ਹਾਜ਼ਰੀ ਵਿਚ ਕਿਸੇ ‘ਤਖ਼ਤ ਸਾਹਿਬ’ ਤੋਂ ਜਾਰੀ ਕੀਤੇ ਗਏ ਹੋਣ। ਪਰ ਕਿਸੇ ਵਿਅਕਤੀ ਵਿਸ਼ੇਸ਼ ਨੂੰ ‘ਹੁਕਮਨਾਮਾ’ ਜਾਰੀ ਕਰਨ ਦਾ ਅਧਿਕਾਰ ਨਹੀਂ।

ਭਾਈ ਕਾਨ੍ਹ ਸਿੰਘ ਨਾਭਾ ਤੇ ਗਿਆਨੀ ਲਾਲ ਸਿੰਘ (ਸੰਗਰੂਰ) ਵੱਲੋਂ ਉਕਤ ਦਿੱਤੇ ਹੁਕਮਨਾਮੇ ਸੰਬੰਧੀ ਵਿਚਾਰਾਂ ਤੋਂ ਦੋ ਗੱਲਾਂ ਸਿਧਾਂਤ ਰੂਪ ਵਿਚ ਸਪੱਸ਼ਟ ਹਨ : (1) ਗੁਰੂ ਸਾਹਿਬਾਨ ਸਮੇਂ-ਸਮੇਂ ਆਪਣੇ ਪਿਆਰੇ ਗੁਰਸਿੱਖਾਂ ਤੇ ਸੰਗਤਾਂ ਨੂੰ ਹੁਕਮਨਾਮੇ ਭੇਜਦੇ ਰਹੇ, ਜਿਨ੍ਹਾਂ ਦਾ ਮਜਮੂਨ ਭਾਵੇਂ ਕੋਈ ਵੀ ਹੋਵੇ। (2) ਤਖ਼ਤ ਸਾਹਿਬਾਨ ਤੋਂ ਹੁਕਮਨਾਮੇ ਜਾਰੀ ਕਰਨ ਦੀ ਪੰਥ ਪ੍ਰਵਾਨਿਤ ਪਰੰਪਰਾ ਹੈ ਪਰ ਹੁਕਮਨਾਮਾ ਜਾਰੀ ਕਰਨ ਦੇ ਅਧਿਕਾਰੀ ‘ਗੁਰੂ-ਪੰਥ’ ਦੇ ਪ੍ਰਤੀਨਿਧ ‘ਪੰਜ ਪਿਆਰੇ’ ਹੀ ਹਨ, ਕੋਈ ਵਿਅਕਤੀ ਵਿਸ਼ੇਸ਼ ਨਹੀਂ।
ਅੱਜ ਕਲ੍ਹ ਕੁਝ ਵਿਦਿਵਾਨ ਵਿਚਾਰ ਪ੍ਰਗਟ ਕਰ ਰਹੇ ਹਨ ਕਿ ‘ਹੁਕਨਾਮਾ’ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਹੋ ਸਕਦਾ ਹੈ। ਇਹ ਠੀਕ ਹੈ, ਕਿ ਸਿੱਖ ਵਿਚਾਧਾਰਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨ, ਦੀਵਾਨ ਦੀ ਸਮਾਪਤੀ ’ਤੇ ਜੋ ਵਾਕ ਲਿਆ ਜਾਂਦਾ ਹੈ, ਉਸ ਨੂੰ ‘ਹੁਕਮ’ ਕਿਹਾ ਜਾਂਦਾ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪ੍ਰਕਾਸ਼ ਕੀਤਾ ਜਾਵੇ। ਪ੍ਰਕਾਸ਼ ਕਰਨ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਇਕ ਸ਼ਬਦ ਦਾ ਵਾਕ ਲਿਆ ਜਾਵੇ।4 ਇਸ ਸ਼ਬਦ ਨੂੰ ਸਿੱਖ ਸੰਗਤ ਸਤਿਗੁਰੂ ਦਾ ‘ਹੁਕਮ’ ਮੰਨ ਕੇ ਅੰਗੀਕਾਰ ਕਰਦੀ ਹੈ।5

ਸਿੱਖ ਰਹਿਤ ਮਰਿਆਦਾ ਵਿਚ ‘ਹੁਕਮ ਲੈਣ’ ਦਾ ਢੰਗ-ਤਰੀਕਾ ਵੀ ਦਰਸਾਇਆ ਗਿਆ ਹੈ, ‘ਹੁਕਮ’ ਲੈਣ ਲੱਗਿਆਂ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ, ਮੁੱਢ ਤੋਂ ਪੜ੍ਹਨਾ ਚਾਹੀਏ। ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੈ ਤਾਂ ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾਂ ਪਉੜੀ ਦੇ ਸਾਰੇ ਸਲੋਕ ਤੇ ਪਉੜੀ ਚਾਹੀਏ। ਸ਼ਬਦ ਦੇ ਅੰਤ ਵਿਚ ਜਿਥੇ ‘ਨਾਨਕ’ ਨਾਮ ਆ ਜਾਵੇ, ਉਸ ਤੁਕ ’ਤੇ ਭੋਗ ਪਾਇਆ ਜਾਵੇ।6

ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਜਾਂ ਦੀਵਾਨ ਦੀ ਸਮਾਪਤੀ ਸਮੇਂ ਲਏ ਗਏ ‘ਵਾਕ’ ਨੂੰ ਸੰਗਤ ‘ਹੁਕਮ’ ਕਰਕੇ ਮੰਨਦੀ ਹੈ। ਮੰਨਣਾ ਵੀ ਚਾਹੀਦਾ ਹੈ। ਪਰ ‘ਗੁਰੂ ਸਾਹਿਬਾਨ’ ਤੇ ‘ਗੁਰੂ ਪੰਥ’ ਵਲੋਂ ਸਮੇਂ-ਸਮੇਂ ਜਾਰੀ ਕੀਤੇ ‘ਹੁਕਮਨਾਮਿਆਂ’ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ‘ਹੁਕਮ’ ਨਾਲ ਮਿਲਾਉਣਾ ਜਾਂ ਤੁਲਨਾ ਕਰਨੀ, ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਗੁਰਬਾਣੀ ਵਿਚੋਂ ਲਏ ਗਏ ਮਹਾਂਵਾਕ, ਜਿਸ ਨੂੰ ‘ਹੁਕਮ’ ਵੀ ਕਿਹਾ ਜਾਂਦਾ ਹੈ, ਦੀ ਆਪਣੀ ਮਹੱਤਤਾ ਤੇ ਸਤਿਕਾਰ ਹੈ, ਪਰ ‘ਗੁਰੂ ਸਾਹਿਬਾਨ’ ਤੇ ‘ਗੁਰੂ-ਪੰਥ’ ਵਲੋਂ ਸਮੇਂ-ਸਮੇਂ ਜਾਰੀ ਕੀਤੇ ਗਏ ਹੁਕਮਨਾਮੇ ਵੀ ਪਹਿਲੀ ਗੱਲ ਤਾਂ ‘ਗੁਰੂ’ ਹਾਜ਼ਰੀ ਵਿਚ ਹੀ ਜਾਰੀ ਹੋਏ ਅਤੇ ਦੂਸਰਾ, ਰਿਨ੍ਹਾਂ ਹੁਕਮਨਾਮਿਆਂ ਦੀ ਆਪਣੀ ਧਾਰਮਿਕ-ਇਤਿਹਾਸਕ ਮਹੱਤਤਾ ਹੈ ਅਤੇ ਰਹੇਗੀ, ਜਿਸ ਤੋਂ ਸਾਨੂੰ ਆਨਾ-ਕਾਨੀ ਨਹੀਂ ਕਰਨੀ ਚਾਹੀਦੀ।

ਹੁਕਮਨਾਮੇ ਕੇਵਲ ਸਿੱਖ ਧਰਮ ਦਰਸ਼ਨ ਨਾਲ ਸੰਬੰਧਿਤ ਪਵਿੱਤਰ ‘ਆਗਿਆ ਪੱਤਰ’ ਹੀ ਨਹੀਂ ਸਗੋਂ ਸਮਕਾਲੀ ਸਮੇਂ ਦੇ ਪ੍ਰਮਾਣਿਤ ਇਤਿਹਾਸਕ ਦਸਤਾਵੇਜ਼ ਵੀ ਹਨ, ਜਿਨਾਂ ਤੋਂ ਇਤਿਹਾਸਕ ਨਾਵਾਂ, ਥਾਵਾਂ ਤੇ ਵਸਤਾਂ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਹੁੰਦੀ ਹੈ। ਵੱਖ-ਵੱਖ ਸਮੇਂ ਵੱਖ-ਵੱਖ ਗੁਰਸਿੱਖਾਂ ਤੇ ਸੰਗਤਾਂ ਨੂੰ ਲਿਖੇ ਹੁਕਮਨਾਮਿਆਂ ਤੋਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਬਾਰੇ ਬਹੁਤ ਕੁਝ ਜਾਣਨ ਨੂੰ ਮਿਲਦਾ ਹੈ। ਗੁਰੂ ਸਾਹਿਬਾਨ ਦੁਆਰਾ ਜਾਰੀ ਕੀਤੇ ਗਏ ‘ਹੁਕਮਨਾਮੇ’ ਅੱਜ ਇਤਿਹਾਸਕ ਤੇ ਗੁਰਮਤਿ ਵਿਚਾਰਧਾਰਾ ਦੇ ਅਮੋਲਕ ਦਸਤਾਵੇਜ਼ ਹਨ। ਗੁਰਸਿੱਖ ਦੀ ਪ੍ਰੀਤ ਗੁਰੂ ਨਾਲ ਹੈ, ਤੇ ਗੁਰੂ ਵੱਲੋਂ ਬਖ਼ਸ਼ਿਸ਼ ਹੋਈ ਵਸਤੂ-ਵਿਚਾਰ ਨੂੰ ਉਹ ਤਨ, ਮਨ ਕਰਕੇ ਮਾਣਨਾ ਚਾੰਹੁਦਾ ਹੈ। ਇਹੀ ਕਾਰਨ ਹੈ, ਹਰੇਕ ਗੁਰਸਿੱਖ ਗੁਰੂ ਸਾਹਿਬਾਨ ਵੱਲੋਂ ਸਮੇਂ-ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੇ ਦਰਸ਼ਨ ਕਰਨੇ ਆਪਣੇ ਸੁਭਾਗ ਸਮਝਦਾ ਹੈ। ਪਰ ਹੁਕਮਨਾਮੇ ਗਿਣਤੀ ਦੇ ਹੀ ਹੋਣ ਕਰਕੇ ਹਰੇਕ ਗੁਰਸਿੱਖ ਦੀ ਪਹੁੰਚ ਵਿਚ ਨਹੀਂ, ਭਾਵੇਂ ਕਿ ਡਾ: ਗੰਡਾ ਸਿੰਘ, ਸ੍ਰ: ਸ਼ਮਸ਼ੇਰ ਸਿੰਘ ਅਸੋਕ ਤੇ ਡਾ: ਫੌਜਾ ਸਿੰਘ ਨੇ ਯਤਨ ਕਰ ਕੇ ਪ੍ਰਾਪਤ ਹੁਕਮਨਾਮਿਆਂ ਨੂੰ ਪੁਸਤਕਾਂ ਦੇ ਰੂਪ ਵਿਚ ਪ੍ਰਕਾਸ਼ਤ ਕਰਵਾਇਆ ਹੈ, ਪਰ ਇਹ ਪੁਸਤਕਾਂ ਵੀ ਹਰੇਕ ਗੁਰਸਿੱਖ ਦੀ ਪਹੁੰਚ ਵਿਚ ਨਹੀਂ ਹਨ।

ਗੁਰੂ ਸਾਹਿਬਾਨ ਦੇ ਹੁਕਮਨਾਮਿਆਂ ਦੀ ਮਾਨਤਾ ਤਾਂ ਸ਼ੁਰੂ ਤੋਂ ਹੀ ਬਹੁਤ ਸੀ ਤੇ ਰਹੇਗੀ। ਜਦ ਮੇਵੜਾ ਕਿਸੇ ਗੁਰੂ ਸਾਹਿਬ ਦਾ ਹੁਕਮਨਾਮਾ ਲੈ ਕੇ ਕਿਸੇ ਸੰਗਤ ਦੇ ਟਿਕਾਣੇ ਪੁੱਜਦਾ ਸੀ ਤਾਂ ਉਥੋਂ ਦੀ ਸਾਰੀ ਸੰਗਤ ਇਕੱਠੀ ਹੋ ਕੇ ਉਸ ਦਾ ਸੁਆਗਤ ਕਰਦੀ ਸੀ ਅਤੇ ਸੰਗਤ ਦਾ ਮੁਖੀਆ ਖੜਾ ਹੋ ਕੇ ਬੜੇ ਸਤਿਕਾਰ ਨਾਲ ਨਿਵ ਕੇ ਹੁਕਮਨਾਮਾ ਲੈਂਦਾ ਸੀ ਅਤੇ ਆਪਣੇ ਸਿਰ ਪਰ ਰੱਖ ਕੇ ਸੰਗਤ ਵਿਚ ਹਾਜ਼ਰ ਹੁੰਦਾ ਸੀ ਅਤੇ ਸਭ ਨੂੰ ਪੜ੍ਹ ਕੇ ਸੁਣਾਉਂਦਾ ਸੀ। ਆਮ ਤੌਰ ’ਤੇ ਸੰਗਤ ਦਾ ਮੁਖੀਆ ਇਨ੍ਹਾਂ ਨੂੰ ਬੜੇ ਸਤਿਕਾਰ ਨਾਲ ਆਪਣੇ ਪਾਸ ਜਾਂ ਉਥੇ ਧਰਮਸ਼ਾਲਾ (ਗੁਰਦੁਆਰੇ) ਵਿਚ ਖ਼ਾਸ ਸੁਰੱਖਿਅਤ ਥਾਂ ਰੱਖਦਾ ਸੀ ਅਤੇ ਖ਼ਾਸ ਮੌਕਿਆਂ ਪਰ ਸੰਗਤਾਂ ਨੂੰ ਦਰਸ਼ਨ ਕਰਵਾਉਂਦਾ ਸੀ। ਇਸ ਵਿਚ ਲਿਖੇ ਗੁਰੂ ਸਾਹਿਬ ਦੇ ਹੁਕਮ ਨੂੰ ਹਰ ਸਿੱਖ ਸਿਰ-ਮੱਥੇ ਮੰਨਦਾ ਸੀ ਅਤੇ ਫ਼ਰਮਾਇਸ਼ ਦੀ ਪਾਲਨਾ ਵਿਚ ਹਿੱਸਾ ਪਾਉਣਾ ਆਪਣਾ ਧਾਰਮਿਕ ਫ਼ਰਜ਼ ਸਮਝਦਾ ਸੀ।7
ਗੁਰਮਤਿ ਅਨੁਸਾਰ ਉਸ ਵਿਅਕਤੀ ਨੂੰ ਸੂਝਵਾਨ, ਸਿਆਣਾ ਤੇ ਇੱਜ਼ਤਦਾਰ, ਮਾਣ-ਸਤਿਕਾਰ ਦਾ ਅਧਿਕਾਰੀ ਮੰਨਿਆ ਗਿਆ ਹੈ, ਜੋ ‘ਗੁਰੂ ਹੁਕਮ’ ਨੂੰ ਸਤਿ ਕਰ ਮੰਨਦਾ ਹੋਇਆ, ਜੀਵਨ ਗੁਜ਼ਾਰਦਾ ਹੈ। ਗੁਰਬਾਣੀ ਦਾ ਪਾਵਨ ਫ਼ੁਰਮਾਨ ਸਾਨੂੰ ਸੇਧ ਬਖ਼ਸ਼ਿਸ਼ ਕਰਦਾ ਹੈ :

ਸੋਈ ਸਿਆਣਾ ਸੋ ਪਤਵੰਤਾ, ਹੁਕਮ ਲਗੈ ਜਿਸੁ ਮੀਠਾ ਜੀਉ ॥8
ਭਾਈ ਗੁਰਦਾਸ ਜੀ ਦਾ ਤਾਂ ਕਥਨ ਹੈ, ਕਿ ਗੁਰਸਿੱਖ ਦੀ ਕਰਣੀ, ‘ਗੁਰੂ ਹੁਕਮ’ ਨੂੰ ਮੰਨਣ ਵਿਚ ਹੈ :
ਗੁਰ ਸਿਖੀ ਦਾ ਕਰਮੁ ਏਹੁ ਗੁਰ ਫੁਰਮਾਏ ਗੁਰਸਿਖ ਕਰਣਾ ॥9

ਸਿਧਾਤਕ ਤੌਰ ’ਤੇ ਜੇਕਰ ਅਸੀਂ ਦੇਖੀਏ ਤਾਂ ਸਿੱਖ ਕੇਵਲ ਗੁਰੂ ਸਾਹਿਬਾਨ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਤਾਬਿਆ ‘ਗੁਰੂ-ਪੰਥ’ ਨੂੰ ਜੁਆਬਦੇਹ ਹੈ। ਹੁਕਮਨਾਮਾ ਤਾਂ ‘ਹੁਕਮ’ ਹੀ ਹੈ, ਭਾਵੇਂ ਉਹ ਗੁਰੂ ਸਾਹਿਬਾਨ ਵਲੋਂ, ਗੁਰੂ ਸਾਹਿਬਾਨ ਦੀ ਆਗਿਆ ਜਾਂ ‘ਗੁਰੂ-ਪੰਥ’ ਦੇ ਪ੍ਰਤੀਨਿਧ ‘ਪੰਜ ਪਿਆਰਿਆ’ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਗਿਆ ਹੋਵੇ।
ਗੁਰੂ-ਕਾਲ ਨਾਲ ਸੰਬੰਧਤ ਹੁਕਮਨਾਮਿਆਂ ਸੰਬੰਧੀ ਸਾਨੂੰ ਨਿਮਨਲਿਖਤ ਤਿੰਨ ਪੁਸਤਕਾਂ ਪ੍ਰਾਪਤ ਹੁੰਦੀਆਂ ਹਨ, ਜਿਨ੍ਹਾਂ ਬਾਰੇ ਸੰਖੇਪ ਵਿਚਾਰ ਕਰਨੀ ਜ਼ਰੂਰੀ ਹੈ :

(1) ਹੁਕਮਨਾਮੇ (ਗੁਰੂ ਸਾਹਿਬਾਨ, ਮਾਤਾ ਸਾਹਿਬਾਨ, ਬਾਬਾ ਬੰਦਾ ਸਿੰਘ ਬਹਾਦਰ ਤੇ ਖ਼ਾਲਸਾ ਜੀ) ਜੋ ਡਾ: ਗੰਡਾ ਸਿੰਘ ਜੀ ਵੱਲੋਂ ਸੰਪਾਦਿਤ ਕੀਤੇ ਗਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਈ, 1967 ਵਿਚ ਪ੍ਰਕਾਸ਼ਤ ਕੀਤੀ ਗਈ।

(2) ਨੀਸਾਣ ਤੇ ਹੁਕਮਨਾਮੇ ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ, ਜੋ ਸਿੱਖ ਇਤਿਹਾਸਕ ਰੀਸਰਚ ਬੋਰਡ ਵੱਲੋਂ ਅਕਤੂਬਰ 1967 ਵਿਚ ਪ੍ਰਕਾਸ਼ਤ ਕੀਤੀ ਗਈ

(3) ਹੁਕਮਨਾਮੇ (ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ) ਸੰਪਾਦਕ ਫੌਜਾ ਸਿੰਘ, ਜੋ ਪੰਜਤਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਕੀਤੀ ਗਈ (ਇਸ ਪੁਸਤਕ ਵਿਚ ਕੇਵਲ ਗੁਰੂ ਤੇਗ਼ ਬਹਾਦਰ ਸਾਹਿਬ ਦੇ 22 ਹੁਕਮਨਾਮਿਆਂ ਦਾ ਹਿੰਦੀ-ਅੰਗਰੇਜ਼ੀ ਅਨੁਵਾਦ ਦਿੱਤਾ ਹੈ, ਜੋ ਪਹਿਲਾਂ ਡਾ: ਗੰਡਾ ਸਿੰਘ ਤੇ ਸ਼ਮਸ਼ੇਰ ਸਿੰਘ ਅਸ਼ੋਕ ਦੁਆਰਾ ਪ੍ਰਕਾਸ਼ਤ ਪੁਸਤਕਾਂ ਵਿਚ ਸ਼ਾਮਲ ਹੈ)।

ਡਾ: ਗੰਡਾ ਸਿੰਘ ਜੀ ਵਲੋਂ ਸੰਪਾਦਿਤ ਪੁਸਤਕ ਹੁਕਮਨਾਮੇ ’ਚ ਕੁਲ 89 ਹੁਕਮਨਾਮੇ ਤੇ ਨੀਸਾਣ ਦਿੱਤੇ ਗਏ ਹਨ। ਗੁਰੂ ਹਰਿਗੋਬਿੰਦ ਸਾਹਿਬ ਦੇ ਦੋ ਹੁਕਮਨਾਮਿਆਂ ਤੋਂ ਪਿਛੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਇਕ ਹੁਕਮਨਾਮਾ, ਗੁਰੂ ਤੇਗ਼ ਬਹਾਦਰ ਸਾਹਿਬ ਦੇ 22 ਤੇ ਗੁਰੂ ਗੋਬਿੰਦ ਸਿੰਘ ਜੀ ਦੇ 34 ਹੁਕਮਨਾਮੇ ਹਨ।

ਗੁਰੂ ਸਾਹਿਬਾਨ ਤੋਂ ਇਲਾਵਾ ਇਕ ਹੁਕਮਨਾਮਾ ਬਾਬਾ ਗੁਰਦਿੱਤਾ ਜੀ, 2 ਹੁਕਮਨਾਮੇ ਮਾਤਾ ਗੁਜਰੀ ਜੀ, 2 ਹੁਕਮਨਾਮੇ ਬਾਬਾ ਬੰਦਾ ਸਿੰਘ ਬਹਾਦਰ, 9-9 ਹੁਕਮਨਾਮੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਦੇ ਹਨ। ਇਸ ਤਰ੍ਹਾਂ ਹੀ ਖ਼ਾਲਸਾ ਜੀ ਦਾ ਹੁਕਮਨਾਮਾ ਤੇ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਕ-ਇਕ ਹੁਕਮਨਾਮਾ ਦਿੱਤਾ ਹੈ।

ਪਰ ਡਾ: ਗੰਡਾ ਸਿੰਘ ਨੇ ‘ਹੁਕਮਨਾਮੇ’ ਸਿਰਲੇਖ ਅਧੀਨ ਹੀ ‘ਨੀਸਾਣ’ ਨੀ ਦਿੱਤੇ ਹਨ, ਜਿਵੇਂ ਇਕ ਨੀਸਾਣ ਗੁਰੂ ਅਰਜਨ ਦੇਵ ਜੀ, ਦੋ ਨਿਸਾਣ ਗੁਰੂ ਹਰਿਗੋਬਿੰਦ ਸਾਹਿਬ, ਇਕ ਨੀਸਾਣ ਗੁਰੂ ਹਰਿਰਾਇ ਸਾਹਿਬ, ਇਕ ਨੀਸਾਣ ਗੁਰੂ ਤੇਗ਼ ਬਹਾਦਰ ਤੇ ਨੀਸਾਣ ਗੁਰੂ ਗੋਬਿੰਦ ਸਿੰਘ ਜੀ।

ਫਿਰ ਡਾ: ਗੰਡਾ ਸਿੰਘ ਨੇ ਹੁਕਮਨਾਮਿਆਂ ਦੇ ਵੇਰਵੇ ਵਿਚ ਗੁਰੂ ਹਰਿਰਇ ਸਾਹਿਬ ਦੇ ਨਾਮ ’ਤੇ ਇਕ ਨੀਸਾਣ ਦਾ ਜ਼ਿਕਰ ਕੀਤਾ ਹੈ, ਪਰ ਅਗਲੇ ਪੰਨੇ ’ਤੇ ਇਸ ਨੂੰ ਹੁਕਮਨਾਮੇ ਵਜੋਂ ਦਰਜ ਕੀਤਾ ਹੈ :

“ਸਤਵੇਂ ਗੁਰੂ ਹਰਿਰਾਇ ਸਾਹਿਬ ਜੀ ਦਾ ਕੇਵਲ ਇਕੋ ਹੀ ਹੁਕਮਨਾਮਾ (6) ਲੱਭਾ, ਜੋ ਸੰਗਤ ਪਟਣ ਦੇ ਨਾਉਂ ਲਿਖਿਆ ਹੋਇਆ ਹੈ”।10
ਹੁਕਮਨਾਮੇ ਤੇ ਨੀਸਾਣ ਵਿਚ ਅੰਤਰ ਹੈ। ਹੁਕਮਨਾਮਾ ‘ਹੁਕਮ’ ਦੇ ਲਿਖਤੀ ਸਰੂਪ ਨੂੰ ਤਾਮੀਲ ਕਰਨ ਦਾ ਸੰਕੇਤ ਕਰਦਾ ਹੈ, ਜਦੋਂ ਕਿ ’ਨੀਸਾਣ’ ਕਿਸੇ ਵਸਤੂ ਵਿਸ਼ੇਸ਼ ਜਾਂ ਹੁਕਮਨਾਮੇ ਦੇ ‘ਸਹੀ’ ਹੋਣ ਦੀ ਤਸਦੀਕ ਹੈ। ਨੀਸਾਣ ਤੋਂ ਸਪੱਸ਼ਟ ਅਰਥ ਵਿਸ਼ੇਸ਼ ਨਿਸ਼ਾਨ ਜਾਂ ਨਿਸ਼ਾਨੀ ਹੈ, ਜੋ ਕਿਸੇ ਵਿਅਕਤੀ ਵਿਸ਼ੇਸ਼ ਦੀ ਵਿਸ਼ੇਸ਼ਤਾ ਨੂੰ ਦਰਸਾਉਣ ਲਈ ਹੋਵੇ।

ਡਾ: ਗੰਡਾ ਸਿੰਘ ਖ਼ੁਦ ਇਸੇ ਹੀ ਪੁਸਤਕ ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਾਰੀ ਹੋਏ ਹੁਕਮਨਾਮਿਆਂ ਪਰ ਵਿਸ਼ੇਸ਼ ਨੀਸਾਣ ਦਾ ਜ਼ਿਕਰ ਕਰਦੇ ਹਨ। ਇਸ ਤਰ੍ਹਾਂ ਹੁਕਮਨਾਮੇ ’ਤੇ ਅੰਕਿਤ ਨੀਸਾਣ ਉਸ ਦਾ ਸਹੀ ਤੇ ਪ੍ਰਮਾਣਿਕ ਹੋਣ ਦਾ ਸੰਕੇਤ ਲਗਦਾ ਹੈ।

ਇਸ ਪੁਸਤਕ ਵਿਚ ਗੁਰੂ ਸਾਹਿਬਾਨ ਅਤੇ ਗੁਰੂ ਸਾਹਿਬਾਨ ਦੀ ਆਗਿਆ ਨਾਲ ਲਿਖੇ ਹੁਕਮਨਾਮਿਆਂ ਦੇ ਨਾਲ ਹੀ ਵਿਅਕਤੀਗਤ ਪ੍ਰਮੁੱਖ ਸ਼ਖ਼ਸੀਅਤਾਂ ਦੇ ਹੁਕਮਨਾਮੇਸ਼ਾਮਲ ਕੀਤੇ ਗਏ ਹਨ, ਜੋ ਇਤਿਹਾਸਕ ਤੌਰ ’ਤੇ ਬਹੁਤ ਮਾਨਤਾ ਰੱਖਦੇ ਹਨ, ਪਰ ਨਾਲ ਹੀ ਸਵਾਲ ਪੈਦਾ ਕਰਦੇ ਹਨ ਕਿ ਕੀ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਵਿਸ਼ੇਸ਼ ਸ਼ਖ਼ਸੀਅਤ ਦੇ ਅਧਿਕਾਰ ਖੇਤਰ ਵਿਚ ਆੳਂਦਾ ਹੈ? ਖ਼ਾਸ ਕਰਕੇ ਗੁਰੂ ਗੋਬਿੰਦ ਸਿੰਘ ਤੋਂ ਪਿੱਛੋਂ ਜਦੋਂ ਉਨ੍ਹਾਂ ਗੁਰਿਆਈ ‘ਗੁਰੂ-ਪੰਥ’ ਨੂੰ ਸੌਂਪ ਦਿੱਤੀ।

ਔਰੰਗਜੇਬ ਨੇ 1699 ਈ: ਨੂੰ ਆਪਣੀ ਨਵੀਂ ਧਾਰਮਿਕ ਨੀਤੀ ਦਾ ਐਲਾਨ ਕਰ ਕੇ ‘ਕਾਫ਼ਰਾਂ’ ਵਿਰੁੱਧ ਕਈ ਕਰੜੇ ਤੇ ਕੱਟੜ ਫ਼ੁਰਮਾਨ ਜਾਰੀ ਕੀਤੇ, ਜਿਨ੍ਹਾਂ ਕਰਕੇ ਦੇਸ਼ ਭਰ ਵਿਚ ਸਹਿਮ ਦੀ ਲਹਿਰ ਦੌੜ ਗਈ। ਇਨ੍ਹਾਂ ਹੁਕਮਨਾਮਿਆਂ (ਸ਼ਾਹੀ ਫ਼ੁਰਮਾਨਾਂ) ਦੇ ਮਨੋਰਥ ‘ਕਾਫ਼ਰਾਂ’ ਦੇ ਇਤਿਹਾਸਕ ਮੰਦਰਾਂ ਤੇ ਸਕੂਲਾਂ ਨੂੰ ਢਾਹੁਣਾ, ਨਵੇਂ ਮੰਦਰਾਂ ਜਾਂ ਸਕੂਲਾਂ ਦੀ ਉਸਾਰੀ ਨੂੰ ਰੋਕਣਾ ਤੇ ਕਈ ਹੋਰ ਪਾਬੰਦੀਆਂ ਲਾਉਣਾ ਸੀ।11
ਫ਼ੌਜਾ ਸਿੰਘ ਦੇ ਉਕਤ ਕਥਨ ਤੋਂ ਇਕ ਗੱਲ ਸਪੱਸ਼ਟ ਹੈ, ਕਿ ਸਮੇਂ ਦੇ ਮੁਗ਼ਲ ਬਾਦਸ਼ਾਹ ਭਾਰਤ ਨੂੰ ਇਸਲਾਮਿਕ ਰਾਜ ਬਣਾਉਣ ਤੇ ਗੈਰ-ਮੁਸਲਿਮ ਲੋਕਾਂ ਦੇ ਮੰਦਰਾਂ, ਗੁਰਦੁਆਰਿਆਂ, ਸਕੂਲਾਂ ਨੂੰ ਢਾਹੁਣ ਤੇ ਨਵੇਂ ਬਣਾਉਣ ’ਤੇ ਰੋਕ ਲਾਉਣ ਲਈ ਸਮੇਂ-ਸਮੇਂ ਸ਼ਾਹੀ ਫ਼ੁਰਮਾਨ ਜਾਰੀ ਕਰਦੇ ਰਹੇ। ਕੁਦਰਤੀ ਤੌਰ ’ਤੇ ਇਸ ਤੋਂ ਉਲਟ ਗੈਰ-ਮੁਸਲਿਮ ਲੋਕ ਆਪਣੇ ਧਰਮ-ਈਮਾਨ ਨੂੰ ਬਚਾਉਣ ਲਈ ਆਪਣੇ ਧਰਮੀ ਭਰਾਵਾਂ ਨੂੰ ਪੱਤਰ ਲਿਖਦੇ ਰਹੇ ਹੋਣਗੇ, ਜਿਨ੍ਹਾਂ ਨੂੰ ਧਰਮੀ ਲੋਕਾਂ ‘ਹੁਕਮ’ ਸਮਝ ਕੇ ਪ੍ਰਵਾਨ ਕੀਤਾ। ਅਜਿਹੇ ਹੀ ਹੁਕਮਨਾਮੇ ਸਾਨੂੰ ਗੁਰੂ-ਕਾਲ, ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਤੋਂ ਪਿੱਛੋਂ ਪ੍ਰਮੁੱਖ ਗੁਰਸਿੱਖਾਂ ਸ਼ਖ਼ਸੀਅਤਾਂ ਦੇ ਮਿਲਦੇ ਹਨ। ਖ਼ੈਰ, ਡਾ: ਗੰਡਾ ਸਿੰਘ ਜੀ ਨੇ ਗੁਰੂ ਸਾਹਿਬਾਨ ਤੋਂ ਬਾਅਦ ਵਿਚ ਜਾਰੀ ਹੋਏ ਹੁਕਮਨਾਮਿਆਂ ਨੂੰ ਇਸ ਪੁਸਤਕ ਵਿਚ ਸ਼ਾਮਲ ਕਰ ਕੇ ਇਕ ਗੱਲ ਸਪੱਸ਼ਟ ਕਰ ਦਿੱਤੀ ਕਿ ਹੁਕਮਨਾਮੇ ਜਾਰੀ ਕਰਨ ਦੀ ਪੰਥਕ ਪਰੰਪਰਾ ਰਹੀ ਹੈ। ਇਸ ਪੰਥਕ ਪਰੰਪਰਾ ਤਹਿਤ ਹੀ ‘ਖ਼ਾਲਸਾ ਜੀ’ ਦਾ ਹੁਕਮਨਾਮਾ ਤੇ ਤਖ਼ਤ ਪਟਨਾ ਸਾਹਿਬ ਤੋਂ ਜਾਰੀ ਹੋਏ ਇਕ-ਇਕ ਹੁਕਮਨਾਮੇ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਖ਼ਾਲਸਾ ਜੀ ਦੇ ਨਾਮ ’ਤੇ ਜਾਰੀ ਹੋਇਆ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਗਿਆ। ਖ਼ਾਲਸਾ ਪੰਥ ਦੇ ਤਖ਼ਤ ਸਾਹਿਬਾਨ ਤੋਂ ਖ਼ਾਸ ਇਤਿਹਾਸਕ ਮੌਕਿਆਂ ’ਤੇ ਵੀਹਵੀਂ ਸਦੀ ਵਿਚ ਹੁਕਮਨਾਮੇ ਜਾਰੀ ਹੁੰਦੇ ਰਹੇ, ਪਰ ਡਾ: ਗੰਡਾ ਸਿੰਘ ਨੇ ਇਨ੍ਹਾਂ ਹੁਕਮਨਾਮਿਆਂ ਨੂੰ ਆਪਣੀ ਰਚਿਤ ਪੁਸਤਕ ਵਿਚ ਸ਼ਾਮਲ ਨਹੀਂ ਕੀਤਾ। ਇਹ ਗੱਲ ਚੇਤੇ ਰਹੇ ਕਿ 1967 ਈ: ਵਿਚ ਜਦੋਂ ਇਹ ਪੁਸਤਕ ਪ੍ਰਕਾਸ਼ਤ ਹੋਈ, ਉਸ ਸਮੇਂ ਤਕ ਖ਼ਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਹੁਤ ਹੀ ਮਹੱਤਵਪੂਰਨ ਹੁਕਮਨਾਮੇ ਜਾਰੀ ਹੋ ਚੁੱਕੇ ਸਨ।
ਇਸ ਤਰ੍ਹਾਂ ਹੀ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਜਾਰੀ ਕਰਨ ਵਾਲਿਆਂ ਕੁਝ ਸਿੰਘਾਂ ਦੇ ਨਾਂ ਦਿੱਤੇ ਗਏ ਹਨ, ਜਿਨ੍ਹਾਂ ਵਿਚ ਤਖ਼ਤ ਸਾਹਿਬ ਦੇ ਮਹੰਤ, ਪੁਜਾਰੀ ਸਿੰਘ, ਅਰਦਾਸੀਏ ਤੇ ਦਰੋਗੇ ਆਦਿ ਸ਼ਾਮਲ ਹਨ ਜਿਸ ਤੋਂ ਸਪੱਸ਼ਟ ਹੈ ਕਿ ਤਖ਼ਤ ਸਾਹਿਬਾਨ ਤੋਂ ਹੁਕਮਨਾਮੇ ਜਾਰੀ ਕਰਨ ਦੀ ਪਰੰਪਰਾ ਹੈ।
ਸ੍ਰ: ਸ਼ਮਸ਼ੇਰ ਸਿੰਘ ਅਸ਼ੋਕ ਦੁਆਰਾ ਸੰਪਾਦਿਤ ਪੁਸਤਕ, ਨੀਸਾਣ ਤੇ ਹੁਕਮਨਾਮੇ ਵਿਚ 122 ਨੀਸਾਣ ਤੇ ਹੁਕਮਨਾਮੇ ਦਰਜ ਹਨ। ਜਿਵੇਂ ਕਿ ਪੁਸਤਕ ਦੇ ਸਿਰਲੇਖ ਤੋਂ ਹੀ ਸਪੱਸ਼ਟ ਹੈ ਕਿ ਅਸ਼ੋਕ ਜੀ ਨੇ ਨੀਸਾਣ ਤੇ ਹੁਕਮਨਾਮੇ ਨੂੰ ਨਿਖੇੜ ਦਿੱਤਾ ਹੈ, ਨੀਸਾਣ ਤੋਂ ਭਾਵ ਹੈ ਗੁਰੂ ਸਾਹਿਬਾਨ ਦੇ ਦਸਤਖ਼ਤ ਜਾਂ ਹਸਤਾਖ਼ਰ ਤੇ ਹੁਕਮਨਾਮੇ ਇਕ ਪ੍ਰਕਾਰ ਦੇ ਪ੍ਰਵਾਨੇ ਜਾਂ ਆਗਿਆ-ਪੱਤਰ ਦਾ ਦੂਜਾ ਨਾਂ ਹੈ।12
ਡਾ: ਗੰਡਾ ਸਿੰਘ ਤੇ ਅਸ਼ੋਕ ਜੀ ਦੀਆਂ ਪੁਸਤਕਾਂ ਵਿਚ ਬਹੁਤ ਸਾਰੇ ਨੀਸਾਣ ਤੇ ਹੁਕਮਨਾਮੇ ਦੁਹਰਾਏ ਗਏ ਹਨ। ਅਸ਼ੋਕ ਜੀ ਦੀ ਪੁਸਤਕ ਵਿਚ ਗੁਰੂ ਅਰਜਨ ਦੇਵ ਜੀ ਦੇ ਨੀਸਾਣ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦੋ ਨੀਸਾਣ ਤੇ ਤਿੰਨ ਹੁਕਮਨਾਮੇ, ਗੁਰੂ ਹਰਿਰਇ ਸਾਹਿਬ ਜੀ ਦੇ ਤਿੰਨ ਨੀਸਾਣ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਇਕ ਨੀਸਾਣ ਤੇ ਇਕ ਹੁਕਮਨਾਮਾ, ਸੱਤ ਨੀਸਾਣ ਤੇ 30 ਹੁਕਮਨਾਮੇ ਗੁਰੂ ਤੇਗ਼ ਬਹਾਦਰ ਸਾਹਿਬ, 14 ਨੀਸਾਣ ਤੇ 31 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਬਾਬਾ ਗੁਰਦਿੱਤਾ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਸਾਹਿਬ ਸਿੰਘ ਬੇਦੀ, ਤਖ਼ਤ ਸਾਹਿਬਾਨ ਦੇ ਚਾਰ ਹੁਕਮਨਾਮੇ ਤੇ ਸ੍ਰੀ ਦਸਮ ਗ੍ਰੰਥ ਦੇ ਦੋ ਪੱਤਰੇ ਸ਼ਾਮਲ ਹਨ। ਇਸ ਤਰ੍ਹਾਂ ਇਸ ਵਿਚ ਕੁੱਲ 29 ਨੀਸਾਣ, 91 ਹੁਕਮਨਾਮੇ ਤੇ ਦੋ ਪੁਰਾਤਨ ਦਸਮ ਗ੍ਰੰਥ ਦੇ ਪੱਤ੍ਰਿਆਂ ਦੀ ਫ਼ੋਟੋ ਕਾਪੀ ਸ਼ਾਮਲ ਹੈ।
ਡਾ: ਗੰਡਾ ਸਿੰਘ ਤੇ ਸ੍ਰ: ਸ਼ਮਸ਼ੇਰ ਸਿੰਘ ਦੀਆਂ ਉਕਤ ਪੁਸਤਕਾਂ ਦੇ ਬਹੁਤ ਸਾਰੇ ਹੁਕਮਨਾਮੇ ਤੇ ਨੀਸਾਣ ਮਿਲਦੇ ਹਨ। ਬਹੁਤ ਥੋੜੀ ਵਾਧ-ਘਾਟ ਹੈ। ਸ੍ਰ: ਸ਼ਮਸ਼ੇਰ ਸਿੰਘ ਅਸ਼ੋਕ ਨੇ ‘ਤਖ਼ਤ ਸਾਹਿਬਾਨ’ ਤੋਂ ਜਾਰੀ ਚਾਰ ਹੁਕਮਨਾਮੇ ਸ਼ਾਮਲ ਕੀਤੇ ਹਨ, ਜਿਨ੍ਹਾਂ ਤੋਂ ਤਖ਼ਤ ਸਾਹਿਬਾਨ ਤੋਂ ਸਮੇਂ-ਸਮੇਂ ਹੁਕਮਨਾਮੇ ਜਾਰੀ ਕਰਨ ਦੀ ਪਰੰਪਰਾ ਬਾਰੇ ਜਾਣਕਾਰੀ ਮਿਲਦੀ ਹੈ। ਅਸ਼ੋਕ ਜੀ ਦੀ ਪੁਸਤਕ ਵੀ ਅਕਤੂਬਰ, 1967 ਈ: ਵਿਚ ਪ੍ਰਕਾਸ਼ਤ ਹੋਈ, ਪਰ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ 20ਵੀਂ ਸਦੀ ਦੇ ਹੁਕਮਨਾਮਿਆਂ ਨੂੰ ਸ਼ਾਮਲ ਨਹੀਂ ਕੀਤਾ। ਇਸ ਦਾ ਇਕ ਕਾਰਨ ਤਾਂ ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਦੋਨਾਂ ਹੀ ਵਿਦਿਵਾਨਾਂ ਨੇ ਕੇਵਲ ਹੱਥ-ਲਿਖਤ ਹੁਕਮਨਾਮੇ ਸੰਪਾਦਿਤ ਕੀਤੇ ਹੋਣ ਅਤੇ ਆਪਣੇ ਕਾਰਜ ਖੇਤਰ ਨੂੰ ਇਥੋਂ ਤਕ ਹੀ ਸੀਮਿਤ ਕੀਤਾ ਹੋਵੇ।
ਉਕਤ ਦੋਨਾਂ ਪੁਸਤਕਾਂ ਵਿਚ ਅੰਕਿਤ ਹੁਕਮਨਾਮਿਆਂ ’ਤੇ ਜੇ ਸਰਸਰੀ ਨਜ਼ਰਸਾਨੀ ਕੀਤੀ ਜਾਵੇ ਤਾਂ ਪਤਾ ਚੱਲਦਾ ਹੈ ਕਿ 1691 ਈ: ਤੋਂ ਪਹਿਲਾ ਜਾਰੀ ਹੋਏ ਜਾਂ ਲਿਖੇ ਹੋਏ ਹੁਕਮਨਾਮਿਆਂ ’ਤੇ ਮਿਤੀ ਅੰਕਿਤ ਨਹੀਂ, ਪਰ 1691 ਈ: ਤੋਂ ਬਾਅਦ ਵਿਚ ਲਿਖੇ ਗਏ ਹੁਕਮਨਾਮਿਆਂ ’ਤੇ ਮਿਤੀ ਦੇ ਨਾਲ-ਨਾਲ ਹੁਕਮਨਾਮਿਆਂ ਦੀਆਂ ਲਾਈਨਾਂ ਦੀ ਗਿਣਤੀ ਵੀ ਅਖੀਰ ਵਿਚ ਦਰਜ ਹੈ। ਬਹੁਤ ਸਾਰੇ ਹੁਕਮਨਾਮੇ ਗੁਰੂ ਜੀ ਦੀ ਆਗਿਆ ਨਾਲ ਸ਼ੁਰੂ ਹੁੰਦੇ ਹਨ ਅਤੇ ਨੀਸਾਣ ਅੰਕਿਤ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਜਾਰੀ ਹੋਏ ਹੁਕਮਨਾਮਿਆਂ ’ਤੇ ‘ਮੋਹਰ’ ਵੀ ਅੰਕਿਤ ਹੈ।
ਡਾ: ਗੰਡਾ ਸਿੰਘ ਹੁਕਮਨਾਮਿਆਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਲਿਖਦੇ ਹਨ, “ਜਿਵੇਂ ਨਿੱਜੀ ਚਿੱਠੀ-ਪੱਤਰ, ਵਿਗਿਆਨਕ ਇਤਿਹਾਸ ਲਈ ਸਮੱਗਰੀ ਦੇ ਸਭ ਤੋਂ ਵਧੀਆ ਮੂਲ ਸੋਮੇ ਹੁੰਦੇ ਹਨ, ਤਿਵੇਂ ਹੀ ਇਹ ਹੁਕਮਨਾਮੇ ਗੁਰੂ ਸਾਹਿਬਾਂ ਦੇ ਸਮੇਂ ਦੇ ਧਾਰਮਿਕ, ਰਾਜਸੀ, ਭਾਈਚਾਰਕ, ਸਾਹਿਤਕ ਤੇ ਆਰਥਿਕ ਇਤਿਹਾਸ ਲਈ ਬਹੁਮੱਲੇ ਮੂਲ-ਮਸਾਲੇ ਦਾ ਅਦੁੱਤੀ ਖ਼ਜਾਨਾ ਹਨ”।13
ਹੁਕਮਨਾਮਿਆਂ ਨਾਲ ਦੂਰ-ਦੁਰਾਡੇ ਦੀਆਂ ਸੰਗਤਾਂ ਨਾਲ ਗੁਰੂ-ਘਰ ਦੇ ਪਿਆਰ ਸੰਬੰਧ ਸੁਰਜੀਤ ਰਹਿੰਦੇ ਹਨ ਅਤੇ ਗੂਰੂ-ਘਰ ਲਈ ਧਾਰਮਿਕ, ਆਰਥਿਕ, ਰਾਜਸੀ, ਸਮਾਜਿਕ ਕਾਰਜਾਂ ਲਈ ਸਹਾਈ ਸਿੱਧ ਹੁੰਦੇ ਹਨ। ਗੁਰੂ ਹੁਕਮ ਨੂੰ ਪ੍ਰਵਾਨ ਕਰ ਕੇ ਗੁਰਸਿੱਖ ਸੰਗਤਾਂ, ਮਾਇਆ, ਦਸਵੰਧ ਆਦਿ ਇਕੱਤਰ ਕਰ ਕੇ ਗੁਰੂ-ਘਰ ਵਾਸਤੇ ਭੇਜਦੀਆਂ ਸਨ, ਜਿਸ ਨਾਲ ਆਪਸੀ ਫ਼ਾਸਲੇ ਦੀ ਦੂਰੀ ਘਟ ਕੇ ਸਾਂਝ ਪਰਪੱਕ ਹੁੰਦੀ ਸੀ। ਹੁਕਮਨਾਮਿਆਂ ਰਾਹੀਂ ਹੀ ਧਰਮ ਯੁੱਧ ਦੀ ਤਿਆਰੀ, ਚੰਗੇ ਹਥਿਆਰ, ਹਾਥੀ ਘੋੜੇ ਤੇ ਅਸਵਾਰ ਵੀ ਮੰਗੇ ਜਾਂਦੇ ਸਨ।
ਹੁਕਮਨਾਮੇ ਸਿੱਖ ਸੰਗਤਾਂ ਨਾਲ ਸੰਪਰਕ ਕਰਨ ਲਈ ਸਰਲ-ਸਪੱਸ਼ਟ ਤੇ ਭਰੋਸੇਯੋਗ ਸਾਧਨ ਵੀ ਸਨ। ਹੁਕਮਨਾਮਿਆਂ ਰਾਹੀਂ ਹੀ ‘ਗੁਰੂ-ਘਰ’ ਵੱਲੋਂ ਲਏ ਗਏ ਫ਼ੈਸਲਿਆਂ ਤੋਂ ਗੁਰਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ ਜਾਂਦਾ ਸੀ। ਜਿਵੇਂ ਗੁਰੂ ਸਾਹਿਬਾਨ ਵੱਲੋਂ ਜਾਰੀ ਹੁਕਮਨਾਮਿਆਂ ਤੋਂ ਭਲੀ-ਭਾਂਤ ਜਾਣਕਾਰੀ ਮਿਲਦੀ ਹੈ ਕਿ ਮਸੰਦ ਪ੍ਰਥਾ ਨੂੰ ਖ਼ਤਮ ਕਰ ਕੇ ਸੰਗਤਾਂ ਨੂੰ ਖ਼ਾਲਸਾ ਸਰੂਪ ਪ੍ਰਦਾਨ ਕੀਤਾ ਗਿਆ। ਸੰਗਤਾਂ ਨੂੰ ਗੁਰੂ-ਦਰ ’ਤੇ ਆਉਣ ਦੇ ਸੱਦੇ ਪੱਤਰ, ਗੁਰਪੁਰਬ ਮਨਾਉਣ ਤੇ ਮਸੰਦਾਂ ਨਾਲ ਮੇਲ ਨਾ ਰੱਖਣ ਦੀ ਮਹੱਤਵਪੂਰਨ ਜਾਣਕਾਰੀ ਵੀ ਉਸ ਸਮੇਂ ਸੰਗਤਾਂ ਨੂੰ ਇਨ੍ਹਾਂ ਹੁਕਮਨਾਮਿਆਂ ਤੋਂ ਪ੍ਰਾਪਤ ਹੁੰਦੀ ਸੀ।
1. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ 208.
2. ਗਿਆਨੀ ਲਾਲ ਸਿੰਘ (ਸੰਗਰੂਰ), ਸਿੱਖ ਕਾਨੂੰਨ, ਪੰਨਾ 34.
3. ਗਿਆਨੀ ਲਾਲ ਸਿੰਘ (ਸੰਗਰੂਰ), ਸਿੱਖ ਕਾਨੂੰਨ, ਪੰਨਾ 198.
4. ਸਿੱਖ ਰਹਿਤ ਮਰਿਆਦਾ, ਪੰਨਾ 13 (ਭਾਗ ਗ)
5. ਭਾਈ ਕਾਨ੍ਹ ਸਿੰਘ ਨਾਭਾ, ਗੁਰਮਤਿ ਮਾਰਤੰਡ, ਪੰਨਾ 420.
6. ਸਿੱਖ ਰਹਿਤ ਮਰਿਆਦਾ, ਹੁਕਮ ਲੈਣਾ, ਪੰਨਾ 16.
7. ਡਾ: ਗੰਡਾ ਸਿੰਘ, ਹੁਕਮਨਾਮੇ, ਪੰਨਾ 5.
8. ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 108.
9. ਭਾਈ ਗੁਰਦਾਸ ਜੀ, ਵਾਰਾਂ 28/10.
10. ਡਾ: ਗੰਡਾ ਸਿੰਘ, ਹੁਕਮਨਾਮੇ, ਪੰਨਾ 12.
11. ਡਾ: ਫੌਜਾ ਸਿੰਘ, ਹੁਕਮਨਾਮੇ (ਗੁਰੂ ਤੇਗ਼ ਬਹਾਦਰ ਸਾਹਿਬ), ਪੰਨਾ 5.
12. ਸ੍ਰ: ਸ਼ਮਸ਼ੇਰ ਸਿੰਘ ਅਸ਼ੋਕ, ਨੀਸਾਣ ਤੇ ਹੁਕਮਨਾਮੇ, ਪੰਨਾ ਪ੍ਰਸਤਾਵਨਾ (1).
13. ਡਾ: ਗੰਡਾ ਸਿੰਘ, ਹੁਕਮਨਾਮੇ, ਪੰਨਾ 10.
ਪੁਸਤਕ ‘ਹੁਕਮਨਾਮੇ ਆਦੇਸ਼ ਸੰਦੇਸ਼… ਸ੍ਰੀ ਅਕਾਲ ਤਖ਼ਤ ਸਾਹਿਬ’ ਵਿਚੋਂ ਧੰਨਵਾਦਿ ਸਹਿਤ।