ਖ਼ਾਲਸਾ ਪੰਥ ਦੀ ਵਿਲੱਖਣਤਾ ਦਾ ਪ੍ਰਤੀਕ ‘ਹੋਲਾ ਮਹੱਲਾ’

ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਹੋਲਾ ਮਹੱਲਾ ਖਾਲਸਾ ਪੰਥ ਦਾ ਮਹੱਤਵਪੂਰਨ ਤਿਉਹਾਰ ਹੈ ਜੋ ਬਸੰਤ ਰੁੱਤ ਵਿਚ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ। ਹੋਲੇ ਮਹੱਲੇ ਦੀ ਆਪਣੀ ਇਤਿਹਾਸਕ ਮਹੱਤਤਾ ਹੈ। ਅਸਲ ਵਿਚ ਗੁਰੂ ਸਾਹਿਬਾਨ ਪਰੰਪਰਾਗਤ ਤਿਉਹਾਰਾਂ ਵਿਚ ਨਰੋਆ ਅਤੇ ਰਹੱਸਮਈ ਪਰਿਵਰਤਨ ਲਿਆਉਣਾ ਚਾਹੁੰਦੇ ਸਨ। ਇਸ ਲਈ ਸਤਿਗੁਰਾਂ ਨੇ ਜਿਹੜਾ ਗੁਰਮਤਿ ਸਭਿਆਚਾਰ ਸਿਰਜਿਆ ਉਸ ਵਿਚ ਪ੍ਰਚਲਿਤ ਭਾਰਤੀ ਤਿਉਹਾਰਾਂ ਨੂੰ ਪਰਮਾਰਥ ਦੇ ਅਰਥਾਂ ਵਿਚ ਬਦਲ ਕੇ ਰੂਪਮਾਨ ਕੀਤਾ ਤਾਂ ਕਿ ਇਨ੍ਹਾਂ ਤੋਂ ਸਮਾਜ ਨੂੰ ਕੋਈ ਉਸਾਰੂ ਸੇਧ ਪ੍ਰਦਾਨ ਕੀਤੀ ਜਾ ਸਕੇ। ਇਸੇ ਪਰਿਵਰਤਨ ਦੀ ਲੜੀ ਵਿਚ ਖ਼ਾਲਸਾ ਪੰਥ ਵੱਲੋਂ ਹੋਲੀ ਦੀ ਥਾਂ ਤੇ ਸੁਤੰਤਰ ਹੋਲਾ ਮਹੱਲਾ ਦਾ ਆਰੰਭ ਕੀਤਾ ਗਿਆ। ਪਰੰਪਰਿਕ ਤੌਰ ‘ਤੇ ਉਸ ਵਕਤ ਲੋਕਾਂ ਵੱਲੋਂ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਸੀ ਪਰ ਖ਼ਾਲਸੇ ਵੱਲੋਂ ਹੋਲਾ ਤਲਵਾਰਾਂ, ਬਰਛਿਆਂ ਅਤੇ ਨੇਜਿਆਂ ਨਾਲ ਖੇਡਿਆ ਗਿਆ। ਹੋਲੀ ਦਾ ਇਹ ਬਦਲ ਹੋਲੇ-ਮਹੱਲੇ ਦੇ ਰੂਪ ਵਿਚ ਕ੍ਰਾਂਤੀਕਾਰੀ ਸੰਕਲਪ ਵਜੋਂ ਸੀ ਅਤੇ ਇਸ ਨੂੰ ਮਨਾਉਣ ਦਾ ਢੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪ ਨਿਸ਼ਚਿਤ ਕੀਤਾ। ਇਸ ਦੀ ਅਲੌਕਿਕ ਮਹਿਮਾ ਦਾ ਵਰਣਨ ਕਰਦਿਆਂ ਕਵੀ ਸੁਮੇਰ ਸਿੰਘ ਇਸ ਤਰ੍ਹਾਂ ਲਿਖਦੇ ਹਨ:
ਔਰਨ ਕੀ ਹੋਲੀ ਮਮ ਹੋਲਾ। ਕਹਯੋ ਕ੍ਰਿਪਾਨਿਧ ਬਚਨ ਅਮੋਲਾ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਯੁੱਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਰੀਤੀ ਅਨੁਸਾਰ ਚੇਤ ਵਦੀ ੧ ਨੂੰ ਸਿੱਖਾਂ ਵਿਚ ਹੋਲਾ ਮਹੱਲਾ ਹੁੰਦਾ ਹੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਮਹੱਲਾ ਇਕ ਪ੍ਰਕਾਰ ਦੀ ਮਨਸੂਈ ਲੜਾਈ ਹੈ। ਪੈਦਲ, ਘੋੜਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖਾਸ ਹਮਲੇ ਦੀ ਥਾਂ ਹਮਲਾ ਕਰਦੇ ਹਨ। ਕਲਗੀਧਰ ਆਪ ਇਸ ਬਣਾਉਟੀ ਲੜਾਈ ਨੂੰ ਵੇਖਦੇ ਤੇ ਦੋਨਾਂ ਜੱਥਿਆਂ ਨੂੰ ਲੋੜੀਂਦੀ, ਸਿੱਖਿਆ ਪ੍ਰਦਾਨ ਕਰਦੇ। ਜਿਹੜਾ ਜਥਾ ਜੇਤੂ ਹੁੰਦਾ ਉਸ ਨੂੰ ਸਿਰੋਪਾ ਬਖਸ਼ਿਸ਼ ਕਰਦੇ। ਭਾਈ ਵੀਰ ਸਿੰਘ ਅਨੁਸਾਰ- ਮਹੱਲਾ ਸ਼ਬਦ ਤੋਂ ਭਾਵ ‘ਮਯ ਹੱਲਾ’ ਭਾਵ ਬਨਾਉਟੀ ਹਮਲਾ ਹੈ।
ਇਸ ਤਰ੍ਹਾਂ ਸਪੱਸ਼ਟ ਹੈ ਕਿ ਹੋਲਾ ਮਹੱਲਾ ਦੀ ਰੀਤੀ ਦਾ ਵਿਸ਼ੇਸ਼ ਉਦੇਸ਼ ਸਿੱਖਾਂ ਵਿਚ ਸ਼ਸਤਰਾਂ ਲਈ ਪਿਆਰ ਅਤੇ ਭਗਤੀ ਦੀ ਰੱਖਿਆ ਲਈ ਸ਼ਕਤੀ ਦਾ ਸੰਚਾਰ ਕਰਨਾ ਸੀ। ਇਸ ਨਾਲ ਸ਼ਸਤਰ ਸਿੱਖੀ ਦਾ ਅਟੁੱਟ ਅੰਗ ਬਣ ਗਿਆ ਧਰਮ ਦਾ ਚਿੰਨ੍ਹ ਅਤੇ ਰਾਜ ਦਾ ਰਾਖਾ:-
ਸ਼ਸਤਰਨ ਕੇ ਅਧੀਨ ਹੈ ਰਾਜ। ਜੋ ਨ ਧਰਹਿ ਤਿਸ ਬਿਗਰੈ ਕਾਜ।
ਯਾਤੇ ਸਰਬ ਖਾਲਸਾ ਸੁਣਿਆਹਿ। ਆਯੁਧ ਧਰਯੋ ਉਤਮ ਗੁਣ ਆਹਿ।
ਜਬ ਹਮਰੇ ਦਰਸ਼ਨ ਆਵਹੁ। ਬਨ ਸੁਚੇਤ ਸ਼ਸਤਰ ਸਜਾਵਹੁ।
ਕਮਰ ਕਸਾ ਕਰ ਦਿਹੁ ਦਿਖਾਈ। ਹਮਰੀ ਖੁਸ਼ੀ ਹੋਇ ਅਧਕਾਈ।
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ)
ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਸੇਵਾ ਤੇ ਸ਼ਹੀਦੀ’ ਦਾ ਅਜਿਹਾ ਸੁਮੇਲ ਕਰ ਦਿੱਤਾ ਕਿ ਨੀਵੀਂਆਂ ਰੁਚੀਆਂ ਉਪਜਾਉਣ ਵਾਲੀ ਹੋਲੀ ਦਾ ਤਿਆਗ਼ ਹੋ ਗਿਆ। ਗੁਰੂ ਸਾਹਿਬ ਨੇ ਸਿੱਖਾਂ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਨਵਾਂ ਜੋਸ਼ ਅਤੇ ਤਾਕਤ ਬਖ਼ਸ਼ਣ ਲਈ ਇਕ ਦਿਨ ਨਿਯਤ ਕਰ ਦਿੱਤਾ ਤੇ ਉਸ ਦਿਨ ਕਿਲ੍ਹਾ ਹੋਲਗੜ੍ਹ ਵਿਚ ਮੇਲਾ ਲੱਗ ਜਾਂਦਾ। ਪਹਿਲਾ ਤਾਰੀਖ਼ੀ ਮੇਲਾ, ਸਾਹਿਬ ਨੇ ਚੇਤ ਵਦੀ ਪਹਿਲੀ, ਸੰਮਤ ੧੭੫੭ ਵਿਚ ਕੀਤਾ ਤੇ ਉਸ ਦੀ ਪਰਪਾਟੀ ਪੈ ਗਈ। ਹੋਲਾ-ਮਹੱਲਾ ਉਤਸ਼ਾਹ ਦਾ ਦਿਹਾੜਾ ਬਣ ਗਿਆ ਤੇ ਸ਼ਕਤੀ ਦਾ ਪ੍ਰਤੀਕ।’
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਇਆ ਹੋਲਾ ਮਹੱਲਾ ਸ਼ਕਤੀ ਨੂੰ ਪ੍ਰਗਟ ਕਰਨ ਅਤੇ ਅਣਖ ਦੇ ਅਨੁਭਵ ਦਾ ਅਨੋਖਾ ਢੰਗ ਹੈ। ਇਹ ਖ਼ਾਲਸਾ ਪੰਥ ਲਈ ਸਵੈਮਾਣ, ਖ਼ਾਲਸੇ ਦੇ ਬੋਲ-ਬਾਲੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਹੋਲਾ ਮਹੱਲਾ ਸਿੱਖਾਂ ਨੂੰ ਹਰ ਸਾਲ ਦ੍ਰਿੜ ਵਿਸ਼ਵਾਸੀ, ਪ੍ਰਭੂ-ਭਗਤੀ ਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ਾਂ, ਜ਼ੁਲਮ, ਜਬਰ, ਨਾਸਤਿਕਤਾ ਤੇ ਭ੍ਰਿਸ਼ਟਾਚਾਰ ਵਿਰੁੱਧ ਜੂਝਣ ਲਈ ਨਵਾਂ ਜੋਸ਼ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ।
ਖ਼ਾਲਸੇ ਨੂੰ ਦੁਨੀਆ ਤੋਂ ਨਿਆਰੇ ਅਤੇ ਅਕਾਲ ਪੁਰਖ ਦਾ ਖਾਸ ਰੂਪ ਹੋਣ ਦਾ ਅਹਿਸਾਸ ਕਰਵਾਉਂਦਾ ਚੜ੍ਹਦੀ ਕਲ੍ਹਾ ਦਾ ਪ੍ਰਤੀਕ ‘ਹੋਲਾ-ਮਹੱਲਾ’ ਅਸੀਂ ਹਰ ਸਾਲ ਮਨਾਉਂਦੇ ਹੋਏ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਦੇ ਜੰਗਜੂ ਕਰਤੱਬ ਦੇ ਜਾਹੋ-ਜਲਾਲ ਨੂੰ ਦੇਖਦੇ ਹਾਂ। ਇਸ ਮੌਕੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਹੋਲਾ ਮਹੱਲਾ ਮੌਕੇ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈਂਦਿਆਂ ਸ਼ਸਤਰਧਾਰੀ ਬਣੀਏ ਭਾਵ ਅੰਮ੍ਰਿਤ ਛਕ ਕੇ ਗੁਰੂ ਦੇ ਸਿੰਘ ਬਣੀਏ। ਗੁਰੂ ਸਾਹਿਬ ਨੇ ਸਾਨੂੰ ਵਿਲੱਖਣ ਰਹਿਣੀ ਬਖਸ਼ੀ ਹੈ, ਜਿਸ ਨੂੰ ਅਪਣਾਉਣਾ ਸਾਡਾ ਧਰਮ ਕਰਤੱਵ ਹੈ। ਹੋਲਾ ਮਹੱਲਾ ਸਾਨੂੰ ਗੁਰੂ ਬਖਸ਼ੀ ਜੀਵਨ ਜਾਚ ਵਿਚ ਪੱਕਿਆਂ ਰਹਿਣ ਦੀ ਪ੍ਰੇਰਨਾ ਦਿੰਦਾ ਹੈ।
‘ਹੋਲਾ ਮਹੱਲਾ’ ਸਾਨੂੰ ਇਕ ਉਪਦੇਸ਼ ਦਿੰਦਾ ਹੈ ਕਿ ਜੀਵਨ ਅੰਦਰ ਹਿੰਮਤ, ਅਣਖ, ਦਲੇਰੀ, ਤਿਆਗ, ਕੁਰਬਾਨੀ, ਦ੍ਰਿੜ੍ਹ ਨਿਸ਼ਚਾ, ਚੜ੍ਹਦੀ-ਕਲਾ, ਸਵੈ-ਵਿਸ਼ਵਾਸ, ਸਵੈ-ਰੱਖਿਆ, ਸਵੈ-ਮਾਣ, ਮਨੁੱਖੀ ਆਜ਼ਾਦੀ ਤੇ ਖ਼ਾਲਸਾਈ ਜਜ਼ਬੇ ਦੀ ਭਾਵਨਾ ਨੂੰ ਮਰਨ ਨਹੀਂ ਦੇਣਾ ਹੈ। ਸੋ ਸਾਨੂੰ ਖਾਲਸਾ ਪੰਥ ਦੀ ਵਿਲੱਖਣਤਾ ਦੇ ਪ੍ਰਤੀਕ ਹੋਲਾ ਮਹੱਲਾ ਦੀ ਭਾਵਨਾ ਅਨੁਸਾਰ ਸਚਾ ਉੱਦਮੀ ਜੀਵਨ ਜਿਉਣ ਦੀ ਪ੍ਰੇਰਨਾ ਲੈਂਦਿਆਂ ਅੱਗੇ ਵਧਣਾ ਚਾਹੀਦਾ ਹੈ।