ਅੰਮ੍ਰਿਤਸਰ, 21 ਜੁਲਾਈ:- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਰਾਏ ਕੱਲਾ ਜੀ ਦੀ ਤਸਵੀਰ ਸਮੇਤ ਗੰਗਾ ਸਾਗਰ ੨੪ ਜੁਲਾਈ ਨੂੰ ਸਵੇਰੇ ੧੦:੦੦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀ ਜਾਵੇਗੀ। ਔਰੰਗਜ਼ੇਬ ਦੇ ਜ਼ੁਲਮੀ ਰਾਜ ਸਮੇਂ ਗੁਰੂ ਘਰ ਪ੍ਰਤੀ ਨਿਭਾਈ ਸੇਵਾ ਤੇ ਨਿਸ਼ਠਾ ਲਈ ਦਸਵੇਂ ਪਾਤਸ਼ਾਹ ਨੇ ਰਾਏ ਕੱਲਾ ਨੂੰ ਗੰਗਾ ਸਾਗਰ (ਸੁਰਾਹੀ), ਕਿਰਪਾਨ ਤੇ ਰਹਿਲ ਦੇ ਕੇ ਨਿਵਾਜਿਆ ਸੀ। ੨੪ ਜੁਲਾਈ ਨੂੰ ਤਸਵੀਰ ਸੁਸ਼ੋਭਿਤ ਕਰਨ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵਿਸ਼ੇਸ਼ ਤੌਰ ‘ਤੇ ਪੁੱਜਣਗੇ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਰਾਏ ਕੱਲਾ ਜੀ ਦੇ ਪਰਿਵਾਰਕ ਮੈਂਬਰਾਂ ਦੀ ਮੰਗ ‘ਤੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਰਾਏ ਕੱਲਾ ਜੀ ਤੇ ਗੰਗਾ ਸਾਗਰ ਦੀ ਤਸਵੀਰ ਸੁਸ਼ੋਭਿਤ ਕਰਨ ਲਈ ਫੈਸਲਾ ਕੀਤਾ ਗਿਆ ਸੀ।