ਸ੍ਰੀ ਗੁਰੂ ਰਾਮਦਾਸ ਜੀ ਦੀ ਵੱਡੀ ਵਡਿਆਈ

-ਭਾਈ ਗੋਬਿੰਦ ਸਿੰਘ ਲੌਂਗੋਵਾਲ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

 

ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਸਿੱਖ ਧਰਮ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪਵਿੱਤਰ ਤੇ ਗੰਭੀਰ ਜੀਵਨ ਸੇਵਾ, ਪ੍ਰੇਮਾ-ਭਗਤੀ ਤੇ ਸਦਗੁਣਾਂ ਨਾਲ ਭਰਪੂਰ ਹੈ। ਆਪ ਜੀ ਨੇ ਲੋਕਾਈ ਨੂੰ ਆਤਮਿਕ, ਧਾਰਮਿਕ, ਸਮਾਜਿਕ ਤੌਰ ‘ਤੇ ਰੋਸ਼ਨ ਕੀਤਾ ਭਾਵ ਜੀਵਨ ਦੇ ਹਰ ਪੱਖ ਨੂੰ ਸਾਰਥਿਕ ਬਣਾਉਣ ਲਈ ਜੁਗਤਿ ਸਮਝਾਈ। ਗੁਰੂ ਸਾਹਿਬ ਜੀ ਦੀ ਵਡਿਆਈ ਨੂੰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਪਾਵਨ ਗੁਰਬਾਣੀ ਅੰਦਰ ਰਾਮਕਲੀ ਵਾਰ ਵਿੱਚ ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤਾ:-
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥
(ਪੰਨਾ ੯੬੮)
ਗੁਰੂ ਸਾਹਿਬ ਜੀ ਦਾ ਜੀਵਨ ਸਧਾਰਨ ਪਰਵਾਰ ਤੋਂ ਆਰੰਭ ਹੋਇਆ ਅਤੇ ਨਿਸ਼ਕਾਮ ਸੇਵਾ ਤੇ ਸੱਚੇ ਸਿਦਕ ਕਰਕੇ ਗੁਰਗੱਦੀ ‘ਤੇ ਬਿਰਾਜਮਾਨ ਹੋਏ। ਆਪ ਜੀ ਨੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਿਤ ਕਰਨ ਲਈ ਅਨੇਕਾਂ ਕਾਰਜ ਕੀਤੇ। ਸ੍ਰੀ ਗੁਰੂ ਰਾਮਦਾਸ ਜੀ ਸੰਨ ੧੫੩੪ ਵਿਚ ਪਿਤਾ ਸ੍ਰੀ ਹਰਿਦਾਸ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਸਮੇਂ ਦੀ ਪਰੰਪਰਾ ਅਨੁਸਾਰ ਵੱਡੇ ਪੁੱਤਰ ਨੂੰ, ‘ਜੇਠਾ’ ਕਿਹਾ ਜਾਂਦਾ ਸੀ ਜਿਸ ਕਰਕੇ ਪ੍ਰਾਰੰਭਕ ਰੂਪ ਵਿਚ ਆਪ ਜੀ ‘ਭਾਈ ਜੇਠਾ ਜੀ’ ਦੇ ਨਾਮ ਨਾਲ ਜਾਣੇ ਜਾਂਦੇ ਰਹੇ। ਛੋਟੀ ਉਮਰ ਵਿਚ ਹੀ ਆਪ ਜੀ ਦੇ ਮਾਤਾ-ਪਿਤਾ ਸਾਥ ਛੱਡ ਅਕਾਲ ਪੁਰਖ ਨੂੰ ਪਿਆਰੇ ਹੋ ਗਏ। ਪਰਿਵਾਰਕ ਨਿਰਬਾਹ ਲਈ ਆਪ ਨੂੰ ਘੁੰਗਣੀਆਂ ਵੇਚਣੀਆਂ ਪਈਆਂ। ਇਤਿਹਾਸ ਅਨੁਸਾਰ ਆਪ ਜੀ ਦੇ ਨਾਨੀ ਆਪ ਨੂੰ ਬਾਸਰਕੇ ਲੈ ਆਏ। ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਘ ਸਦਕਾ ਆਪ ਬਾਸਰਕੇ ਗਿੱਲਾਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਆਪ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ-ਸੁਭਾਅ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਨਾਲ ਕਰ ਦਿੱਤਾ। ਗੁਰੂ-ਘਰ ਦਾ ਦਾਮਾਦ ਬਣ ਕੇ ਵੀ ਆਪ ਜੀ ਨੇ ਲੋਕ-ਲਾਜ ਦੀ ਪਰਵਾਹ ਨਾ ਕੀਤੀ ਅਤੇ ਦਿਨ-ਰਾਤ ਗੁਰੂ-ਘਰ ਦੀ ਸੇਵਾ ਵਿਚ ਤੱਤਪਰ ਰਹੇ। ਇਕ ਵਾਰ ਲਾਹੌਰ ਤੋਂ ਆਏ ਸ਼ਰੀਕੇ ਵਾਲਿਆਂ ਨੇ ਮਿਹਣਾ ਵੀ ਮਾਰਿਆ। ਸੰਖੇਪ ਵਿਚ ਵਾਕਿਆਤ ਇਸ ਤਰ੍ਹਾਂ ਹੈ ਕਿ ਆਪ ਸ੍ਰੀ ਗੁਰੂ ਅਮਰਦਾਸ ਜੀ ਦੀ ਰਹਿਨੁਮਾਈ ਹੇਠ ਬਾਉਲੀ ਦੀ ਕਾਰ ਵਿਚ ਤਨੋਂ-ਮਨੋਂ ਖੁਭੇ ਹੋਏ ਸਨ। ਲਾਹੌਰ ਤੋਂ ਕੁਝ ਸ਼ਰੀਕੇ ਵਾਲੇ ਸ੍ਰੀ ਗੋਇੰਦਵਾਲ ਸਾਹਿਬ ਆਏ। ਆਪ ਨੂੰ ਟੋਕਰੀ ਢੋਂਦੇ ਅਤੇ ਬਸਤਰ ਚਿੱਕੜ ਨਾਲ ਲਿਬੜੇ ਹੋਏ ਵੇਖ ਕੇ ਉਨ੍ਹਾਂ ਨੇ ਬੁਰਾ ਮਨਾਇਆ। ਜਦੋਂ ਗੱਲ ਸ੍ਰੀ ਗੁਰੂ ਅਮਰਦਾਸ ਜੀ ਪਾਸ ਪਹੁੰਚੀ ਤਾਂ ਪਾਤਸ਼ਾਹ ਬਖਸ਼ਿਸ਼ਾਂ ਦੇ ਘਰ ਵਿਚ ਆ ਗਏ। ਤੀਸਰੇ ਸਤਿਗੁਰੂ ਜੀ ਦੇ ਮੂੰਹੋਂ ਨਿਕਲਿਆ। ਇਹ ਚਿੱਕੜ ਨਹੀਂ ਵਡਿਆਈ ਦਾ ਕੇਸਰ ਤੇ ਗੁਲਾਲ ਹੈ। ਸਿਰ ‘ਤੇ ਆਮ ਟੋਕਰੀ ਨਹੀਂ, ਸਗੋਂ ਪਾਤਸ਼ਾਹੀ ਛਤਰ ਝੂਲਣ ਦਾ ਨਿਸ਼ਾਨ ਹੈ।
ਇਸ ਤਰ੍ਹਾਂ ਆਪ ਜੀ ਦੀ ਨਿਮਰਤਾ ਅਤੇ ਸਦਗੁਣਾਂ ਨੂੰ ਦੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰ-ਗੱਦੀ ਦੀ ਜ਼ਿੰਮੇਵਾਰੀ ਆਪ ਨੂੰ ਸੌਂਪੀ ਦਿੱਤੀ। ਗੁਰਗੱਦੀ ‘ਤੇ ਸੁਭਾਏਮਾਨ ਹੋਣ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੀ ਬੁਲੰਦੀ ਅਤੇ ਚੜ੍ਹਦੀ ਕਲਾ ਲਈ ਅਨੇਕਾਂ ਕਾਰਜ ਕੀਤੇ, ਜਿਸ ਨਾਲ ਗੁਰੂ ਘਰ ਦੀ ਵਡਿਆਈ ਚੁਫੇਰੇ ਫੈਲੀ। ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਆਪ ਜੀ ਦਾ ਇੱਕ ਅਹਿਮ ਕਾਰਜ ਹੈ। ਸ੍ਰੀ ਗੁਰੂ ਰਾਮਦਾਸ ਜੀ ਤੀਸਰੇ ਪਾਤਸ਼ਾਹ ਜੀ ਦੇ ਹੁਕਮ ਨਾਲ ਇਥੇ ਆਏ ਅਤੇ ਸਰੋਵਰ ਦੀ ਖੁਦਵਾਈ ਆਰੰਭ ਕਰਵਾਈ। ਇਹ ਸਰੋਵਰ ਸੰਤੋਖਸਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸੇ ਦੌਰਾਨ ਆਪ ਨੇ ਨਗਰ ‘ਗੁਰੂ ਕਾ ਚੱਕ’ ਵਸਾਇਆ, ਜੋ ਬਾਅਦ ਵਿਚ ‘ਰਾਮਦਾਸਪੁਰ/ਚੱਕ ਰਾਮਦਾਸ’ ਦੇ ਨਾਂ ਨਾਲ ਜਾਣਿਆ ਗਿਆ ਅਤੇ ਫਿਰ ‘ਸ੍ਰੀ ਅੰਮ੍ਰਿਤਸਰ’ ਵਜੋਂ ਮਸ਼ਹੂਰ ਹੋਇਆ। ਆਪ ਨੇ ਇਥੇ ਵੱਸਣ ਲਈ ਸੰਗਤਾਂ ਨੂੰ ਪ੍ਰੇਰਿਆ। ਇਸ ਨਗਰ ਨੂੰ ਆਬਾਦ ਕਰਨ ਲਈ ਆਪ ਨੇ ਵੱਖ-ਵੱਖ ਹੁਨਰਾਂ ਦੇ ਕਿਰਤੀਆਂ ਨੂੰ ਇਥੇ ਵਸਾਇਆ। ਇਤਿਹਾਸ ਅਨੁਸਾਰ ਇਹ ਵੱਖ-ਵੱਖ ਤਰ੍ਹਾਂ ਦੇ ੫੨ ਕਿੱਤਿਆਂ ਨਾਲ ਸਬੰਧਤ ਲੋਕ ਸਨ। ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਇਆ ਇਹ ਨਗਰ ਮਨੁੱਖੀ ਬਰਾਬਰੀ ਅਤੇ ਭਰਾਤਰੀ ਭਾਵ ਦੀ ਇੱਕ ਮਿਸਾਲ ਬਣਿਆ। ਆਪ ਨੇ ਇਥੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕ ਵਸਾਏ ਸਨ। ‘ਮਸੰਦ’ ਪ੍ਰਣਾਲੀ ਦਾ ਆਰੰਭ ਵੀ ਆਪ ਦਾ ਇੱਕ ਅਹਿਮ ਫੈਸਲਾ ਸੀ। ਮਸੰਦਾਂ ਨੇ ਗੁਰੂ ਘਰ ਦੇ ਪ੍ਰਚਾਰ-ਪ੍ਰਸਾਰ ਲਈ ਅਹਿਮ ਭੂਮਿਕਾ ਨਿਭਾਈ। ਮਸੰਦ ਸਿੱਖੀ ਦੇ ਉਹ ਪ੍ਰਚਾਰਕ ਸਨ ਜੋ ਸੰਗਤਾਂ ਤੋਂ ਗੁਰੂ-ਘਰ ਲਈ ਭੇਟਾ ਇਕੱਠੀ ਕਰਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਸਨ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ ਦੀਆਂ ਪਰੰਪਰਾਵਾਂ ਦੇ ਪਾਲਣ ਲਈ ਸੰਗਤਾਂ ਨੂੰ ਪ੍ਰੇਰਿਆ ਅਤੇ ਸਿੱਖੀ ਮਰਯਾਦਾ ਨੂੰ ਹੋਰ ਪੱਕਿਆਂ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭ ਕੀਤੀ ਗਈ ਲੰਗਰ ਦੀ ਮਰਯਾਦਾ ਨੂੰ ਅੱਗੇ ਤੋਰਨ ਵਿਚ ਵੀ ਆਪ ਦਾ ਵਡਮੁੱਲਾ ਯੋਗਦਾਨ ਹੈ।
ਆਪ ਜੀ ਨੇ ਧੁਰ ਕੀ ਬਾਣੀ ਦੀ ਅਮੁੱਲ ਤੇ ਵੱਡਾ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ। ਗੁਰੂ ਪਾਤਸ਼ਾਹ ਦੀ ਬਾਣੀ ਮਨੁੱਖ ਮਾਤਰ ਲਈ ਸੁੱਖਾਂ ਦਾ ਖ਼ਜ਼ਾਨਾ ਤੇ ਆਤਮਿਕ ਅਨੰਦ ਪ੍ਰਦਾਨ ਕਰਨ ਵਾਲੀ ਹੈ। ਇਸ ਵਿਚ ਮਨੁੱਖ ਮਾਤਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ। ਇਹ ਸਾਡੀ ਅਧਿਆਤਮਿਕ ਤੇ ਸਮਾਜਿਕ ਅਗਵਾਈ ਕਰਦੀ ਹੋਈ ਚੰਗੇ ਜੀਵਨ ਜਿਊਣ ਲਈ ਮਾਰਗ ਦਰਸ਼ਨ ਦਿੰਦੀ ਹੈ। ਆਪ ਜੀ ਦੀ ਸੁਖਦਾਈ ਗੁਰਬਾਣੀ ਦੀ ਵਡਿਆਈ ਕਰਦੇ ਹੋਏ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਅੰਦਰ ਲਿਖਦੇ ਹਨ:
ਗੁਰ ਉਚਰੈਂ ਬਾਨੀ ਅਮ੍ਰਤ ਸਾਂਨੀ ਬੇਦ ਅਧਕਾਨੀ ਸੁਖਦਾਨੀ।
ਜੋ ਸੁਨ ਨਰ ਨਾਰੀ ਕਟੈਂ ਬਿਕਾਰੀ ਲਹਿ ਫਲ ਚਾਰੀ ਮੁਦ ਖਾਨੀ।
(ਪੰਥ ਪ੍ਰਕਾਸ਼)
ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਮੇਰੀ ਸਮੂਹ ਸੰਗਤ ਨੂੰ ਅਪੀਲ ਹੈ ਕਿ ਆਉ ਆਪਾਂ ਸਾਰੇ ਗੁਰੂ ਸਾਹਿਬ ਦੇ ਮਹਾਨ ਜੀਵਨ ਨੂੰ ਯਾਦ ਕਰਦਿਆਂ ਆਪਣੇ ਅੰਦਰ ਨਿਮਰਤਾ, ਸੇਵਾ ਅਤੇ ਸਿਮਰਨ ਦੇ ਭਾਵ ਪੈਦਾ ਕਰਦੇ ਹੋਏ ਸਿੱਖ-ਪੰਥ ਦੇ ਸਿਧਾਂਤਾਂ ਨੂੰ ਵਿਵਹਾਰਕ ਜੀਵਨ ਦਾ ਹਿੱਸਾ ਬਣਾਈਏ। ਜੇਕਰ ਅਸੀਂ ਆਪ ਜੀ ਦੀ ਬਾਣੀ ਦੇ ਸੁਨੇਹੇ ਦਾ ਸਹੀ ਬੋਧ ਪ੍ਰਾਪਤ ਕਰ ਕੇ ਅਮਲ ਵਿਚ ਲਿਆਉਣ ਲਈ ਯਤਨਸ਼ੀਲ ਹੋਵਾਂਗੇ ਤਾਂ ਯਕੀਨਨ ਸਾਡੀ ਜੀਵਨ ਯਾਤਰਾ ਸਫ਼ਲ ਹੋ ਸਕਦੀ ਹੈ।