-ਜਥੇਦਾਰ ਅਵਤਾਰ ਸਿੰਘ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

j-avtar-singhਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਨਿਰਮਲ ਪੰਥ ਦੇ ਕੁਰਬਾਨੀਆ ਭਰੇ ਗੌਰਵਸ਼ਾਲੀ ਇਤਿਹਾਸ ਅਤੇ ਲਾਸਾਨੀ ਵਿਰਸੇ ਨੇ ਇਸ ਨੂੰ ਦੁਨੀਆਂ ਭਰ ਵਿਚ ਨਿਆਰਾ ਪੰਥ ਹੋਣ ਦਾ ਮਾਣ ਹਾਸਿਲ ਕਰਵਾਇਆ ਹੈ। ਸਿੱਖ ਪੰਥ ਦੇ ਤਿਉਹਾਰ ਮਹਿਜ ਫੋਕੀਆਂ ਰਸਮਾਂ ਨਾ ਹੋ ਕੇ ਆਪਣੇ ਲਾਸਾਨੀ ਵਿਰਸੇ ਨੂੰ ਪਰਗਟ ਕਰਦੇ ਹੋਏ ਨਰੋਏ ਸਭਿਆਚਾਰ ਦਾ ਪ੍ਰਗਟਾ ਕਰਦੇ ਹਨ। ਹਰ ਸਾਲ ਕੱਤਕ ਦੇ ਮਹੀਨੇ ਜਿੱਥੇ ਸਮੁੱਚੇ ਭਾਰਤ ਵਾਸੀ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਉੱਥੇ ਸਮੁੱਚਾ ਸਿੱਖ ਪੰਥ ਇਸ ਨੂੰ ਅਸਲ ਵਿਚ ਹੱਕ-ਸੱਚ ਦੀ ਜਿੱਤ ਵਜੋਂ ਬੰਦੀ-ਛੋੜ ਦਿਵਸ ਦੇ ਰੁਪ ਵਿਚ ਮਨਾ ਕੇ ਆਪਣੇ ਵਿਰਸੇ ਤੇ ਮਾਣ ਮਹਿਸੂਸ ਕਰਦਾ ਹੈ। ਸਿੱਖ ਇਤਿਹਾਸ ਨਾਲ ਇਸ ਤਿਓਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ ਜਦ ਮੀਰੀ-ਪੀਰੀ ਦੇ ਮਾਲਕ, ਬੰਦੀ-ਛੋੜ ਸਤਿਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਅਤੇ ਗੁਰੂ ਦਰਸ਼ਨਾਂ ਲਈ ਬਿਹਬਲ ਹੋਈਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈਆਂ। ਨਿਰਸੰਦੇਹ ਇਹ ਇਕ ਸੱਚਾਈ ਦੀ ਕੁੜ ਉੱਪਰ ਅਤੇ ਸਬਰ ਦੀ ਜ਼ਬਰ ਉੱਪਰ ਜਿੱਤ ਦਾ ਮੁਬਾਰਕ ਮੌਕਾ ਸੀ, ਜਿਸ ਨੂੰ ਸੰਗਤਾਂ ਨੇ ਅਤਿਅੰਤ ਖੁਸ਼ੀ ਵਿਚ ਦੀਪਮਾਲਾ ਕਰਕੇ ਮਨਾਇਆ।

ਇਤਿਹਾਸਕ ਹਵਾਲਿਆਂ ਅਨੁਸਾਰ ਜਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੀਰੀ-ਪੀਰੀ ਦੀਆਂ ਦੋ ਕ੍ਰਿਪਾਨਾਂ ਪਹਿਨ ਕੇ ਗੁਰਿਆਈ ਦੇ ਤਖ਼ਤ ‘ਤੇ ਬਿਰਾਜਮਾਨ ਹੋਏ ਤਾਂ ਵਕਤ ਦੇ ਬਾਦਸ਼ਾਹ ਜਹਾਂਗੀਰ ਤੋਂ ਗੁਰੂ ਜੀ ਦੀ ਵਧਦੀ ਪ੍ਰਤਿਭਾ ਸਹਾਰੀ ਨਾ ਗਈ। ਉਸ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਵਾ ਕੇ ਗਵਾਲੀਅਰ ਦੇ ਕਿਲ੍ਹੇ ‘ਚ ਭੇਜ ਦਿੱਤਾ। ਗਵਾਲੀਅਰ ਦੇ ਕਿਲ੍ਹੇ ਵਿਚ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਹਕੂਮਤ ਵੱਲੋਂ ਬੰਦੀ ਬਣਾਏ ਗਏ ਰਾਜਿਆਂ ਦੇ ਮਨ ਵਿਚ ਆਸ ਦੀ ਕਿਰਨ ਜਾਗ ਉੱਠੀ। ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋਣ ਸਮੇਂ ਗੁਰੂ ਜੀ ਨੇ ੫੨ ਕਲੀਆਂ ਵਾਲਾ ਚੋਲਾ ਪਹਿਨ ਕੇ ਰਾਜਿਆਂ ਨੂੰ ਰਿਹਾਅ ਕਰਵਾਉਣ ਦਾ ਮਹਾਨ ਵਿਸਮਾਦੀ ਚੋਜ ਵਰਤਾਇਆ। ਰਿਹਾਅ ਹੋਣ ਉਪਰੰਤ ਜਦੋਂ ਗੁਰੂ ਜੀ ਸ੍ਰੀ ਅੰਮ੍ਰਿਤਸਰ ਵਿਖੇ ਪੁੱਜੇ ਤਾਂ ਸੰਗਤਾਂ ਨੇ ਖੁਸ਼ੀ ਵਜੋਂ ਘਿਉ ਦੇ ਦੀਵੇ ਜਗਾ ਕੇ ਸਵਾਗਤ ਕੀਤਾ।

ਗੁਰਬਾਣੀ ਦੇ ਪਵਿੱਤਰ ਫੁਰਮਾਨ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ’ ਅਨੁਸਾਰ ਹਰੇਕ ਸਿੱਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਇਸ਼ਨਾਨ ਦੀ ਤਾਂਘ ਰੱਖਦਾ ਹੈ। ਲੇਕਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਹਕੂਮਤ ਦੀ ਸਖ਼ਤੀ ਕਾਰਨ ਸਿੱਖਾਂ ਦਾ ਸ੍ਰੀ ਅੰਮ੍ਰਿਤਸਰ ਆਉਣਾ ਮੁਸ਼ਕਿਲ ਹੋ ਗਿਆ। ਉਸ ਸਮੇਂ ਭਾਈ ਮਨੀ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰ੍ਰਥੀ ਸਨ। ਉਨ੍ਹਾਂ ਨੇ ੧੭੩੩ ਈਸਵੀ ਦੀ ਦੀਵਾਲੀ ਦੇ ਅਵਸਰ ‘ਤੇ ਸਿੱਖ ਸੰਗਤਾਂ ਦੀ ਸ੍ਰੀ ਅੰਮ੍ਰਿਤਸਰ ਵਿਖੇ ਇਕੱਤਰਤਾ ਲਈ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਹਕੂਮਤ ਕੋਲੋਂ ਇਜਾਜ਼ਤ ਲਈ। ਓਧਰ ਨਵਾਬ ਜ਼ਕਰੀਆਂ ਖਾਨ ਨੇ ਇਸ ਇਕੱਠ ਉੱਤੇ ਹਮਲਾ ਕਰਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ ਮੁਕਾਣ ਦੀ ਯੋਜਨਾ ਬਣਾ ਲਈ, ਜਿਸ ਦੀ ਸੂਹ ਭਾਈ ਸਾਹਿਬ ਨੂੰ ਵੀ ਮਿਲ ਗਈ ਅਤੇ ਉਨ੍ਹਾਂ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣੋ ਰੋਕ ਦਿੱਤਾ। ਸੰਗਤਾਂ ਦੇ ਨਾ ਆਉਣ ਤੇ, ਭੇਟਾ ਨਾ ਹੋਣ ਕਰਕੇ ਟੈਕਸ ਨਾ ਭਰਨ ਦਾ ਬਹਾਨਾ ਲਗਾ ਕੇ ਹਕੂਮਤ ਨੇ ਭਾਈ ਮਨੀ ਸਿੰਘ ਜੀ ਨੂੰ ਲਾਹੌਰ ਸੱਦ ਭੇਜਿਆ ਅਤੇ ਟੈਕਸ ਅਦਾ ਕਰਨ, ਸਿੱਖ ਧਰਮ ਛੱਡ ਕੇ ਇਸਲਾਮ ਧਾਰਨ ਕਰਨ ਜਾਂ ਫਿਰ ਮੌਤ ਲਈ ਤਿਆਰ ਹੋਣ ਦਾ ਫ਼ੁਰਮਾਨ ਸੁਣਾ ਦਿੱਤਾ। ਭਾਈ ਸਾਹਿਬ ਨੇ ਹਕੂਮਤ ਨੂੰ ਆਪਣੇ ਇਕਰਾਰ ਤੋਂ ਫਿਰ ਜਾਣ ਕਾਰਨ ਟੈਕਸ ਭਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ‘ਸਿੱਖ ਲਈ ਧਰਮ ਪਿਆਰਾ ਹੈ, ਜਾਨ ਪਿਆਰੀ ਨਹੀਂ’, ਆਖ ਕੇ ਸ਼ਹਾਦਤ ਦਾ ਜਾਮ ਪੀਣਾ ਮਨਜ਼ੂਰ ਕੀਤਾ। ਕਾਜ਼ੀ ਵਲੋਂ ਦਿੱਤੇ ਫ਼ਤਵੇ ਅਨੁਸਾਰ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ।

ਇਸ ਤਰ੍ਹਾਂ ਦੀਵਾਲੀ ਨਾਲ ਸਿੱਖ ਕੌਮ ਦਾ ਸਬੰਧ ਚੁਣੌਤੀਆਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਵਿੱਚੋਂ ਅਤਿ ਮੁਸ਼ਕਿਲ ਹਾਲਾਤ ਵਿਚ ਵੀ ਸਿੱਖ ਕੌਮ ਚੜ੍ਹਦੀ ਕਲਾ ਨਾਲ ਬਾਹਰ ਨਿਕਲੀ ਹੈ। ਅੱਜ ਵੀ ਸਿੱਖ ਪੰਥ ਦੇ ਸਾਹਮਣੇ ਕਈ ਗੰਭੀਰ ਸਮੱਸਿਆਵਾਂ ਵੰਗਾਰਾਂ ਦੇ ਰੂਪ ‘ਚ ਸਿਰ ਕੱਢ ਰਹੀਆਂ ਹਨ, ਜਿਨ੍ਹਾਂ ਦਾ ਮੁਕਾਬਲਾ ਗੁਰੂ ਹੁਕਮਾਂ ਅਨੁਸਾਰ ਹੀ ਕੀਤਾ ਜਾ ਸਕਦਾ ਹੈ। ਅਸੀਂ ਗੁਰਬਾਣੀ ਅਤੇ ਇਤਿਹਾਸ ਤੋਂ ਅਗਵਾਈ ਲੈ ਕੇ ਕੌਮ ਦੇ ਭਲੇ ਲਈ ਯਤਨ ਕਰਨੇ ਹਨ। ਸੋ ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਬੰਦੀਛੋੜ ਦਿਵਸ ‘ਤੇ ਅਸੀਂ ਗੁਰੂ ਹੁਕਮ ਅਨੁਸਾਰੀ ਜੀਵਨ ਬਤੀਤ ਕਰਦਿਆਂ ਸਿੱਖ ਰਹੁਰੀਤਾਂ ਤੇ ਕਦਰਾਂ-ਕੀਮਤਾਂ ‘ਤੇ ਪੂਰਨ ਰੂਪ ‘ਚ ਅਡੋਲ, ਅਡਿੱਗ ਤੇ ਦ੍ਰਿੜ੍ਹ ਰਹਿ ਕੇ ਆਪਣਾ ਭਰੋਸਾ, ਸਿੱਖੀ ਸਿਦਕ ਆਪਣੇ ਧਰਮ ਪ੍ਰਤੀ ਕਾਇਮ ਰੱਖਣ ਵਾਸਤੇ ਯਤਨਸ਼ੀਲ ਹੋਈਏ। ਇਸ ਅੰਤਰ-ਭਾਵਨਾ ਸਹਿਤ ਸਾਡੇ ਵੱਲੋਂ ਮਨਾਇਆ ਗਿਆ ਬੰਦੀ-ਛੋੜ ਦਿਵਸ ਹੀ ਸਾਨੂੰ ਗੁਰੂ ਪਾਤਸ਼ਾਹ ਦੇ ਦਰ-ਘਰ ਦੀਆਂ ਸਭ ਖੁਸ਼ੀਆਂ, ਬਰਕਤਾਂ ਤੇ ਰਹਿਮਤਾਂ ਦੇ ਪਾਤਰ ਬਣਾ ਸਕਦਾ ਹੈ। ਸਾਨੂੰ ਆਪਣੇ ਗੌਰਵਮਈ ਵਿਰਸੇ ਨੂੰ ਯਾਦ ਕਰਦਿਆਂ ਭਾਈ ਮਨੀ ਸਿੰਘ ਅਤੇ ਹੋਰ ਸੂਰਬੀਰ ਯੋਧਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਂਦਿਆਂ ਸਿੱਖ ਨੌਜੁਆਨਾਂ ਨੂੰ ਸਿੱਖੀ ਸੰਸਕਾਰਾਂ ਨਾਲ ਜੁੜ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ।

ਜਾਰੀ ਕਰਤਾ: ਦਿਲਜੀਤ ਸਿੰਘ ਬੇਦੀ, ਐਡੀ. ਸਕੱਤਰ ਮੀਡੀਆ, ਸ਼੍ਰੋਮਣੀ ਕਮੇਟੀ।