ਗੁਰੂ ਸਾਹਿਬ ਨੂੰ ਮੰਨਣ ਵਾਲ ਭਾਈਚਾਰਿਆਂ ਨਾਲ ਸੰਪਰਕ ਬਣਾਈ ਰੱਖਣ ਲਈ ਕਾਇਮ ਹੋਵੇਗਾ ਵੱਖਰਾ ਵਿਭਾਗ-ਭਾਈ ਲੌਂਗੋਵਾਲ

ਸ੍ਰੀ ਅਨੰਦਪੁਰ ਸਾਹਿਬ, ੧੦ ਅਕਤੂਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਸਮੇਸ਼ ਦੀਵਾਨ ਹਾਲ ਵਿਖੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਗੁਰੂ ਸਾਹਿਬ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੀਆਂ ਉਦਾਸੀ, ਨਿਰਮਲੇ, ਲਾਮੇ, ਖੋਸਤੀ, ਸੇਵਾ ਪੰਥੀ, ਨਾਨਕਸ਼ਾਹੀ ਸਮਾਜ, ਅਸਾਮੀ, ਸਿੰਧੀ, ਸਤਿਨਾਮੀਏ, ਮਰਦਾਨੇਕੇ, ਸਿਕਲੀਗਰ, ਵਣਜਾਰੇ ਤੇ ਅਫਗਾਨੀ ਆਦਿ ਸੰਗਤਾਂ ਦੇ ਪ੍ਰਤੀਨਿਧਾਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਵੀ ਮੌਜੂਦ ਸਨ। ਸੰਮੇਲਨ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦੀ ਰੌਸ਼ਨੀ ਵਿਚ ਗੁਰੂ ਨਾਨਕ ਨਾਮ ਲੇਵਾ ਵੱਲੋਂ ਸਮੂਹਿਕ ਯਤਨਾਂ ਨਾਲ ਅੱਗੇ ਵਧਣ ਦੀ ਵਚਨਬਧਤਾ ਪ੍ਰਗਟਾਈ ਗਈ ਅਤੇ ਗੁਰੂ ਸਾਹਿਬ ਜੀ ਦੀ ਸਰਬ ਹਿੱਤਕਾਰੀ ਵਿਚਾਰਧਾਰਾ ਨੂੰ ਹੋਰ ਪ੍ਰਮੁੱਖਤਾ ਨਾਲ ਪ੍ਰਚਾਰਨ ‘ਤੇ ਜ਼ੋਰ ਦਿੱਤਾ ਗਿਆ।
ਸੰਮੇਲਨ ਸਮੇਂ ਆਪਣੇ ਸੰਬੋਧਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਕਿ ਗੁਰੂ ਨਾਨਕ ਨਾਮ ਲੇਵਾ ਸਮੂਹ ਭਾਈਚਾਰੇ ਲਈ ਸ਼੍ਰੋਮਣੀ ਕਮੇਟੀ ਇਕ ਵੱਖਰਾ ਵਿਭਾਗ ਸਥਾਪਤ ਕਰੇਗੀ, ਤਾਂ ਜੋ ਇਨ੍ਹਾਂ ਨਾਲ ਲਗਾਤਾਰ ਰਾਬਤਾ ਕਾਇਮ ਰਹਿ ਸਕੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਉਪਦੇਸ਼ ਸਰਬੱਤ ਦੇ ਭਲੇ ਵਾਲਾ ਹੈ ਅਤੇ ਇਸੇ ਕਾਰਨ ਹੀ ਗੁਰੂ ਸਾਹਿਬ ਨੂੰ ਵੱਖ-ਵੱਖ ਭਾਈਚਾਰਿਆਂ ਦੇ ਲੋਕ ਬਰਾਬਰ ਸਤਿਕਾਰ ਦਿੰਦੇ ਹਨ। ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਦੇ ਵੱਖ-ਵੱਖ ਕੋਨਿਆਂ ‘ਚ ਵੱਸਦੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਹਰ ਵਰਗ ਤੱਕ ਬਣਾਈ ਗਈ ਇਸ ਪਹੁੰਚ ਨੂੰ ਅੱਗੇ ਤੋਰਿਆ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਿਸ ਵੀ ਭਾਈਚਾਰੇ ਨੂੰ ਮੱਦਦ ਦੀ ਲੋੜ ਹੋਵੇਗੀ, ਸ਼੍ਰੋਮਣੀ ਕਮੇਟੀ ਕਰੇਗੀ।
ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜ ਅੰਦਰ ਵੰਡੀਆ ਨੂੰ ਖ਼ਤਮ ਕਰਕੇ ਮਨੁੱਖੀ ਏਕਤਾ ਦਾ ਸੁਨੇਹਾ ਦਿੱਤਾ ਸੀ, ਜੋ ਵਿਸ਼ਵ ਭਾਈਚਾਰੇ ਨੂੰ ਸਦਭਾਵਨਾ, ਪਿਆਰ ਅਤੇ ਮਿਲਵਰਤਨ ਸਿਖਾਉਣ ਲਈ ਅੱਜ ਵੀ ਓਨਾ ਹੀ ਮਹੱਤਵਪੂਰਨ ਹੈ। ਗੁਰੂ ਸਾਹਿਬ ਦੀ ਇਸ ਮੁਬਾਰਕ ਸੋਚ ਨੂੰ ਪ੍ਰਣਾਏ ਭਾਈਚਾਰੇ ਸਿੱਖ ਸਮਾਜ ਅਹਿਮ ਹਿੱਸਾ ਹਨ, ਜਿਨ੍ਹਾਂ ਨੂੰ ਕਲਾਵੇ ਵਿਚ ਲੈਣ ਦੀ ਲੋੜ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਰਬੱਤ ਦਾ ਭਲਾ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਮੂਲ ਹੈ, ਜੋ ਸਿੱਖੀ ਨੂੰ ਵਿਸ਼ਵ ਦੇ ਧਰਮਾਂ ਨਾਲੋਂ ਨਿਵੇਕਲੀ ਦਿੱਖ ਦਿੰਦਾ ਹੈ। ਸੰਮੇਲਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਸੰਬੋਧਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਉਪਰਾਲੇ ਦੀ ਸ਼ਲਾਘਾਂ ਕਰਦਿਆਂ ਕਿਹਾ ਕਿ ਗੁਰੂ ਨਾਨਕ ਨਾਮ ਲੇਵਾ ਦੀਆਂ ਲੋੜਾਂ ਨੂੰ ਸਮਝ ਕੇ ਉਨ੍ਹਾਂ ਦੇ ਹੱਲ ਲੱਭਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਿਆਂ ਦੇ ਇਤਿਹਾਸ, ਪ੍ਰੰਪਰਾ ਨੂੰ ਸਾਂਝਾ ਕੀਤਾ।
ਇਸ ਮੌਕੇ ਵੱਖ-ਵੱਖ ਥਾਵਾਂ ਤੋਂ ਪੁੱਜੇ ਗੁਰੂ ਨਾਨਕ ਨਾਮ ਲੇਵਾ ਭਾਈਚਾਰਿਆਂ ਦੇ ਪ੍ਰਤੀਨਿਧਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਅਵਾਜ਼ ਮਾਰ ਕੇ ਦਿੱਤੇ ਗਏ ਮਾਣ ਸਤਿਕਾਰ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਮਾਣ ਵਧਿਆ ਹੈ। ਅਫਗਾਨੀ ਸਿੱਖਾਂ ਦੇ ਪ੍ਰਤੀਨਿਧ ਸ. ਹੀਰਾ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਥਾਪੜਾ ਵਿਸ਼ਵ ‘ਚ ਵੱਸਦੇ ਹਰ ਗੁਰੂ ਨਾਨਕ ਨਾਮ ਲੇਵਾ ਲਈ ਮਾਂ ਦੀ ਗੋਦ ਵਰਗਾ ਹੈ। ਲਾਮਿਆਂ ਦੇ ਪ੍ਰਤੀਨਿਧ ਸ੍ਰੀ ਕਰਮਾ ਜੇ.ਸੀ. ਮੈਕਲੋਡਗੰਜ ਨੇ ਕਿਹਾ ਕਿ ਮਾਨਵਤਾ ਦੇ ਸਰੋਕਾਰ ਸਭ ਤੋਂ ਉੱਤਮ ਹਨ ਅਤੇ ਗੁਰੂ ਸਾਹਿਬ ਨੇ ਇਸੇ ਵਿਚਾਰ ਨੂੰ ਪ੍ਰਬਲ ਰੂਪ ਵਿਚ ਉਭਾਰਿਆ। ਸਤਿਨਾਮੀ ਸਮਾਜ ਦੇ ਸ੍ਰੀ ਜਗਦੀਸ਼ ਕੁਰੇ ਨੇ ਕਿਹਾ ਕਿ ਭੀੜ ‘ਚ ਗੁਆਂਚ ਰਹੇ ਭਾਈਚਾਰਿਆਂ ਨੂੰ ਕਲਾਵੇ ‘ਚ ਲੈ ਕੇ ਸ਼੍ਰੋਮਣੀ ਕਮੇਟੀ ਨੇ ਆਪਣਾ ਹੋਣ ਦਾ ਅਹਿਸਾਸ ਕਰਵਾਇਆ ਹੈ। ਨਿਰਮਲੇ ਸੰਪ੍ਰਦਾ ਤੋਂ ਬਾਬਾ ਤੇਜਾ ਸਿੰਘ ਖੁੱਡਾ ਕੁਰਾਲਾ ਨੇ ਕਿਹਾ ਕਿ ਗੁਰੂ ਜੀ ਨੂੰ ਮੰਨਣ ਵਾਲਿਆਂ ਦੀ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਅੰਮ੍ਰਿਤਮਈ ਜੀਵਨਧਾਰਾ ਪ੍ਰਾਪਤ ਹੋਈ ਹੈ। ਇਸ ਮੌਕੇ ਵੱਖ-ਵੱਖ ਹੋਰ ਬੁਲਾਰਿਆਂ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ। ਸਟੇਜ਼ ਦੀ ਸੇਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਨਿਭਾਈ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ।
ਸੰਮੇਲਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਵੱਖ-ਵੱਖ ਥਾਵਾਂ ਤੋਂ ਪੁੱਜੇ ਪ੍ਰਤੀਨਿਧਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਦਰਸ਼ਨ ਸਿੰਘ ਦਿੱਲੀ ਖੋਸਤੀ ਸਮਾਜ, ਮਹੰਤ ਕਾਹਨ ਸਿੰਘ ਸੇਵਾਪੰਥੀ, ਪੰਚਮ ਦਾਸ ਬਿਹਾਰ ਨਾਨਕਸ਼ਾਹੀ ਸਮਾਜ, ਸੰਤ ਰਮਿੰਦਰ ਦਾਸ ਤੇ ਸਵਾਮੀ ਸ਼ਾਂਤਾ ਨੰਦ ਉਦਾਸੀ ਸੰਪਰਦਾ, ਸੰਤ ਦਰਸ਼ਨ ਸਿੰਘ ਨਿਰਮਲੇ, ਸ. ਐਲ.ਪੀ. ਸਿੰਘ ਤੇ ਸ. ਮਨਜੀਤ ਸਿੰਘ ਲੰਕਾ ਅਸਾਮੀ ਸਮਾਜ, ਡਾ. ਵਾਸਨ ਸਿੰਘ ਸਿੰਧੀ ਸਮਾਜ, ਸ. ਪ੍ਰਗਾਸ ਸਿੰਘ ਸਤਿਨਾਮੀ ਸਮਾਜ, ਸ. ਰਜਿੰਦਰ ਸਿੰਘ ਬਿੱਟੂ ਮਰਦਾਨੇਕੇ, ਸ੍ਰੀ ਜੀਤ ਖਾਨ ਗੋਰੀਆ, ਸ. ਰਵਿੰਦਰ ਸਿੰਘ ਵਣਜਾਰਾ ਸਮਾਜ, ਸ. ਜਗਮੋਹਨ ਸਿੰਘ ਕਲਕੱਤਾ, ਬਾਬਾ ਦਲਜੀਤ ਸਿੰਘ ਸ਼ਿਕਾਂਗੋ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਨੌਰੰਗ ਸਿੰਘ, ਬਾਬਾ ਗੁਰਚਰਨ ਸਿੰਘ ਪੰਡਵਾਂ, ਸੰਤ ਰਿਖੀ ਰਾਜ, ਸੰਤ ਹਰਚਰਨ ਦਾਸ ਉਦਾਸੀ, ਸੰਤ ਆਤਮਾ ਰਾਮ, ਬਾਬਾ ਦਰਸ਼ਨ ਸਿੰਘ, ਬਾਬਾ ਰਣਜੀਤ ਸਿੰਘ ਗੋਨੇਆਣਾ, ਬਾਬਾ ਸਾਹਿਬ ਸਿੰਘ, ਬਾਬਾ ਜਸਪਾਲ ਸਿੰਘ ਜੌਲਾਂ, ਸ. ਸ਼ਿੰਗਾਰਾ ਸਿੰਘ ਲੋਹੀਆ, ਸ. ਅਮਰੀਕ ਸਿੰਘ ਕੋਟਸ਼ਮੀਰ, ਸ. ਹਰਦੇਵ ਸਿੰਘ ਰੋਗਲਾ, ਸ. ਕੁਲਵੰਤ ਸਿੰਘ ਮੰਨਣ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਸੁਖਵਰਸ਼ ਸਿੰਘ ਪੰਨੂ, ਬੀਬੀ ਰਣਜੀਤ ਕੌਰ, ਬੀਬੀ ਜੋਗਿੰਦਰ ਕੌਰ, ਪ੍ਰਿੰਸੀ: ਸੁਰਿੰਦਰ ਸਿੰਘ, ਸ. ਪਰਮਜੀਤ ਸਿੰਘ ਖ਼ਾਲਸਾ ਬਰਨਾਲਾ, ਭਾਈ ਗੁਰਚਰਨ ਸਿੰਘ ਗਰੇਵਾਲ, ਸ. ਦਲਜੀਤ ਸਿੰਘ ਭਿੰਡਰ, ਸ. ਹਰਪਾਲ ਸਿੰਘ ਜੱਲਾ, ਸ. ਜੈਪਾਲ ਸਿੰਘ ਮੰਡੀਆਂ, ਸ. ਦਵਿੰਦਰ ਸਿੰਘ ਖੱਟੜਾ, ਸ. ਅਜਮੇਰ ਸਿੰਘ ਖੇੜਾ, ਸ. ਸਤਵਿੰਦਰ ਸਿੰਘ ਟੌਹੜਾ, ਸ. ਰਘਬੀਰ ਸਿੰਘ ਸਹਾਰਨਮਾਜਰਾ, ਸ. ਗੁਰਿੰਦਰ ਸਿੰਘ ਗੋਗੀ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਪਰਮਜੀਤ ਸਿੰਘ ਸਰੋਆ, ਸ. ਸਿਮਰਜੀਤ ਸਿੰਘ ਕੰਗ, ਸ. ਹਰਜਿੰਦਰ ਸਿੰਘ ਕੈਰੋਂਵਾਲ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਜਸਬੀਰ ਸਿੰਘ, ਸ. ਅਸ਼ੌਕ ਸਿੰਘ ਬਾਗੜੀਆ, ਗਿਆਨੀ ਕਰਨੈਲ ਸਿੰਘ ਗਰੀਬ ਆਦਿ ਮੌਜੂਦ ਸਨ।