ਸ਼੍ਰੋਮਣੀ ਕਮੇਟੀ ਨੇ ਸਿੱਖ ਬੁੱਧੀਜੀਵੀਆਂ ਅਤੇ ਵਿੱਦਿਅਕ ਅਦਾਰਿਆਂ ਦੇ ਪ੍ਰਿਸੀਪਲਾਂ ਦੀ ਬੈਠਕ ਬੁਲਾਈ

ਅੰਮ੍ਰਿਤਸਰ, 13 ਜੁਲਾਈ –ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਬਣਾਈ ਗਈ ਸਬ-ਕਮੇਟੀ ਨੇ ਬੀਤੇ ਕੱਲ੍ਹ ਇਕੱਤਰਤਾ ਕਰਕੇ ੧੩ ਸੈਮੀਨਾਰਾਂ ਦੀ ਰੂਪ-ਰੇਖਾ ਉਲੀਕੀ ਹੈ। ਇਹ ਸੈਮੀਨਾਰ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਇਲਾਵਾ ਜੰਮੂ, ਨੇਪਾਲ, ਬੰਗਲਾ ਦੇਸ਼ ਅਤੇ ਪਾਕਿਸਤਾਨ ਵਿਖੇ ਵੀ ਹੋਣਗੇ। ਸਬ-ਕਮੇਟੀ ਦੇ ਚੇਅਰਮੈਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਸੈਮੀਨਾਰਾਂ ਸਬੰਧੀ ਰਿਪੋਰਟ ਤਿਆਰ ਕਰ ਲਈ ਗਈ ਹੈ, ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੈਮੀਨਾਰਾਂ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ, ਉਨ੍ਹਾਂ ਦੀ ਪਾਵਨ ਬਾਣੀ ਅਤੇ ਵਿਚਾਰਧਾਰਾ ਨਾਲ ਸਬੰਧਤ ਹੋਵੇਗਾ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਇਨ੍ਹਾਂ ੧੩ ਮੁੱਖ ਸੈਮੀਨਾਰਾਂ ਤੋਂ ਇਲਾਵਾ ਵੀ ਸਕੂਲਾਂ ਕਾਲਜਾਂ ਅੰਦਰ ਸਥਾਨਕ ਪੱਧਰ ਦੇ ਸੈਮੀਨਾਰ ਆਯੋਜਿਤ ਕੀਤੇ ਜਾਣਗੇ। ਇਸੇ ਦੌਰਾਨ ਸੈਮੀਨਾਰ ਕਮੇਟੀ ਦੇ ਕੋਆਰਡੀਨੇਟਰ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਨੇ ਦੱਸਿਆ ਕਿ ਸੈਮੀਨਾਰਾਂ ਸਬੰਧੀ ੨੦ ਜੁਲਾਈ ਨੂੰ ਸਿੱਖ ਬੁਧੀਜੀਵੀਆਂ ਨਾਲ ਬੈਠਕ ਕੀਤੀ ਜਾਵੇਗੀ, ਜੋ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਹੋਵੇਗੀ। ਇਸ ਤੋਂ ਇਲਾਵਾ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਵੀ ਇਕੱਤਰਤਾਵਾਂ ਰੱਖੀਆਂ ਗਈਆਂ ਹਨ। ਕਾਲਜ ਦੇ ਪ੍ਰਿੰਸੀਪਲਾਂ ਨਾਲ ੨੨ ਜੁਲਾਈ ਨੂੰ ਗੁਰੂ ਨਾਨਕ ਇੰਜੀ: ਕਾਲਜ ਲੁਧਿਆਣਾ ਵਿਖੇ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ੨੭ ਜੁਲਾਈ ਨੂੰ ਭਾਈ ਸੰਗਤ ਸਿੰਘ ਕਾਲਜ ਬੰਗਾ ਵਿਖੇ ਮੀਟਿੰਗ ਰੱਖੀ ਗਈ ਹੈ।