੯ ਫਰਵਰੀ ‘ਤੇ ਵਿਸ਼ੇਸ਼ :-ਪ੍ਰੋ. ਕਿਰਪਾਲ ਸਿੰਘ ਬਡੂੰਗਰ* ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ।

ਦੁਨੀਆ ਵਿਚ ਜਿੱਧਰ ਕਿਧਰੇ ਵੀ ਇਨਕਲਾਬ ਆਇਆ ਹੈ, ਭਾਵੇਂ ਇਹ ਰਾਜਨੀਤਿਕ, ਆਰਥਿਕ, ਸਭਿਆਚਾਰਕ ਜਾਂ ਧਾਰਮਿਕ ਸੀ ਹਰ ਵਾਰ ਇਨਕਲਾਬੀਆਂ ਨੂੰ ਬਹੁਤ ਕੁਰਬਾਨੀਆਂ ਕਰਨੀਆਂ ਪਈਆਂ ਹਨ। ਦੁਨੀਆ ਵਿਚ ਮੁਕੰਮਲ ਇਨਕਲਾਬ ਜੇਕਰ ਕੋਈ ਆਇਆ ਤਾਂ ਉਹ ਸਿੱਖ ਇਨਕਲਾਬ ਸੀ। ਇਸ ਇਨਕਲਾਬ ਦਾ ਮੁੱਢ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੰਨ੍ਹਿਆ ਅਤੇ ਇਸ ਇਨਕਲਾਬ ਲਈ ਸਿੱਖ ਫ਼ਿਲਾਸਫ਼ੀ ਜਿਸ ਨੂੰ ਗੁਰਮਤਿ ਵਿਚਾਰਧਾਰਾ ਕਿਹਾ ਜਾਂਦਾ ਹੈ, ਪ੍ਰਦਾਨ ਕੀਤੀ ਅਤੇ ਇਹ ਵਿਚਾਰਧਾਰਾ ਜੀਵਨ ਵਿਚ ਢਾਲ ਕੇ ਲੋਕਾਂ ਸਾਹਮਣੇ ਅਮਲੀ ਰੂਪ ਵਿਚ ਪੇਸ਼ ਕੀਤੀ। ਇਹ ਵਿਚਾਰਧਾਰਾ ਸੀ ਇਕ ਨਵਾਂ ਸਮਾਜ ਸਿਰਜਣ ਦੀ, ਇਕ ਨਵੀਂ ਆਰਥਿਕ ਪ੍ਰਣਾਲੀ ਵਿਕਸਤ ਕਰਨ ਦੀ, ਇਕ ਸਰਬ-ਪ੍ਰਵਾਨਿਤ ਅਤੇ ਸਰਬ-ਕਲਿਆਣੀ ਧਰਮ ਪੇਸ਼ ਕਰਨ ਦੀ ਅਤੇ ਇਕ ਹਲੇਮੀ ਰਾਜ ਸਥਾਪਤ ਕਰਨ ਦੀ ਅਰਥਾਤ ਲੋਕਾਂ ਨੂੰ ਨਾਮ ਜਪਣ, ਕਿਰਤ ਕਰਨ, ਵੰਡ ਛਕਣ, ਸਵੈਮਾਣ, ਚੜ੍ਹਦੀ ਕਲਾ, ਸਾਂਝੀਵਾਲਤਾ, ਤਿਆਗਸ਼ੀਲਤਾ ਅਤੇ ਸੰਜਮ ਨਾਲ ਜੀਵਨ ਜੀਉਣ ਦੀ ਜੁਗਤਿ।
ਗੁਰੂ ਸਾਹਿਬਾਨ ਨੇ ਅਤੇ ਉਨ੍ਹਾਂ ਦੇ ਸਿੱਖਾਂ ਨੇ ਲਾਮਿਸਾਲ ਕੁਰਬਾਨੀਆਂ ਕੀਤੀਆਂ। ਇਤਨੀ ਛੋਟੀ ਉਮਰ ਅਤੇ ਘੱਟ ਗਿਣਤੀ ਦੇ ਬਾਵਜੂਦ ਜੋ ਕੁਰਬਾਨੀਆਂ ਸਿੱਖ ਕੌਮ ਨੇ ਕੀਤੀਆਂ ਉਸ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ, ਤੱਤੀਆਂ ਤਵੀਆਂ ਉੱਤੇ ਬੈਠਣ ਦੀ, ਦੇਗਾਂ ਵਿਚ ਉਬਲਣ ਦੀ, ਆਰਿਆਂ ਨਾਲ ਚੀਰੇ ਜਾਣ ਦੀ, ਜਿਊਂਦੇ-ਜੀਅ ਭੱਠਾਂ ਵਿਚ ਝੋਕੇ ਜਾਣ ਦੀ, ਰੰਬੀਆਂ ਨਾਲ ਖੋਪਰ ਲੁਹਾਉਣ ਦੀ, ਬੰਦ-ਬੰਦ ਕਟਵਾਉਣ ਆਦਿ ਦੀ।
ਜੋ ਜੰਗ-ਯੁੱਧ ਖਾਲਸਾ ਪੰਥ ਉੱਤੇ ਠੋਸੇ ਗਏ ਉਨ੍ਹਾਂ ਵਿਚ ਜੋ ਜੌਹਰ ਖਾਲਸੇ ਨੇ ਵਿਖਾਏ ਉਨ੍ਹਾਂ ਦੀ ਮਿਸਾਲ ਦੁਨੀਆ ਦੇ ਜੰਗਾਂ-ਯੁੱਧਾਂ ਵਿਚ ਕਿਧਰੇ ਨਹੀਂ ਮਿਲਦੀ। ਖਾਲਸੇ ਦੀ ਇਹ ਵੀ ਵਿਲੱਖਣਤਾ ਰਹੀ ਕਿ ਉਹ ਆਪ ਕਦੇ ਖੁਦ ਹਮਲਾਵਰ ਨਹੀਂ ਹੋਇਆ। ਉਸ ਨੇ ਆਪਣੇ ਉੱਤੇ ਕੀਤੇ ਗਏ ਹਮਲਿਆਂ ਦਾ ਮੂੰਹ- ਤੋੜ ਜਵਾਬ ਜ਼ਰੂਰ ਦਿੱਤਾ।
ਚਮਕੌਰ ਦੀ ਗੜ੍ਹੀ ਅਤੇ ਖਿਦਰਾਣੇ ਦੀ ਢਾਬ ਦੀਆਂ ਅਸਾਵੀਆਂ ਅਤੇ ਬੇਜੋੜ ਜੰਗਾਂ ਵਿਚ ਜਿੱਥੇ ੪੦-੪੦ ਸਿੰਘਾਂ ਨੇ ਦੁਸ਼ਮਣ ਦੇ ਮੁਲਖਈਏ ਦਾ ਪੂਰੀ ਸ਼ਕਤੀ ਅਤੇ ਚੜ੍ਹਦੀ ਕਲਾ ਨਾਲ ਟਾਕਰਾ ਕੀਤਾ ਅਤੇ ਜੇਤੂ ਹੋ ਕੇ ਨਿਕਲੇ, ਇਹ ਮਿਸਾਲ ਵੀ ਕਿਧਰੇ ਨਹੀਂ ਮਿਲਦੀ।ਇਹ ਵੀ ਖਾਲਸੇ ਦੀ ਵਿਲੱਖਣਤਾ ਸੀ ਕਿ ਬਹੁਤ ਵੱਡੇ ਜਾਨੀ  ਤੇ ਮਾਲੀ ਨੁਕਸਾਨ ਹੋਣ ਉੱਤੇ ਵੀ ਖਾਲਸਾ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿਚ ਰਿਹਾ। ੧੭੪੬ ਈ. ਦਾ ਕਾਹਨੂੰਵਾਨ ਛੰਭ ਦਾ ਛੋਟਾ ਘੱਲੂਘਾਰਾ ਇਸ ਦੀ ਇਕ ਪ੍ਰਤੱਖ ਮਿਸਾਲ ਹੈ ਪਰੰਤੂ ੧੭੬੨ ਈ. ਦਾ ਕੁੱਪ ਰੋਹੀੜੇ ਦਾ ਵੱਡਾ ਘੱਲੂਘਾਰਾ ਜਿਸ ਵਿਚ ਤਕਰੀਬਨ ੩੦ ਹਜ਼ਾਰ ਸਿੰਘ, ਸਿੰਘਣੀਆਂ ਅਤੇ ਬੱਚੇ ਸ਼ਹੀਦ ਹੋਏ, ਆਪਣੇ ਆਪ ਵਿਚ ਅੱਜ ਤੀਕ ਇਕ ਅਸਚਰਜ ਕਰਨ ਵਾਲੀ ਇਤਿਹਾਸਿਕ ਘਟਨਾ ਹੈ। ਇਕ ਦਿਨ ਵਿਚ ਏਡਾ ਵੱਡਾ ਜਾਨੀ ਮਾਲੀ ਨੁਕਸਾਨ ਹੋ ਜਾਣ ਉਪਰੰਤ ਵੀ ਖਾਲਸੇ ਨੇ ਜੋ ਚੜ੍ਹਦੀ ਕਲਾ, ਦ੍ਰਿੜ੍ਹਤਾ ਅਤੇ ‘ਨਿਸਚੈ ਕਰਿ ਅਪੁਨੀ ਜੀਤ ਕਰੋਂ’ ਦਾ ਜਿਹੜਾ ਸਬੂਤ ਦਿੱਤਾ ਉਹ ਦੁਨੀਆ ਦੀ ਕੋਈ ਕੌਮ ਜਾਂ ਵੱਡੇ-ਵੱਡੇ ਜਰਨੈਲ ਸਿਕੰਦਰ ਮਹਾਨ, ਨੈਪੋਲੀਅਨ ਬੋਨਾਪਾਰਟ, ਹਿਟਲਰ ਆਦਿ ਵਰਗੇ ਵੀ ਨਹੀਂ ਦੇ ਸਕੇ ਅਤੇ ਇਹ ਸਭ ਹੀ ਹਾਰ ਕੇ ਗਏ ਪਰੰਤੂ ਖਾਲਸਾ ਜੇਤੂ ਹੋ ਕੇ ਨਿਕਲਿਆ।
ਵੱਡੇ ਘੱਲੂਘਾਰੇ ਵਿਚ ਅਬਦਾਲੀ ਦੀਆਂ ਫੌਜਾਂ, ਮਲੇਰਕੋਟਲੇ ਦੀਆਂ ਫੌਜਾਂ, ਰਾਏਕੋਟੀਏ ਦੀਆਂ ਫੌਜਾਂ, ਸਰਹਿੰਦ ਦੀਆਂ ਫੌਜਾਂ ਵੱਲੋਂ ਇੱਕੋ ਸਮੇਂ ਖਾਲਸੇ ਨੂੰ ਘੇਰਾ ਘੱਤ ਕੇ ਮੁਕੰਮਲ ਰੂਪ ਵਿਚ ਖ਼ਤਮ ਕਰਨ ਦੀ ਸਾਜ਼ਿਸ਼ ਸੀ ਪਰੰਤੂ ਖਾਲਸਾ ਪੰਥ ਨੇ ਸੁਲਤਾਨ-ਉਲ-ਕੌਮ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਜਿਸ ਤਰ੍ਹਾਂ ਸੂਰਬੀਰਤਾ ਦੇ ਜੌਹਰ ਵਿਖਾਏ, ਉਨ੍ਹਾਂ ਨੂੰ ਪੜ੍ਹ-ਸੁਣ ਕੇ ਵੱਡੇ-ਵੱਡੇ ਇਤਿਹਾਸਕਾਰ ਯੋਧੇ ਜਰਨੈਲ ਸੁੰਨ ਹੋ ਜਾਂਦੇ ਹਨ। ਇਹ ਜੰਗ ਰੋਹੀੜਾ, ਕੁਤਬਾ ਬਾਹਮਣੀਆਂ ਅਤੇ ਗਹਿਲ ਪਿੰਡਾਂ ਦੀ ਸਰਜ਼ਮੀਨ ਉੱਤੇ ਹੋਈ। ੩੦,੦੦੦ ਸ਼ਹੀਦੀਆਂ ਹੋ ਜਾਣ ਤੋਂ ਬਾਅਦ ਵੀ ਜਿਸ ਤਰ੍ਹਾਂ ਖਾਲਸੇ ਨੇ ਮੁਗ਼ਲ ਮੁਲਖਲੀਏ ਉੱਤੇ ਹਮਲਾ ਕੀਤਾ-ਦੁਸ਼ਮਣ ਦੇ ਪੈਰ ਹੀ ਨਹੀਂ ਉਖਾੜੇ ਸਗੋਂ ਭਜਾ-ਭਜਾ ਕੇ ਸਤਲੁਜ ਦਰਿਆ ਤੋਂ ਪਰ੍ਹੇ ਧਕੇਲ ਦਿੱਤਾ।
ਸਿੱਖਾਂ ਦੀ ਵਧਦੀ ਤਾਕਤ ਤੋਂ ਘਬਰਾਇਆ ਅਤੇ ਸਥਾਨਕ ਹਾਕਮਾਂ ਦਾ ਭੜਕਾਇਆ ਅਹਿਮਦ ਸ਼ਾਹ ਅਬਦਾਲੀ ਇਕ ਲੱਖ ਦਾ ਵੱਡਾ ਲਸ਼ਕਰ ਲੈ ਕੇ ੧੭੬੨ ਈ. ਵਿਚ ਪੰਜਾਬ ਪਹੁੰਚਿਆ। ਸਿੱਖਾਂ ਦੇ ਜਥਿਆਂ ਨੇ ਲੁਧਿਆਣੇ ਕੋਲ ਕੁੱਪ ਰੋਹੀੜਾ ਦੇ ਮੈਦਾਨਾਂ ਵਿਚ ਵਹੀਰ ਸਮੇਤ ਡੇਰੇ ਲਾਏ ਹੋਏ ਸਨ। ਉਨ੍ਹਾਂ ਵਿਚ ਬਾਲ-ਬੱਚੇ, ਇਸਤਰੀਆਂ ਤੇ ਬਿਰਧ ਵਿਅਕਤੀ ਵੀ ਸਨ। ਅਹਿਮਦ ਸ਼ਾਹ ਨੇ ਸਿੱਖਾਂ ਦੇ ਦਲ ‘ਤੇ ਅਚਾਨਕ ਹਮਲਾ ਕਰ ਦਿੱਤਾ। ਸਿੱਖਾਂ ਨੇ ਵਹੀਰ ਨੂੰ ਮਾਲਵੇ ਵੱਲ ਤੋਰ ਦਿੱਤਾ ਤੇ ਆਪ ਦੁਸ਼ਮਣ ਨਾਲ ਜੰਗ ਕਰਨ ਲੱਗੇ। ਸਿੱਖ ਜੰਗ ਕਰਦੇ ਹੋਏ ਆਪਣੇ ਵਹੀਰ ਵੱਲ ਵਧ ਰਹੇ ਸਨ। ਇਸ ਵੇਲੇ ਇਕ ਪਾਸਿਓਂ ਸਰਹਿੰਦ ਦਾ ਸੂਬਾ ਜੈਨ ਖਾਂ, ਦੂਜੇ ਪਾਸਿਓਂ ਮਲੇਰਕੋਟਲੇ ਦਾ ਨਵਾਬ ਭੀਖਨ ਖਾਂ ਅਤੇ ਰਾਏਕੋਟ ਦਾ ਦੀਵਾਨ ਲਛਮੀ ਸਹਾਏ ਆਪਣੀ-ਆਪਣੀ ਫੌਜ ਤੇ ਹੋਰ ਬੇਸ਼ੁਮਾਰ ਦੇਸੀ ਮੁਸਲਮਾਨ ਲੈ ਕੇ ਆ ਪਹੁੰਚੇ। ਸਿੱਖ ਚਾਰੇ ਪਾਸਿਉਂ ਘਿਰ ਗਏ ਸਨ। ਉਨ੍ਹਾਂ ਨੇ ਜਾਨ ਤਲੀ ‘ਤੇ ਰੱਖ ਕੇ ਲੜਨਾ ਸ਼ੁਰੂ ਕਰ ਦਿੱਤਾ। ਸਰਦਾਰ ਜੱਸਾ ਸਿੰਘ, ਸਰਦਾਰ ਬਘੇਲ ਸਿੰਘ, ਸ਼ੁਕਰਚੱਕੀਏ, ਡੱਲੇਵਾਲੀਏ ਤੇ ਨਿਸ਼ਾਨਵਾਲੀਏ ਸਰਦਾਰ ਆਪਣੇ-ਆਪਣੇ ਜਥਿਆਂ ਨੂੰ ਹੱਲਾ-ਸ਼ੇਰੀ ਦੇ ਕੇ ਲੜਾਉਣ ਲੱਗੇ। ਅਲੀ ਅਜ਼ਾਦ ਬਿਲਗਰਾਮੀ ਦੀ ਲਿਖਤ ‘ਖਜ਼ਾਨਾ-ਇ-ਅਮੀਰਾਂ’ ਅਨੁਸਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਇਸ ਜੰਗ ਵਿਚ ਅਹਿਮਦ ਸ਼ਾਹ ਅਬਦਾਲੀ ਨੂੰ ਸਾਹਮਣੇ ਹੋ ਕੇ ਲੜਨ ਲਈ ਵੰਗਾਰਿਆ ਪਰ ਉਸ ਦੀ ਅੱਗੋਂ ਹਿੰਮਤ ਨਾ ਪਈ। ਕੁਤਬਾ ਬਾਹਮਣੀ ਦੇ ਕੋਲ ਸਿੰਘ ਜਦੋਂ ਪੂਰੀ ਤਰ੍ਹਾਂ ਗਹਿਗੱਚ ਲੜਾਈ ਵਿਚ ਉਲਝੇ ਹੋਏ ਸਨ ਉਦੋਂ ਅਹਿਮਦ ਸ਼ਾਹ ਨੇ ਧੋਖਾ ਦੇ ਕੇ ਅੱਗੇ ਜਾ ਰਹੇ ਵਹੀਰ ‘ਤੇ ਹਮਲਾ ਕਰ ਦਿੱਤਾ ਅਤੇ ਤੇਜ਼ੀ ਨਾਲ ਸਿੱਖ ਬੱਚਿਆਂ ਤੇ ਇਸਤਰੀਆਂ ਨੂੰ ਕਤਲ ਕਰਨ ਲੱਗਿਆ। ਸਰਦਾਰਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਵੀ ਸਿੰਘਾਂ ਨੂੰ ਨਾਲ ਲੈ ਕੇ ਵਹੀਰਾਂ ਦੀ ਰਾਖੀ ਲਈ ਆ ਪਹੁੰਚੇ। ਹੁਣ ਉਹ ਵਹੀਰ ਦੇ ਆਲੇ-ਦੁਆਲੇ ਹੋ ਕੇ ਮਨੁੱਖੀ ਕਿਲ੍ਹੇ ਦੀ ਸ਼ਕਲ ਬਣਾ ਕੇ ਲੜਨ ਲੱਗੇ। ਸ਼ਾਮ ਹੋਣ ਤਕ ਬਹੁਤ ਸਾਰੇ ਸਿੱਖ ਸ਼ਹੀਦ ਹੋ ਚੁੱਕੇ ਸਨ। ਦਸ ਮੀਲ ਦੇ ਘੇਰੇ ਵਿਚ ਲੋਥਾਂ ਹੀ ਲੋਥਾਂ ਪਈਆਂ ਸਨ। ਅਨੇਕਾਂ ਜ਼ਖ਼ਮੀ ਹੋਏ ਪਏ ਸਨ। ਸਿੱਖਾਂ ਦਾ ਇੰਨਾ ਜਾਨੀ ਨੁਕਸਾਨ ਕਿਸੇ ਵੀ ਜੰਗ ਵਿਚ ਨਹੀਂ ਸੀ ਹੋਇਆ ਪਰ ਉਹ ਰੱਬ ਦੇ ਭਾਣੇ ਅਤੇ ਚੜ੍ਹਦੀ ਕਲਾ ਵਿਚ ਸਨ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਉੱਤੇ ੨੦ ਤੋਂ ਵੱਧ ਟੱਕ (ਜ਼ਖ਼ਮ) ਲੱਗੇ ਹੋਏ ਸਨ।
ਰਹਰਾਸਿ ਦੇ ਪਾਠ ਤੋਂ ਬਾਅਦ ਖਾਲਸੇ ਨੇ ਰੋਜ਼ ਦੀ ਤਰ੍ਹਾਂ ਅਰਦਾਸ ਕੀਤੀ ਤੇ ਰੱਬ ਦਾ ਸ਼ੁਕਰ ਕਰਦੇ ਹੋਏ ਕਿਹਾ ਕਿ ਚਾਰ ਪਹਿਰ ਦਿਨ ਆਪ ਦੇ ਭਾਣੇ ਵਿਚ ਬਤੀਤ ਹੋਇਆ ਹੈ ਤੇ ਚਾਰ ਪਹਿਰ ਰਾਤ ਸੁਖਾਂ ਦੀ ਬਤੀਤ ਹੋਵੇ। ਪਰ ਉਹ ਰਾਤ ਕਹਿਰ ਦੀ ਰਾਤ ਸੀ। ਚਾਰ-ਚੁਫੇਰੇ ਦੁਸ਼ਮਣ ਡੇਰੇ ਲਾਈ ਬੈਠੇ ਸਨ। ਸਿੰਘਾਂ ਨੂੰ ਨੀਂਦ ਕਿਵੇਂ ਆ ਸਕਦੀ ਸੀ? ਸਿੰਘਾਂ ਨੇ ਗੁਰਮਤਾ ਕੀਤਾ ਕਿ ਬਚਾਅ ਦਾ ਹੁਣ ਇੱਕੋ ਹੀ ਢੰਗ ਹੈ ਕਿ ਅਬਦਾਲੀ ‘ਤੇ ਇੱਕੋ ਵਾਰ ਤਕੜਾ ਹਮਲਾ ਬੋਲਿਆ ਜਾਵੇ। ਇਹ ਦਲੇਰੀ ਦੀ ਅਸਚਰਜ ਕਰਨ ਵਾਲੀ ਦਾਸਤਾਨ ਸੀ। ਅਹਿਮਦ ਸ਼ਾਹ ਅਬਦਾਲੀ ਆਪਣਾ ਜ਼ੋਰ ਲਾ ਬੈਠਾ ਸੀ ਅਤੇ ਉਸ ਦੀ ਫੌਜ ਲੰਬਾ ਸਫ਼ਰ ਕਰਨ ਕਰਕੇ ਥੱਕੀ ਹੋਈ ਸੀ। ਉਹ ਸਿੰਘਾਂ ਦੇ ਹਮਲੇ ਦੀ ਤਾਬ ਨਾ ਝੱਲਦਾ ਹੋਇਆ ਪਿੱਛੇ ਨੂੰ ਉੱਠ ਨੱਠਿਆ।
ਵੱਡੇ ਘੱਲੂਘਾਰੇ ਵਿਚ ਸਿੱਖਾਂ ਨੇ ਆਪਣੇ ਤੋਂ ਕਈ ਗੁਣਾ ਵੱਧ ਗਿਣਤੀ ਵਿਚ ਦੁਸ਼ਮਣ ਦਾ ਦਲੇਰੀ ਨਾਲ ਮੁਕਾਬਲਾ ਕੀਤਾ। ਆਪਣੇ ਲੱਗਭਗ ਅੱਧੇ ਸਿੱਖ ਮਾਰੇ ਜਾਣ ਦੇ ਬਾਵਜੂਦ ਵੀ ਪਰਬਤ ਵਾਂਗ ਅਡੋਲ ਰਹੇ ਅਤੇ ਦੁਸ਼ਮਣ ਨੂੰ ਭਜਾ ਦਿੱਤਾ।
ਇਸ ਧਰਤੀ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ੧੪੬੯ ਈ. ਵਿਚ ਪ੍ਰਕਾਸ਼ ਧਾਰਿਆ। ਉਸ ਵੇਲੇ ਹਿੰਦੁਸਤਾਨ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਸੀ। ਹਿੰਦੁਸਤਾਨੀ ਦਰਸ਼ਨ ਤੇ ਸੰਸਕ੍ਰਿਤੀ ਪਹਿਲਾਂ ਹੀ ਖਿੰਡੀ-ਪੁੰਡੀ, ਉਲਝਣਾਂ ਭਰੀ ਤੇ ਅਸਪੱਸ਼ਟ ਸੀ। ਇਹ ਕਿਸੇ ਪੂਰਨ ਮਨੁੱਖ ਦੀ ਸਿਰਜਣਾ ਕਰਨ ਤੋਂ ਅਸਮਰੱਥ ਸੀ। ਇਸ ਉੱਪਰ ਇਸਲਾਮ ਦੇ ਅੰਨ੍ਹੇ ਜਨੂੰਨ ਤੇ ਜਬਰ-ਜ਼ੁਲਮ ਦੇ ਰਾਜ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਸੀ। ਉਹ ਧੜਾ-ਧੜ ਇਸਲਾਮ ਨੂੰ ਅਪਣਾ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਅੱਗੇ ਕੋਈ ਵੀ ਰਸਤਾ ਨਹੀਂ ਰਹਿ ਗਿਆ ਸੀ। ਹਿੰਦੁਸਤਾਨ ਦੀ ਧਰਤੀ ‘ਤੇ ਚਾਰੇ ਪਾਸੇ ਪਾਖੰਡ ਅਤੇ ਮਾਰਧਾੜ ਦਾ ਪਾਪ ਵਰਤ ਰਿਹਾ ਸੀ। ਭਾਈ ਗੁਰਦਾਸ ਜੀ ਨੇ ਲਿਖਿਆ ਹੈ:
ਬਹੁ ਵਾਟੀ ਜਗਿ ਚਲੀਆ ਤਬ ਹੀ ਭਏ ਮੁਹੰਮਦਿ ਯਾਰਾ।
ਕਉਮਿ ਬਹਤਰਿ ਸੰਗਿ ਕਰਿ ਬਹੁ ਬਿਧਿ ਵੈਰੁ ਵਿਰੋਧੁ ਪਸਾਰਾ।
ਰੋਜੇ ਈਦ ਨਿਮਾਜਿ ਕਰਿ ਕਰਮੀ ਬੰਦਿ ਕੀਆ ਸੰਸਾਰਾ।
ਪੀਰ ਪੈਕੰਬਰਿ ਅਉਲੀਏ ਗਉਸਿ ਕੁਤਬ ਬਹੁਤ ਭੇਖ ਸਵਾਰਾ।
ਠਾਕੁਰ ਦੁਆਰੇ ਢਾਹਿ ਕੈ ਤਿਹਿ ਠਉੜੀ ਮਾਸੀਤਿ ਉਸਾਰਾ।
ਮਾਰਨਿ ਗਊ ਗਰੀਬ ਨੋ ਧਰਤੀ ਉਪਰਿ ਪਾਪੁ ਬਿਥਾਰਾ।
ਕਾਫਰਿ ਮੁਲਹਦਿ ਇਰਮਨੀ ਰੂਮੀ ਜੰਗੀ ਦੁਸਮਣਿ ਦਾਰਾ।
ਪਾਪੇ ਦਾ ਵਰਤਿਆ ਵਰਤਾਰਾ॥  (ਵਾਰ ੧:੨੦)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਾਸ਼ ਹੋਏ, ਲਿਤਾੜੇ ਅਤੇ ਮੁਰਦਾ ਹੋ ਚੁੱਕੇ ਭਾਰਤੀ ਮਨੁੱਖ ਨੂੰ ਬਾਣੀ ਦਾ ਅੰਮ੍ਰਿਤ ਪਿਲਾ ਕੇ ਉਸ ਵਿਚ ਨਵੀਂ ਰੂਹ ਭਰ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਹੁਲ ਦੇ ਕੇ ਉਸ ਨੂੰ ਫੌਲਾਦ ਵਰਗਾ ਮਜ਼ਬੂਤ, ਨਿਰਭੈ ਤੇ ਸੰਪੂਰਨ ਮਨੁੱਖ ਖਾਲਸੇ ਦਾ ਰੂਪ ਦੇ ਦਿੱਤਾ। ਗੁਰੂ ਸਾਹਿਬਾਨ, ਸਾਹਿਬਜ਼ਾਦੇ ਤੇ ਹੋਰ ਸਿੰਘਾਂ ਦੀਆਂ ਸ਼ਹੀਦੀਆਂ ਨੇ ਸਿੱਖਾਂ ਵਿਚ ਸਦਾ ਚੜ੍ਹਦੀ ਕਲਾ ਵਿਚ ਰਹਿਣ ਤੇ ਜੂਝ ਮਰਨ ਦੀ ਭਾਵਨਾ ਭਰ ਦਿੱਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਅਤੇ ਜਿੱਤਾਂ ਨੇ ਉਨ੍ਹਾਂ ਵਿਚ ਸੁਤੰਤਰ ਰਾਜ ਸਥਾਪਿਤ ਕਰਨ ਦਾ ਸੰਕਲਪ ਦ੍ਰਿੜ੍ਹ ਕਰ ਦਿੱਤਾ ਸੀ। ਇਸੇ ਬੀਰਤਾ ਦੇ ਪਿਛੋਕੜ ਕਾਰਨ ਖਾਲਸੇ ਨੇ ਵੱਡੇ ਘੱਲੂਘਾਰੇ ਵਿਚ ਲੋਹੇ ਦੀ ਦੀਵਾਰ ਬਣ ਕੇ ਅਬਦਾਲੀ ਦੇ ਹਮਲੇ ਨੂੰ ਨਾਕਾਮਯਾਬ ਕਰ ਦਿੱਤਾ ਸੀ।
ਉਨ੍ਹਾਂ ਨੇ ਅਬਦਾਲੀ ਦੇ ਜਾਣ ਪਿੱਛੋਂ ਉਸ ਦੀ ਸਹਾਇਤਾ ਕਰਨ ਵਾਲਿਆਂ ਨੂੰ ਵੀ ਸੋਧਿਆ। ਮਲੇਰਕੋਟਲੇ ਦੇ ਭੀਖਨ ਖਾਨ ਅਤੇ ਰਾਇਕੋਟ ਦੇ ਦੀਵਾਨ ਲਛਮੀ ਸਹਾਇ ਨੂੰ ਕਤਲ ਕਰ ਦਿੱਤਾ ਗਿਆ। ਅਬਦਾਲੀ ਦੇ ਥਾਪੇ ਹੋਏ ਸਰਹਿੰਦ ਦੇ ਨਵਾਬ ਜੈਨ ਖਾਂ ਨੂੰ ਮਾਰ ਕੇ ਸਰਹਿੰਦ ਫ਼ਤਿਹ ਕੀਤੀ। ੧੭੬੬ ਈ. ਵਿਚ ਅਬਦਾਲੀ ਦੇ ਹਮਲੇ ਸਮੇਂ ਕੋਈ ਮੁਗ਼ਲ ਹਾਕਮ ਸਿੰਘਾਂ ਤੋਂ ਡਰਦਾ ਨਵਾਬੀ ਲੈਣ ਲਈ ਤਿਆਰ ਨਾ ਹੋਇਆ ਤਾਂ ਉਸ ਨੇ ਬਾਬਾ ਆਲਾ ਸਿੰਘ ਨੂੰ ਸਰਹਿੰਦ ਦਾ ਨਵਾਬ ਮੰਨ ਲਿਆ। ਅਬਦਾਲੀ ਨੇ ਸਿੰਘਾਂ ਨੂੰ ਜਾਗੀਰਾਂ ਦੀ ਪੇਸ਼ਕਸ਼ ਕੀਤੀ ਪਰ ਸਿੰਘਾਂ ਨੇ ਠੁਕਰਾ ਦਿੱਤੀ। ਉਨ੍ਹਾਂ ਨੇ ਵਾਪਸ ਪਰਤ ਰਹੇ ਅਹਿਮਦ ਸ਼ਾਹ ਅਬਦਾਲੀ ‘ਤੇ ਹਮਲਾ ਕਰ ਕੇ ਉਸ ਦੀ ਫੌਜ ਦਾ ਬੁਰਾ ਹਾਲ ਕੀਤਾ। ਪਹਿਲਾਂ ਅੱਠ ਦਿਨ ਗੋਇੰਦਵਾਲ ਦੇ ਪੱਤਣ ‘ਤੇ ਲੜਾਈ ਹੋਈ। ਫੇਰ ਡੱਲੇ ਪਿੰਡ ਕੋਲ ਰਾਵੀ ਦਰਿਆ ਪਾਰ ਕਰਦੇ ਅਬਦਾਲੀ ਨੂੰ ਜਾ ਘੇਰਿਆ। ਅਨੇਕਾਂ ਸਰਦਾਰਾਂ ਸਮੇਤ ੮੦੦੦ ਦੁਰਾਨੀ ਦਰਿਆ ਦੀ ਭੇਟ ਕਰ ਦਿੱਤੇ। ਇਸ ਤੋਂ ਅੱਗੇ ਜਿਹਲਮ ਦਰਿਆ ਪਾਰ ਕਰਨ ਵੇਲੇ ਸਿੰਘਾਂ ਨੇ ਫੇਰ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਅਬਦਾਲੀ ਦਾ ਤੋਪਖਾਨਾ ਤੇ ਕੀਮਤੀ ਸਾਮਾਨ ਦਰਿਆ ਵਿਚ ਗਰਕ ਹੋ ਗਿਆ। ਸਿੰਘਾਂ ਨੇ ਵੱਡੇ ਘੱਲੂਘਾਰੇ ਦਾ ਪੂਰਾ ਬਦਲਾ ਲੈ ਲਿਆ ਸੀ। ਅਹਿਮਦਸ਼ਾਹ ਅਬਦਾਲੀ ਇੰਨਾ ਦੁਖੀ ਹੋ ਕੇ ਹਿੰਦੁਸਤਾਨ ਤੋਂ ਗਿਆ ਕਿ ਮੁੜ ਹਮਲਾ ਕਰ ਸਕਣ ਦਾ ਉਸ ਦਾ ਕਦੇ ਹੌਸਲਾ ਨਾ ਪਿਆ। ਇਸ ਤਰ੍ਹਾਂ ਸਿੱਖ ਵੱਡੇ ਘੱਲੂਘਾਰੇ ਤੋਂ ਬਾਅਦ ਦਬਕ ਕੇ ਨਹੀਂ ਬੈਠੇ। ਉਨ੍ਹਾਂ ਨੇ ਹੋਰ ਵਧੇਰੇ ਜ਼ੋਰ ਨਾਲ ਅਬਦਾਲੀ ‘ਤੇ ਹਮਲੇ ਕੀਤੇ ਅਤੇ ਜਮਨਾ ਤਕ ਆਪਣਾ ਅਧਿਕਾਰ ਜਮਾਉਣਾ ਸ਼ੁਰੂ ਕਰ ਦਿੱਤਾ ਸੀ। ਇਹ ਅਧਿਕਾਰ ਸਿਰਫ ਕਿਸੇ ਹਾਲਾਤ ਕਾਰਨ ਉਨ੍ਹਾਂ ਦੀ ਝੋਲੀ ਵਿਚ ਨਹੀਂ ਆ ਪਿਆ ਸੀ। ਇਹ ਉਨ੍ਹਾਂ ਨੇ ੬ ਦਹਾਕਿਆਂ ਦੇ ਖੂਨੀ ਸੰਘਰਸ਼ ਅਤੇ ਵੱਡੇ ਘੱਲੂਘਾਰੇ ਵਰਗੀਆਂ ਕੁਰਬਾਨੀਆਂ ਦੇ ਕੇ ਹਾਸਲ ਕੀਤਾ ਸੀ।