ਖਾਲਸਾ ਮੇਰੋ ਰੂਪ ਹੈ ਖਾਸ…

-ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਖਾਲਸਾ ਪੰਥ ਦੀ ਸਾਜਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ ੧੭੫੬ (੧੬੯੯ ਈ:) ਵਿਚ ਵੈਸਾਖੀ ਵਾਲੇ ਦਿਨ ਕੀਤੀ। ਵੈਸਾਖੀ ਦਾ ਤਿਉਹਾਰ ਭਾਰਤ ਦਾ ਇਕ ਸਮਾਜਿਕ ਤਿਉਹਾਰ ਹੈ ਜੋ ਪੁਰਾਤਨ ਸਮੇਂ ਤੋਂ ਸਾਰੇ ਭਾਰਤ ਵਿਚ ਮਨਾਇਆ ਜਾਂਦਾ ਰਿਹਾ ਹੈ। ਇਸ ਵੇਲੇ ਤਕ ਹਾੜੀ ਦੀ ਫ਼ਸਲ ਪੱਕ ਕੇ ਤਿਆਰ ਹੋ ਗਈ ਹੁੰਦੀ ਹੈ। ਇਸ ਦਿਨ ਸਾਰੇ ਲੋਕ ਬਿਨਾਂ ਕਿਸੇ ਭੇਦ ਭਾਵ ਦੇ ਨਵੀਆਂ ਆਸਾਂ ਤੇ ਉਮੀਦਾਂ ਲੈ ਕੇ ਮੇਲਿਆਂ ਵਿਚ ਖੁਸ਼ੀ ਨਾਲ ਸ਼ਰੀਕ ਹੁੰਦੇ ਹਨ। ਮਨੁੱਖਤਾ ਨੂੰ ਖਾਲਸੇ ਦੀ ਵਡਮੁੱਲੀ ਦਾਤ ਦੇਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਨੂੰ ਚੁਣਿਆ ਕਿਉਂਕਿ ਖਾਲਸੇ ਦਾ ਸੰਕਲਪ ਮਨੁੱਖਤਾ ਨੂੰ ਦੁੱਖਾਂ ਤੋਂ ਨਜਾਤ ਦਿਵਾਉਣ ਲਈ ਅਤੇ ਉਸ ਦੇ ਸਰਬ ਪੱਖੀ ਵਿਕਾਸ ਲਈ ਇਕ ਅਗੰਮੀ ਵਰਦਾਨ ਸੀ। ਇਕ ਨਵੇਂ ਸਜਰੇ ਜੀਵਨ ਦੀ ਸ਼ੁਰੂਆਤ ਸੀ। ਵੈਸਾਖ ਮਹੀਨੇ ਨੂੰ ਗੁਰਬਾਣੀ ਵਿਚ ‘ਭਲਾ’ ਕਿਹਾ ਗਿਆ ਹੈ; ‘ਵੈਸਾਖੁ ਭਲਾ ਸਾਖਾ ਵੇਸ ਕਰੇ॥’ (ਪੰਨਾ ੧੧੦੮)
ਖਾਲਸੇ ਦੀ ਸਾਜਨਾ ਦੀ ਪ੍ਰਕਿਰਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਹੀ ਅਰੰਭ ਹੋ ਗਈ ਸੀ। ਲਗਾਤਾਰ ਸੈਂਕੜੇ ਸਾਲ ੧੦ ਗੁਰੂ ਸਾਹਿਬਾਨ ਦੀ ਸਰਪ੍ਰਸਤੀ ਵਿਚ ਇਸ ਦਾ ਵਿਕਾਸ ਹੁੰਦਾ ਰਿਹਾ। ਦਸ ਗੁਰੂ ਸਾਹਿਬਾਨ ਵਿਚ ਇੱਕੋ ਹੀ ਗੁਰੂ ਜੋਤ ਵਰਤਦੀ ਸੀ। ਉਨਾਂ ਦੀ ਬਾਣੀ ਦਾ ਭਾਵ, ਉਦੇਸ਼ ਤੇ ਵਿਚਾਰਧਾਰਾ ਇੱਕ ਹੀ ਸੀ:
– ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥  (ਪੰਨਾ ੯੬੬)
– ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥   (ਪੰਨਾ ੬੪੬)
ਇਸ ਅਨਮੋਲ ਗੁਰਮਤਿ ਵਿਚਾਰਧਾਰਾ ਦੀ ਸਿਖਰ ਸੀ ‘ਖਾਲਸੇ ਦੀ ਸਾਜਨਾ’। ਖਾਲਸਾ ਇੱਕ ਆਦਰਸ਼ ਪੁਰਖ ਹੈ। ਇਸ ਨੂੰ ਗੁਰਬਾਣੀ ਵਿਚ ਸਚਿਆਰ, ਗੁਰਮੁਖ, ਬ੍ਰਹਮ ਗਿਆਨੀ ਕਿਹਾ ਗਿਆ ਹੈ। ਖਾਲਸਾ ਇਕ ਸਰਵ ਪੱਖੀ, ਸਰਬ ਪ੍ਰਕਾਰ ਦੇ ਸਦ ਗੁਣਾਂ ਨਾਲ ਭਰਪੂਰ, ਆਤਮ ਵਿਸ਼ਵਾਸ, ਸਵੈ ਨਿਰਭਰ ਤੇ ਸੰਪੂਰਨ ਮਨੁੱਖ ਹੈ। ਖਾਲਸਾ ਸੰਤ ਵੀ ਹੈ ਸਿਪਾਹੀ ਵੀ, ਖਾਲਸਾ ਗੁਰੂ ਵੀ ਹੈ ਤੇ ਸਿੱਖ ਵੀ, ਖਾਲਸਾ ਗ੍ਰਿਹਸਤੀ ਵੀ ਹੈ ਤੇ ਯੋਗੀ ਵੀ, ਖਾਲਸਾ ਭਗਤ ਵੀ ਹੈ, ਸੂਰਬੀਰ ਵੀ ਹੈ ਤੇ ਦਾਤਾਰ ਵੀ ਹੈ, ਖਾਲਸਾ ਦ੍ਰਿੜ੍ਹ ਵੀ ਹੈ ਤੇ ਨਿਮਰ ਵੀ ਹੈ, ਖਾਲਸਾ ਨਿਰਭੈ ਵੀ ਹੈ ਤੇ ਨਿਰਵੈਰ ਵੀ ਹੈ। ਖਾਲਸਾ ਹਰ ਪ੍ਰਕਾਰ ਦੇ ਗਿਆਨ ਦਾ, ਸ਼ਕਤੀਆਂ ਦਾ ਭੰਡਾਰ ਹੈ ਇਸ ਲਈ ਨਿਰੰਜਨ ਰੂਪ ਹੈ। ਇਹ ਇਕ ਅਜਿਹੀ ਸ਼ਖ਼ਸੀਅਤ ਹੈ ਜਿਸ ਬਾਰੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਫੁਰਮਾਇਆ ਹੈ:
ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥  (ਪੰਨਾ ੪੬੯)
ਖਾਲਸਾ ਸਿੱਧਾ ਪਰਮਾਤਮਾ ਨਾਲ ਸੰਬੰਧਿਤ ਹੈ। ਹਰਿ ਤੋਂ ਬਿਨਾਂ ਉਹ ਕਿਸੇ ਦੇ ਅਧੀਨ ਨਹੀਂ ਕਿਸੇ ਦਾ ਮੁਹਤਾਜ ਨਹੀਂ। ਉਹ ਸ਼ਬਦ ਦੀ ਨਿਰੰਜਨੀ ਜੋਤ ਦਾ ਪੂਜਕ ਹੈ। ਖਾਲਸਾ ਅਕਾਲ ਪੁਰਖ ਦੇ ਹੁਕਮ ਵਿਚ ਹੈ ਇਸ ਲਈ ਇਸ ਨੂੰ ਧੁਰੋਂ ਸਰਦਾਰੀ ਪ੍ਰਾਪਤ ਹੈ। ਖਾਲਸਾ ਕਿਸੇ ਪ੍ਰਕਾਰ ਦੇ ਕਰਮ ਕਾਂਡ ਵਹਿਮ ਭਰਮ ਨੂੰ ਨਹੀਂ ਮੰਨਦਾ। ਜਿਸ ਦੇ ਹਿਰਦੇ ਅੰਦਰ ਪਰਮਾਤਮਾ ਦਾ ਪ੍ਰਤੱਖ ਗਿਆਨ ਜਗਮਗਾਉਂਦਾ ਹੈ ਅਤੇ ਜਿਸ ਦੇ ਮਨ ਵਿੱਚੋਂ ਅਗਿਆਨਤਾ ਦਾ ਭਰਮ ਮਿਟ ਜਾਂਦਾ ਹੈ, ਉਹ ਹੀ ਅਸਲ ਵਿਚ ਖਾਲਸਾ ਹੈ। ਗੁਰੂ ਜੀ ਨੇ ਖਾਲਸੇ ਦਾ ਸਿਰਫ ਆਦਰਸ਼ ਹੀ ਨਹੀਂ ਪੇਸ਼ ਕੀਤਾ ਸਗੋਂ ਅਮਲੀ ਰੂਪ ਵਿਚ ਖਾਲਸਾ ਬਣ ਕੇ ਵੀ ਮਿਸਾਲ ਪੇਸ਼ ਕੀਤੀ ਹੈ।
– ਖਾਲਸ ਖਾਸ ਕਹਾਵੈ ਸੋਈ, ਜਾ ਕੈ ਹਿਰਦੈ ਭਰਮ ਨ ਹੋਈ।
ਭਰਮ ਭੇਖ ਤੇ ਰਹੈ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। (ਸ੍ਰੀ ਗੁਰ ਸੋਭਾ)
– ਜਾਗਤਿ ਜੋਤਿ ਜਪੈ ਨਿਸਿ ਬਾਸੁਰ ਏਕੁ ਬਿਨਾ ਮਨਿ ਨੈਕ ਨ ਮਾਨੈ।
ਪੂਰਨ ਪ੍ਰੇਮ ਪ੍ਰਤੀਤਿ ਸਜੈ ਬ੍ਰਤ ਗੋਰ ਮੜ੍ਹੀ ਮਠ ਭੂਲ ਨਾ ਮਾਨੈ।
ਤੀਰਥ ਦਾਨ ਦਯਾ ਤਪ ਸੰਜਮ ਏਕੁ ਬਿਨਾਂ ਨਹਿ ਏਕ ਪਛਾਨੈ।
ਪੂਰਨ ਜੋਤਿ ਜਗੈ ਘਟ ਮੈ ਤਬ ਖਾਲਸ ਤਾਹਿਂ ਨਖਾਲਿਸ ਜਾਨੈ। (ਤੇਤੀ ਸਵੱਯੇ)
ਵੈਸਾਖੀ ਦੇ ਦਿਹਾੜੇ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਾਜਨਾ ਕੀਤੀ। ਇਸੇ ਪਵਿੱਤਰ ਅਸਥਾਨ ਤੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਸਿੱਖੀ ਧਾਰਨ ਲਈ ਸਿਰ ਦੇਣ ਦੀ ਸ਼ਰਤ ਰੱਖੀ ਸੀ, ਉਸੇ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗੁਰੂ ਜੀ ਨੇ ਭਰੇ ਦੀਵਾਨ ਵਿਚ ਸਿੱਖਾਂ ਕੋਲੋਂ ਸੀਸ ਦੀ ਮੰਗ ਕੀਤੀ। ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦੀਵਾਨ ਵਿੱਚੋਂ ਪੰਜ ਸਿੰਘ ਆਪਣਾ ਸੀਸ ਗੁਰੂ ਚਰਨਾਂ ਵਿਚ ਭੇਟ ਕਰਨ ਲਈ ਉੱਠੇ। ਇਹ ਸਿੱਖ ਸਨ, ਭਾਈ ਦਇਆ ਰਾਮ, ਭਾਈ ਧਰਮ ਦਾਸ, ਭਾਈ ਹਿੰਮਤ ਚੰਦ, ਭਾਈ ਮੁਹਕਮ ਚੰਦ ਤੇ ਭਾਈ ਸਾਹਿਬ ਚੰਦ। ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਨਵੇਂ ਬਸਤਰ ਤੇ ਸ਼ਸਤਰ ਪਹਿਨਾਏ। ਖੰਡੇ ਬਾਟੇ ਦੀ ਪਾਹੁਲ ਹੱਥੀਂ ਤਿਆਰ ਕਰ ਕੇ ਉਨ੍ਹਾਂ ਨੂੰ ਛਕਾਈ ਅਤੇ ਆਪਣੇ ਪਿਆਰਿਆਂ ਦੀ ਪਦਵੀ ਦਿੱਤੀ। ਇਨ੍ਹਾਂ ਸਭਨਾਂ ਦੇ ਨਾਵਾਂ ਨਾਲ ਸਿੰਘ ਪਦ ਲਾਇਆ ਗਿਆ। ਇਨ੍ਹਾਂ ਦੇ ਨਵੇਂ ਨਾਂ ਰੱਖੇ ਗਏ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੁਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ। ਇਨ੍ਹਾਂ ਦਾ ਪੁਰਾਣਾ ਕੁਲ ਵਰਣ ਨਾਸ ਕਰ ਕੇ ਖਾਲਸੇ ਦਾ ਰੂਪ ਬਖ਼ਸ਼ਿਆ। ਫਿਰ ਇਨ੍ਹਾਂ ਤੋਂ ਆਪ ਖੰਡੇ ਦੀ ਪਾਹੁਲ ਛਕ ਕੇ ਗੁਰੂ ਚੇਲੇ ਦਾ ਫਰਕ ਮਿਟਾ ਦਿਤਾ। ਭਾਈ ਗੁਰਦਾਸ ਜੀ ਨੇ ਲਿਖਿਆ; ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ। (ਵਾਰ ੪੧:੧)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਸਿੰਘਾਂ ਨੂੰ ਗੁਰੂ ਦੀ ਇਕ ਸੰਸਥਾ ਦਾ ਰੂਪ ਦੇ ਦਿੱਤਾ ਤਾਂ ਜੋ ਗੁਰਮਤਿ ਦਾ ਪ੍ਰਚਾਰ ਨਿਰੰਤਰ, ਸਰਵਕਾਲ ਤੇ ਸਰਵ ਵਿਆਪਕ ਕੀਤਾ ਜਾ ਸਕੇ। ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਪੰਜ ਰਹਿਤਵਾਨ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿ ਕੇ ਅੰਮ੍ਰਿਤ ਸੰਚਾਰ ਕਰਨ ਦਾ ਅਧਿਕਾਰ ਦੇ ਦਿੱਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਸਾਹਿਬ ਵਿਚ ਵੀ ਪੰਚਾਂ ਭਾਵ ਗੁਰਮੁਖਾਂ ਨੂੰ ਸ੍ਰੇਸ਼ਟ ਤੇ ਆਦਰਯੋਗ ਆਖਿਆ ਗਿਆ ਹੈ:
ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥
ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ॥ (ਪੰਨਾ ੩)
ਇਹ ਪੰਚ ਜਾਂ ਬ੍ਰਹਮ ਗਿਆਨੀ ਸਿੱਖ ਖਾਲਸੇ ਦੀ ਰਹਿਣੀ ਬਹਿਣੀ ਵਿਚ ਪੂਰਨ ਹੋਣੇ ਚਾਹੀਦੇ ਹਨ। ਇਨ੍ਹਾਂ ਦੀ ਰਹਿਤ ਮਰਯਾਦਾ ਨਿਸ਼ਚਿਤ ਹੈ ਜੋ ਕਿਸੇ ਵੀ ਸੂਰਤ ਵਿਚ ਭੰਗ ਨਹੀਂ ਹੋਣੀ ਚਾਹੀਦੀ। ਖਾਲਸਾ ‘ਸਾਬਤ ਸੂਰਤ ਦਸਤਾਰ ਸਿਰਾ’ ਦੇ ਆਦਰਸ਼ ਅਨੁਸਾਰ ਹੋਣਾ ਚਾਹੀਦਾ ਹੈ। ਇਸ ਲਈ ਪੰਜ ਕਕਾਰ-ਕਛਹਿਰਾ, ਕੇਸ, ਕਿਰਪਾਨ, ਕੰਘਾ ਤੇ ਕੜਾ ਦਾ ਧਾਰਨ ਕਰਨਾ ਜ਼ਰੂਰੀ ਹੈ ਅਤੇ ਚਾਰ ਕੁਰਹਿਤਾਂ ਇਸ ਲਈ ਮਨ੍ਹਾਂ ਹਨ-ਤਮਾਕੂ, ਕੁੱਠਾ, ਪਰ ਇਸਤਰੀ ਦਾ ਗਮਨ ਤੇ ਰੋਮਾਂ ਦੀ ਬੇਅਦਬੀ। ਇਸ ਤੋਂ ਇਲਾਵਾ ਖਾਲਸੇ ਲਈ ਬਾਣੀ ਤੇ ਬਾਣਾ ਦੋਵੇਂ ਇੱਕੋ ਜਿਹੇ ਜ਼ਰੂਰੀ ਹਨ।
ਖਾਲਸੇ ਦਾ ਉਦੇਸ਼ ਸਿਰਫ ਆਪਣੇ ਲਈ ਜਿਊਂਣਾ ਨਹੀਂ ਹੈ। ਇਹ ਇਕ ਮਹਾਨ ਪਰਉਪਕਾਰੀ ਯੋਧਾ ਵੀ ਹੈ। ਇਸ ਨੇ ਧਰਤੀ ‘ਤੇ ਮਜ਼ਲੂਮਾਂ ਦੀ ਸਹਾਇਤਾ ਕਰਨੀ ਹੈ ਤੇ ਜ਼ਾਲਮਾਂ ਦਾ ਵਿਰੋਧ ਕਰਨਾ ਹੈ। ਖਾਲਸੇ ਨੇ ਅਜਿਹਾ ਹੀ ਕੀਤਾ। ਚੱਪੜ ਚਿੜੀ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਥੀ ਸਿੱਖ ਯੋਧਿਆਂ ਨੇ ਹਾਥੀ ਘੋੜਿਆਂ ਦੀ ਸੈਨਾ ਨੂੰ ਮਿੱਟੀ ਵਿਚ ਰੋਲ ਦਿੱਤਾ ਅਤੇ ੧੨ ਮਈ ੧੭੧੦ ਈ: ਨੂੰ ਸਰਹਿੰਦ ਦੀ ਧਰਤੀ ‘ਤੇ ਸਿੱਖ ਰਾਜ ਦਾ ਖਾਲਸਾਈ ਪਰਚਮ ਲਹਿਰਾ ਦਿੱਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਮਹਾਰਾਜਾ ਰਣਜੀਤ ਸਿੰਘ ਅਤੇ ਅਕਾਲੀ ਫੂਲਾ ਸਿੰਘ ਵਰਗੇ ਯੋਧੇ ਖਾਲਸਾ ਪੰਥ ਵਿਚ ਪੈਦਾ ਹੋਏ ਜਿਨ੍ਹਾਂ ਨੇ ਬਦੇਸ਼ੀ ਜਰਵਾਣਿਆਂ ਨੂੰ ਬਾਹਰ ਧਕੇਲ ਦਿੱਤਾ। ਸਰਦਾਰ ਹਰੀ ਸਿੰਘ ਨਲੂਆ ਵਰਗੇ ਜਰਨੈਲ ਹੋਏ ਜਿਨ੍ਹਾਂ ਤੋਂ ਖੂੰਖਾਰ ਪਠਾਣ ਵੀ ਭੈਅ ਖਾਂਦੇ ਸਨ। ਉਸ ਇਲਾਕੇ ਦੀਆਂ ਇਸਤਰੀਆਂ ਅਜੇ ਵੀ ਆਪਣੇ ਬੱਚਿਆਂ ਨੂੰ ‘ਹਰੀਆ ਰਾਗਲੇ’ ਕਹਿ ਕੇ ਰੋਣ ਤੋਂ ਚੁੱਪ ਕਰਾਉਂਦੀਆਂ ਹਨ। ਉਨ੍ਹਾਂ ਅੰਦਰ ਇਹ ਗੁਰਮਤਿ ਦੀ ਹੀ ਤਾਕਤ ਸੀ। ਖਾਲਸੇ ਨੇ ਅਨੇਕਾਂ ਬੇਮਿਸਾਲ ਜੰਗਾਂ ਲੜੀਆਂ ਪਰ ਉਨ੍ਹਾਂ ਨੂੰ ਸਿੱਖ ਇਤਿਹਾਸ ਦਾ ਅੰਗ ਹੋਣ ਕਰਕੇ ਦੂਜੀਆਂ ਕੌਮਾਂ ਨੇ ਪੂਰੀ ਤਰ੍ਹਾਂ ਨਹੀਂ ਜਾਣਿਆ। ਇਸ ਦੇ ਮੁਕਾਬਲੇ ਤੇ ਅੰਗਰੇਜ਼ ਰਾਜ ਸਮੇਂ ਸਾਰਾਗੜ੍ਹੀ ਦੇ ਸਾਕੇ ਨੂੰ ਅੰਗਰੇਜ਼ ਅਫ਼ਸਰਾਂ ਨੇ ਅੱਖੀਂ ਵੇਖਿਆ ਅਤੇ ਵਾਇਰਲੈੱਸ ਤੇ ਕੰਨੀਂ ਸੁਣਿਆ ਸੀ। ਬਰਤਾਨੀਆਂ ਦੀ ਸਰਕਾਰ ਨੇ ਖਾਲਸੇ ਦੀ ਇਸ ਬੀਰਤਾ, ਕੁਰਬਾਨੀ ਤੇ ਨਿਰਭੈਤਾ ਦੀ ਆਪਣੀ ਪਾਰਲੀਮੈਂਟ ਵਿਚ ਸ਼ਲਾਘਾ ਕੀਤੀ।
ਖਾਲਸੇ ਦੀ ਉਪਮਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਹੁਤ ਕੁਝ ਕਿਹਾ ਹੈ। ਖਾਲਸੇ ਨੂੰ ਆਪਣਾ ਰੂਪ, ਆਪਣਾ ਇਸ਼ਟ, ਆਪਣਾ ਪਿੰਡ ਪਰਾਨ ਤੇ ਸਤਿਗੁਰੂ ਪੂਰਾ ਆਖ ਕੇ ਖਾਲਸੇ ਦੀ ਉਪਮਾ ਵਰਣਨ ਤੋਂ ਬਾਹਰ ਦੱਸੀ ਹੈ। ਅਖੀਰ  ਵਿਚ ਇਹ ਵੀ ਕਿਹਾ ਹੈ ਕਿ ਇਸ ਦੇ ਵਿਚ ਕੋਈ ਅਤਿਕਥਨੀ ਨਹੀਂ ਹੈ ਕਿ ਮੈਂ ਇਹ ਪਾਰਬ੍ਰਹਮ ਤੇ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਸਾਖੀ ਰੱਖ ਕੇ ਕਹਿ ਰਿਹਾ ਹਾਂ:
ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮਹਿ ਹੌ ਕਰੌ ਨਿਵਾਸ।
ਖਾਲਸਾ ਮੇਰੋ ਇਸ਼ਟ ਸੁਹਿਰਦ। ਖਾਲਸਾ ਮੇਰੋ ਕਹੀਅਤਿ ਬਿਰਦ।
ਖਾਲਸਾ ਮੇਰੋ ਪਿੰਡ ਪਰਾਨ। ਖਾਲਸਾ ਮੇਰੀ ਜਾਨ ਕੀ ਜਾਨ।
ਖਾਲਸਾ ਮੇਰੋ ਸਤਿਗੁਰ ਪੂਰਾ। ਖਾਲਸਾ ਮੇਰੋ ਸਜਨ ਸੂਰਾ।
ਸੇਸ ਰਸਨ ਸਾਰਦ ਸੀ ਬੁਧ। ਤਦਪ ਨ ਉਪਮਾ ਬਰਨਤ ਸੁਧ।
ਯਾ ਮੈ ਰੰਚ ਨ ਮਿਥਿਆ ਭਾਖੀ। ਪਾਰਬ੍ਰਹਮ ਗੁਰ ਨਾਨਕ ਸਾਖੀ। (ਸਰਬ ਲੋਹ ਗ੍ਰੰਥ)
ਖਾਲਸਾ ਗੁਰੂ ਦਾ ਪੈਰੋਕਾਰ ਹੀ ਨਹੀਂ ਸਗੋਂ ਗੁਰੂ ਘਰ ਦਾ ਅਸਲੀ ਵਾਰਿਸ ਵੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਵਿਚ ਖਾਲਸੇ ਦਾ ਦਰਜਾ ਬਹੁਤ ਉੱਚਾ ਸੀ। ਇਸ ਦੇ ਉਦੇਸ਼ ਬਾਰੇ ਗੁਰੂ ਸਾਹਿਬ ਨੇ ਫੁਰਮਾਇਆ ਹੈ:
ਯਾਹੀ ਕਾਜ ਧਰਾ ਹਮ ਜਨਮੰ। ਸਮਝ ਲੇਹੁ ਸਾਧੂ ਸਭ ਮਨਮੰ।
ਧਰਮ ਚਲਾਵਨ ਸੰਤ ਉਬਾਰਨ। ਦੁਸਟ ਸਭਨੁ ਕੋ ਮੂਲ ਉਪਾਰਿਨ।
(ਬਚਿੱਤ੍ਰ ਨਾਟਕ)
ਵੱਖਰੀ ਪਛਾਣ ਕਿਸੇ ਵੀ ਧਰਮ ਦੀ ਹੋਂਦ ਲਈ ਬਹੁਤ ਜ਼ਰੂਰੀ ਪੱਖ ਹੁੰਦਾ ਹੈ। ਖਾਲਸੇ ਦੇ ਮਹਾਨ ਉਦੇਸ਼ ਨੂੰ ਮੁੱਖ ਰੱਖ ਕੇ ਇਸ ਨੂੰ ਸਾਰੇ ਜਗਤ ਤੋਂ ਨਿਰਾਲਾ ਰੂਪ ਦਿੱਤਾ ਗਿਆ ਹੈ। ਖਾਲਸੇ ਦਾ ਸਰੂਪ, ਸਿਧਾਂਤ, ਕਾਰਜ ਤੇ ਨਿਸ਼ਾਨਾ ਵਿਲੱਖਣ, ਵਿਸ਼ੇਸ਼ ਅਤੇ ਨਿਆਰਾ ਹੈ। ਇਸ ਦੇ ਨਿਆਰੇ ਰਹਿਣ ਵਿਚ ਹੀ ਪਰਮਾਤਮਾ ਦੀਆਂ ਸਭ ਬਰਕਤਾਂ ਤੇ ਸ਼ਕਤੀਆਂ ਹਨ।
ਚੜ੍ਹਦੀ ਕਲਾ ਦਾ ਗੁਣ ਖਾਲਸੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਇਤਿਹਾਸ ਗਵਾਹ ਹੈ ਕਿ ਬਹੁਤ ਸੰਕਟ ਦੇ ਸਮੇਂ ਵੀ ਸਿੱਖਾਂ ਨੇ ਕਦੀ ਹੌਂਸਲਾ ਨਹੀਂ ਛੱਡਿਆ। ਚਮਕੌਰ ਦੀ ਗੜ੍ਹੀ, ਖਿਦਰਾਣੇ ਦੀ ਢਾਬ ਤੇ ਬਹੁਤ ਅਸਾਵੀਂਆਂ ਲੜਾਈਆਂ ਵਿਚ ਘੱਟ ਗਿਣਤੀ ਵਿਚ ਹੁੰਦਿਆਂ ਵੀ ਬੀਰਤਾ ਨਾਲ ਕਈ ਗੁਣਾਂ ਵੱਧ ਦੁਸ਼ਮਣ ਦਾ ਮੁਕਾਬਲਾ ਕੀਤਾ।ਛੋਟੇ ਘੱਲੂਘਾਰੇ ਅਤੇ ਵੱਡੇ ਘੱਲੂਘਾਰੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਇਸ ਦੇ ਬਾਵਜੂਦ ਉਨ੍ਹਾਂ ਦੇ ਸੰਘਰਸ਼ ਵਿਚ ਕੋਈ ਢਿੱਲ ਨਹੀਂ ਆਈ। ਉਨ੍ਹਾਂ ਨੇ ਅੱਗੇ ਤੋਂ ਵੀ ਵੱਧ ਸ਼ਕਤੀ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ ਤੇ ਫਤਿਹ ਹਾਸਿਲ ਕੀਤੀ। ਇਸ ਤਰ੍ਹਾਂ ਅਤੀ ਔਖੇ ਹਾਲਾਤ ਵਿਚ ਵੀ ਚੜ੍ਹਦੀ ਕਲਾ ਵਿਚ ਰਹਿੰਦਿਆਂ ਸਾਹਮਣਾ ਕਰਨ ਦੀ ਦਾਤ ਸਿਰਫ ਤੇ ਸਿਰਫ ਖਾਲਸੇ ਨੂੰ ਹੀ ਪ੍ਰਾਪਤ ਹੈ।
ਖਾਲਸਾ ਆਚਾਰ, ਵਿਹਾਰ, ਸਦਾਚਾਰ, ਸੀਲ-ਸੰਜਮ, ਤਿਆਗ, ਕੁਰਬਾਨੀ, ਭਗਤੀ, ਸ਼ਕਤੀ, ਚੜ੍ਹਦੀ ਕਲਾ ਦੇ ਸਦਗੁਣਾਂ ਨਾਲ ਭਰਪੂਰ ਹੈ। ਖਾਲਸੇ ਦੀ ਉਤਪਤੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਗੁਰੂ ਸਾਹਿਬਾਨ ਤੇ ਹੋਰ ਭਗਤਾਂ ਦੀ ਬਾਣੀ, ਗੁਰੂ ਸਾਹਿਬਾਂ ਦੇ ਉੱਚੇ ਸੁੱਚੇ ਕਰਨੀ ਵਾਲੇ ਜੀਵਨ, ਉਨ੍ਹਾਂ ਦੀ ਲੰਮੀ ਘਾਲਣਾ ਅਗੰਮੀ ਸੋਚ, ਕ੍ਰਾਂਤੀਕਾਰੀ ਦਾਰਸ਼ਨਿਕ ਸਿਧਾਂਤ ਤ੍ਰੈ ਕਾਲੀ ਦ੍ਰਿਸ਼ਟੀ ਅਤੇ ਬੇਮਿਸਾਲ ਕੁਰਬਾਨੀਆਂ ਵਿੱਚੋਂ ਹੋਈ ਹੈ। ਇਸ ਤਰ੍ਹਾਂ ਖਾਲਸੇ ਦੀ ਉਤਪਤੀ ਵਿਚ ਬਹੁਤ ਵਿਸ਼ਾਲ ਪੱਧਰ ਤੇ ਸੰਸਾਰਿਕ ਅਤੇ ਆਤਮਿਕ ਯਤਨ ਲੱਗੇ ਹੋਏ ਹਨ। ਕਿਸੇ ਵੀ ਵਕਤੀ ਜਥੇਬੰਦੀ ਨੂੰ ਕਾਇਮ ਕਰਨ ਲਈ ਏਨਾਂ ਲੰਮਾ ਚੌੜਾ ਪਿਛੋਕੜ, ਇਤਿਹਾਸ ਅਤੇ ਪਰੰਪਰਾਵਾਂ ਕਾਇਮ ਕਰਨ ਦੀ ਲੋੜ ਨਹੀਂ ਹੁੰਦੀ। ਖਾਲਸਾ ਮਨੁੱਖਤਾ ਦੀ ਸਰਬ ਸਮੇਂ ਲਈ ਅਤੇ ਸਰਬ ਸਥਾਨ ਲਈ ਕੀਮਤੀ ਵਿਰਾਸਤ ਹੈ। ਮਨੁੱਖ ਦੀਆਂ ਬਣਾਈਆਂ ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਵਕਤੀ ਹੋ ਸਕਦੀਆਂ ਹਨ ਪਰ ਖਾਲਸਾ ਅਕਾਲ ਪੁਰਖ ਦੀ ਸਾਜਨਾ ਹੈ, ਇਹ ਵਕਤੀ ਨਹੀ ਹੋ ਸਕਦਾ ਕਿਉਂਕਿ ਅਕਾਲ ਪੁਰਖ ਆਪ ਕਾਲ ਤੋ ਰਹਿਤ ਹੈ ਤੇ ਉਸ ਦੀ ਰਚਨਾ ਵੀ ਸਦੀਵ ਕਾਲ ਲਈ ਹੁੰਦੀ ਹੈ। ਜੋ ਲੋਕ ਇਸ ਨੂੰ ਵਕਤੀ ਜ਼ਰੂਰਤ ਦੀ ਚੀਜ਼ ਦੱਸ ਕੇ ਇਸ ਦੀ ਵੱਖਰੀ ਪਛਾਣ ਨੂੰ ਬੇਲੋੜੀ ਆਖ ਰਹੇ ਹਨ, ਉਨ੍ਹਾਂ ਦੀ ਇਹ ਬਹੁਤ ਵੱਡੀ ਭੁੱਲ ਹੈ। ਉਨ੍ਹਾਂ ਦੀ ਇਹ ਸੋਚ ਅਗਿਆਨਤਾ ਜਾਂ ਈਰਖਾ ਦੀ ਉਪਜ ਹੈ। ਅੱਜ ਲੋੜ ਹੈ ਪੰਥਕ ਸੰਸਥਾਵਾਂ, ਸਿੱਖ ਸੰਪਰਦਾਵਾਂ, ਸਭਾ ਸੁਸਾਇਟੀਆਂ, ਸਿਆਸੀ ਅਤੇ ਧਾਰਮਿਕ ਆਗੂਆਂ ਨੂੰ ਇੱਕ ਜੁੱਟ ਹੋ ਕੇ ਹੰਭਲਾ ਮਾਰਨ ਦੀ ਤਾਂ ਜੋ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਭਾਲ ਸਕੀਏ ਅਤੇ ਆਪਣੀਆਂ ਮਹਾਨ ਪਰੰਪਰਾਵਾਂ ਅਨੁਸਾਰ ਸਿੱਖੀ ਸਰੂਪ ਅਤੇ ਚੰਗੇ ਕਿਰਦਾਰ ਵਾਲੇ ਬਣਾ ਸਕੀਏ।